ਅਮ੍ਰਿਤਸਰ ਦੀ ਧਰਤੀ ਉਤੇ ਜੁੜੀ ਪੰਥਕ ਅਸੈਂਬਲੀ ਸਿਖ ਪੰਥ ਨੂੰ ਸਹੀ ਧਾਰਮਿਕ ਸਮਾਜੀ ਤੇ ਰਾਜਨੀਤਕ ਦਿਸ਼ਾ ਵੱਲ ਤੋਰਨ ਲਈ ਪੁਟਿਆ ਗਿਆ ਪਹਿਲਾ ਕਦਮ ਹੈ। ਸਿਖ ਮਸਲਿਆਂ ਬਾਰੇ ਹੋਈ ਦੋ ਦਿਨਾਂ ਦੀ ਗਹਿਰ ਗੰਭੀਰ ਚਰਚਾ ਨੇ ਇਹ ਆਸ ਪੈਦਾ ਕੀਤੀ ਹੈ ਕਿ ਆਪਣੇ ਉਤੇ ਚਾਰੇ ਪਾਸਿਓਂ ਹੋ ਰਹੇ ਹਮਲੇ ਦੇ ਬਾਵਜੂਦ ਅਨੇਕ ਸਿਖ ਬੁਧੀਜੀਵੀਆਂ ਦੇ ਮਨਾਂ ਵਿਚ ਅਜੇ ਵੀ ਪੰਥ ਦਾ ਦਰਦ ਮੌਜੂਦ ਹੈ ਅਤੇ ਜੇ ਇਸ ਨੂੰ ਠੀਕ ਜਥੇਬੰਦਕ ਦਿਸ਼ਾ ਦਿਤੀ ਜਾਵੇ ਤਾਂ ਛੇਤੀ ਹੀ ਸਿਖ ਪੰਥ ਨੂੰ ਮੁੜ ਤੋਂ ਆਪਣੇ ਪੈਰਾ ਭਾਰ ਖੜਾ ਕੀਤਾ ਜਾ ਸਕਦਾ ਹੈ। ਹਰੇਕ ਸਿਖ ਚਿੰਤਕ ਤੇ ਪ੍ਰਚਾਰਕ ਆਪਣੇ-ਆਪ ਵਿਚ ਇਕ ਸੰਸਥਾ ਹੈ ਅਤੇ ਜੇ 100 ਤੋਂ ਵਧੇਰੇ ਇਹ ਸੰਸਥਾਂਵਾ ਇਕ ਲੜੀ ਵਿਚ ਪ੍ਰੋਤੀਆ ਜਾਣ ਤਾਂ ਇਹ ਸਚੀਮੁਚੀ ਦਾ ਸਮਾਜੀ ਤੇ ਰਾਜਸੀ ਇਨਕਲਾਬ ਕਰ ਸਕਦੀਆ ਹਨ। ਇਹ ਆਸ ਪੈਦਾ ਹੋਣ ਦਾ ਕਾਰਨ ਪੰਥਕ ਅਸੈਂਬਲੀ ਵਿਚ ਹਾਜਰ ਸਿਖ ਵਿਦਵਾਨਾਂ ਦੇ ਪਧਰ ਤੇ ਉਨ੍ਹਾਂ ਦੀ ਪੰਥ ਪ੍ਰਤੀ ਸੁਹਿਰਦਤਾ ਨੂੰ ਵੇਖ ਕੇ ਬਝਦੀ ਹੈ।
ਪ੍ਰੋ ਗੁਰਮੁਖ ਸਿੰਘ, ਗਿਆਨੀ ਦਿਤ ਸਿੰਘ, ਪ੍ਰੋ. ਪੂਰਨ ਸਿੰਘ ਤੇ ਸਿਰਦਾਰ ਕਪੂਰ ਸਿੰਘ ਵਰਗੇ ਸਿਖ ਵਿਦਵਾਨਾਂ ਵਲੋਂ ਗੁਰਮਤਿ ਦੀ ਕੀਤੀ ਗਈ ਫਲਸਫਈ ਤੇ ਰਾਜਸੀ ਵਿਆਖਿਆ ਦੇ ਵਾਰਿਸ ਇਹ ਸਿਖ ਚਿੰਤਕ ਆਪਣੇ ਮਨਾਂ ਵਿਚ ਪੰਥ ਦਾ ਦਰਦ ਲੈ ਕੇ ਇਸ ਅਸੈਂਬਲੀ ਵਿਚ ਇਕੱਠੇ ਹੋਏ ਸਨ। ਇਸ ਲਈ ਪੰਥਕ ਅਸੈਂਬਲੀ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਹੋ ਰਹੀ ਬੇਅਦਬੀ ਦੇ ਮਸਲੇ ਨੂੰ ਵੀ ਪੂਰੀ ਗੰਭੀਰਤਾ ਨਾਲ ਵਿਚਾਰਿਆ ਗਿਆ। ਭਾਈ ਪੰਥ ਪ੍ਰੀਤ ਸਿੰਘ ਨੇ ਗੁਰਮਤਿ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਸਪਸ਼ਟ ਕੀਤਾ ਕਿ ਸਿਖ ਪੰਥ ਵਿਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਕਰਨਾ ਤੇ ਇਥੋਂ ਤਕ ਕਿ ਕਿਸੇ ਇਕ ਥਾਂ ਗੁਰੂ ਗ੍ਰੰਥ ਸਾਹਿਬ ਦੀਆਂ ਇਕ ਤੋਂ ਵਧ ਬੀੜਾਂ ਦਾ ਪ੍ਰਕਾਸ਼ ਕਰਕੇ ‘ਅਖੰਡ’ ਪਾਠ ਕਰਕੇ ਵੇਚਣੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਥ ਵਿਚ ਗੁਰੂ ਗ੍ਰੰਥ, ਗੁਰੂ ਪੰਥ ਭਾਵ ਸਿਖ ਸੰਗਤ ਤੇ ਸਿਖ ਸੰਗਤ ਦੇ ਬੁਲਾਰੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਿਨਾਂ ਕਿਸੇ ਹੋਰ ਤੀਜੀ ਧਿਰ ਦੀ ਕੋਈ ਹੋਂਦ ਨਹੀਂ ਅਤੇ ਜਿਹੜਾ ਵੀ ਕੋਈ ਜਾਤਪਾਤ ਨੂੰ ਮਾਨਤਾ ਦੇਂਦਾ ਉਹ ਮਨੂਵਾਦ ਦਾ ਪੈਰੋਕਾਰ ਤਾਂ ਹੋ ਸਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿਖ ਨਹੀਂ।
ਦਰਅਸਲ ਸਿੰਘ ਸਭਾ ਲਹਿਰ ਦੀ ਨਵੀਂ ਸ਼ੁਰੂਆਤ ਦਾ ਇਹੀ ਆਧਾਰ ਹੈ। ਪਹਿਲੀ ਸਿੰਘ ਸਭਾ ਲਹਿਰ ਵੇਲੇ ਸਿਖ ਪੰਥ ਅਜੇ ਬ੍ਰਾਹਮਣੀ ਕਰਮਕਾਂਡ ਤੇ ਗੁਰਮਤਿ ਦੀ ਬ੍ਰਾਹਮਣੀ ਵਿਆਖਿਆ ਦੇ ਘੇਰੇ ਵਿਚੋਂ ਬਾਹਰ ਨਿਕਲਣ ਦੇ ਯਤਨ ਕਰ ਰਿਹਾ ਸੀ ਪਰ ਅਜੋਕੇ ਦੌਰ ਵਿਚ ਸਾਮੂਹਿਕ ਤੌਰ ਉਤੇ ਸਿਖ ਪੰਥ ਦਾ ਚੇਤਨਾ ਪਧਰ ਕਿਤੇ ਉਚਾ ਹੈ। ਨਾ ਸਿਰਫ ਉਹ ਗੁਰਮਤਿ ਦੀ ਬ੍ਰਾਹਮਣੀ ਵਿਆਖਿਆ ਦੇ ਘੇਰੇ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਸਗੋਂਂ ਉਹ ਗੁਰਮਤਿ ਫਿਲਾਸਫੀ ਦੀ ਸਰਬ-ਸੰਸਾਰੀ ਵਿਆਖਿਆ ਕਰਨ ਤੇ ਇਸ ਅਨੁਸਾਰੀ ਸਿਰਜੀਆ ਜਾਣ ਵਾਲੀਆ ਸੰਸਥਾਵਾਂ ਦੇ ਨਕਸ਼ ਘੜਣ ਦੇ ਯਤਨ ਵੀ ਕਰ ਰਿਹਾ ਹੈ। ਇਸ ਲਈ ਅਜੋਕੇ ਦੌਰ ਵਿਚ ਸਿਖ ਚਿੰਤਕਾਂ ਨੂੰ ਆਪਣੇ ਸਿੰਘ-ਸਭਾਈ ਕਾਰਜ ਨੂੰ ਨਵੇਂ ਪ੍ਰਸੰਗ ਵਿਚ ਵੇਖਣ ਦੀ ਲੋੜ ਹੈ।
ਪੰਥਕ ਅਸੈਂਬਲੀ ਵਿਚ ਇਸ ਬਾਰੇ ਪੂਰਨ ਸਹਿਮਤੀ ਸੀ ਕਿ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਪਹਿਲਾ 16 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਅਤੇ ਇਸ ਤੋਂ ਬਾਅਦ 14 ਦਸੰਬਰ 1920 ਨੂੰ ਸਿਖ ਪੰਥ ਦੇ ਰਾਜਸੀ ਹਿਤਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ, ਜਿਸਦਾ ਨਿਸ਼ਾਨਾ ‘ਇਕ ਅਜਿਹਾ ਦੇਸ ਕਾਲ ਘੜਣਾ ਸੀ ਜਿਥੇ ਪੰਥਕ ਜਜਬਾ ਪ੍ਰਫੁਲਤ ਹੋਵੇ ਅਤੇ ਖਾਲਸਾਈ ਬੋਲਬਾਲੇ ਹੋਣ’। ਪਰ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਉਤੇ ਕਬਜਾ ਕਰਕੇ ਤੇ ਪੰਜਾਬ ਦਾ ਮੁਖ ਮੰਤਰੀ ਬਣ ਕੇ, ਬਹੁਤ ਹੀ ਮਕਾਰ ਭਰੇ ਢੰਗਾਂ ਨਾਲ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੰਸਥਾਵਾਂ ਨੂੰ ਆਪਣੇ ਪਰਿਵਾਰਕ ਹਿਤਾਂ ਦੇ ਅਧੀਨ ਕਰ ਲਿਆ। ਉਸਨੇ ਸਿਖ ਪੰਥ ਦੇ ਹਿਤਾਂ ਦਾ ਘਾਣ ਕਰਕੇ ਨਾ ਸਿਰਫ ਪੰਥਕ ਜਜਬਿਆਂ ਨਾਲ ਖਿਲਵਾੜ ਕੀਤਾ, ਸਗੋਂ ਬਰਗਾੜੀ ਅਤੇ ਬਹਿਬਲ ਕਲਾਂ ਵਿਚ ਜਾਪ ਕਰਦੀਆਂ ਸ਼ਾਂਤਮਈ ਸੰਗਤਾਂ ਉਤੇ ਲਾਠੀ ਚਾਰਜ ਕਰਕੇ ਤੇ ਗੋਲੀ ਚਲਾਉਣ ਦਾ ਹੁਕਮ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਹੀ ਕਲੰਕਿਤ ਕਰ ਦਿਤਾ ਹੈ।
ਬੇਸ਼ਕ ਇਥੇ ਧਿਆਨ ਦੇਣ ਵਾਲਾ ਨੁਕਤਾ ਇਹ ਹੈ ਕਿ ਬਾਦਲਕੇ ਕੋਈ ਵਿਅਕਤੀ ਨਹੀਂ ਬਲਕਿ ਇਕ ਸੋਚ ਹੈ, ਜਿਹੜੀ ਪੰਥਕ ਤੇ ਸਮਾਜੀ ਹਿਤਾਂ ਨੂੰ ਤਿਲਾਂਜਲੀ ਦੇ ਕੇ ਆਪਣੇ ਸਵਾਰਥੀ ਹਿਤਾਂ ਦੀ ਪੂਰਤੀ ਕਰਦੀ ਹੈ। ਨਿਜ ਤਕ ਸੀਮਤ ਇਸ ਸੋਚ ਨੇ ਸਿਖਾਂ ਸਮੇਤ ਪੰਜਾਬੀ ਸਮਾਜ ਦੇ ਇਕ ਵਡੇ ਹਿਸੇ ਨੂੰ ਮਾਨਸਿਕ ਤੌਰ ਉਤੇ ਭ੍ਰਿਸ਼ਟ ਕੀਤਾ ਹੈ। ਸਾਮੂਹਿਕ ਹਿਤਾਂ ਦੀ ਥਾਂ ਨਿਜੀ ਹਿਤਾਂ ਨੂੰ ਪਹਿਲ ਦੇਣ ਵਾਲੀ ਇਸ ਸੋਚ ਨੂੰ ਵਡੀ ਪਧਰ ਉਤੇ ਬਦਲੇ ਬਿਨਾਂ ਬਾਦਲਕਿਆਂ ਨੂੰ ਪੰਥਕ ਸਫਾਂ ਵਿਚੋਂ ਨਹੀਂ ਨਿਖੇੜਿਆ ਨਹੀਂ ਜਾ ਸਕਦਾ। ਨਿਜ ਤਕ ਸੀਮਤ ਇਸ ਸੁਆਰਥੀ ਸੋਚ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਜੇ ਪੰਜਾਬ ਦੀ ਕਿਸਾਨੀ ਖੁਦਕੁਸ਼ੀਆਂ ਕਰ ਰਹੀ, ਜਵਾਨੀ ਨਸ਼ੇੜੀ ਬਣ ਰਹੀ ਹੈ, ਬਹੁਗਿਣਤੀ ਲੋਕ ਪ੍ਰਦੇਸਾਂ ਵਿਚ ਜਾ ਕੇ ਧਕੇ ਖਾਣ ਦੀ ਇਛਾ ਰਖਦੇ ਹਨ, ਤਾਂ ਇਸ ਦੀ ਜ਼ਿੰਮੇਵਾਰ ਇਹੀ ਸੋਚ ਹੈ। ਇਸ ਸੋਚ ਨਾਲ ਗ੍ਰਸਤ ਲੋਕਾਂ ਨੇ ਭਾਵੇਂ ਆਪਣੇ ਲਈ  ਕਰੋੜਾਂ ਅਰਬਾਂ ਰੁਪਏ ਇਕਠੇ ਕਰ ਲਏ ਹਨ, ਪਰ ਇਸ ਸੋਚ ਨੇ ਪੰਜਾਬ ਦੇ ਹਿਤਾਂ ਨੂੰ ਸਾਮਰਾਜੀ ਕੇਂਦਰ ਸਰਕਾਰ ਕੋਲ ਵੇਚ ਕੇ ਸਮੂਹ ਪੰਜਾਬੀ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਅਜੋਕੇ ਪੰਜਾਬ ਦਾ ਹਵਾ ਪਾਣੀ ਧਰਤੀ ਜ਼ਹਿਰੀ ਹੈ ਤਾਂ ਇਸ ਦਾ ਕਾਰਨ ਇਹੀ ਨਿਜ ਤਕ ਸੀਮਤ ਸੋਚ ਹੈ।
ਯਕੀਨਨ ਗੁਰਮਤਿ ਦਾ ਗਿਆਨ ਇਸ ਨਕਾਰੀ ਸੋਚ ਵਿਰੁਧ ਜੰਗ ਦਾ ਇਕ ਐਲਾਨਨਾਮਾ ਹੈ। ਇਸੇ ਕਰਕੇ ਕੇਂਦਰ ਸਰਕਾਰ ਤੇ ਪੰਜਾਬ ਵਿਚਲੇ ਉਸਦੇ ਭਾਈਵਾਲ ਗੁਰਮਤਿ ਗਿਆਨ ਦੇ ਪ੍ਰਚਾਰ ਤੋਂ ਡਰਦੇ ਹਨ ਅਤੇ ਇਸਦੇ ਵਿਰੋਧੀ ਕਰਮਕਾਂਡ ਅਤੇ ਡੇਰਾਵਾਦ ਨੂੰ ਸ਼ਹਿ ਅਤੇ ਪੈਸਾ ਦੇਂਦੇ ਹਨ। ਗੁਰਮਤਿ ਮਨੁਖੀ ਮਨ ਨੂੰ ਅੰਦਰੂਨੀ ਤੌਰ ਉਤੇ ਇਕ ਸਵੈਜਾਬਤੇ ਵਿਚ ਬੰਨ੍ਹਦਾ ਹੈ ਅਤੇ ਬਾਹਰੀ ਤੌਰ ਉਤੇ ਇਕ ਸਮਾਜੀ ਸਦਾਚਾਰ ਦੀ ਪਾਲਣਾ ਕਰਨ ਦੀ ਪ੍ਰੇਰਨਾ ਕਰਦਾ ਹੈ। ਪਰ ਬਾਦਲਕਿਆ ਵਰਗੀ ਮਕਾਰ-ਨਕਾਰੀ ਤੇ ਸੁਆਰਥੀ ਸੋਚ ਨੇ ਇਹ ਦੋਵੇਂ ਜਾਬਤੇ ਤੋੜ ਦਿਤੇ ਹਨ। ਸਿਖ ਕਿਰਦਾਰ ਇਸ ਯਕੀਨ ਉਤੇ ਉਸਰਦਾ ਹੈ ਕਿ ਜਿਥੇ ਗਰੀਬ, ਦੀਨ, ਦੁਖੀ, ਮਜ਼ਲੂਮ ਲੋਕਾਂ ਦੇ ਹਿਤਾਂ ਦੀ ਰਾਖੀ ਹੁੰਦੀ ਹੋਵੇ ਉਥੇ ਅਕਾਲ ਪੁਰਖ ਆਪ ਬਹੁੜੀ ਕਰਦਾ ਹੈ। ਗਰੀਬ ਅਤੇ ਮਜਲੂਮ ਦੇ ਹਿਤਾਂ ਦੀ ਰਾਖੀ ਕਰਨੀ ਗੁਰਮਤਿ ਦੀ ਆਧਾਰਸ਼ਿਲਾ ਹੈ। ਅਜੋਕੇ ਸਮਿਆਂ ਵਿਚ ਗੁਰਮਤਿ ਦੀ ਇਸ ਸੋਚ ਨੂੰ ਵਡੀ ਪਧਰ ਉਤੇ ਪ੍ਰਚਾਰਨ ਦੀ ਲੋੜ ਹੈ, ਤਾਂ ਕਿ ਸਿਖ ਪੰਥ ਵਿਚ ਉਚੇ ਅਤੇ ਸੁਚੇ ਕਿਰਦਾਰ ਵਾਲੀ ਸਿਆਣੀ ਲੀਡਰਸ਼ਿਪ ਪੈਦਾ ਹੋ ਸਕੇ।
ਬੇਸ਼ਕ ਪੰਜਾਬ ਦੇ ਅਜੋਕੇ ਦੁਖਾਂਤ ਦੀਆਂ ਜੜ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਆਈ ਸਾਮਰਾਜੀ ਗੁਲਾਮੀ ਵਿਚ ਪਈਆ ਹਨ। ਖਾਲਸਾਈ ਪੈਮਾਨਿਆਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਵਾਂਗ ਇਕ ਆਦਰਸ਼ ਰਾਜ ਨਹੀਂ ਸੀ, ਪਰ ਉਹ ਸਮੂਹ ਪੰਜਾਬੀਆਂ ਦੇ ਸਾਂਝੇ ਯਤਨਾਂ ਦੇ ਸਿਟੇ ਵਜੋਂ ਹੋਂਦ ਵਿਚ ਆਇਆ ਸੀ। ਮੁਸਲਮਾਨ ਪੰਜਾਬੀ ਕਵੀ ਸ਼ਾਹ ਮੁਹੰਮਦ ਦੇ ਕਥਨ ਅਨੁਸਾਰ ਮੇਵਾ ਸਿੰਘ ਤੇ ਮਾਖੇ ਖਾਂ ਨੇ ਰਲ ਕੇ ਇਸ ਰਾਜ ਨੂੰ ਬਚਾਉਣ ਲਈ ਅੰਗਰੇਜ ਸਾਮਰਾਜੀਆਂ ਨਾਲ ਜਾਨ ਹੂਲਵੀਂ ਲੜਾਈ ਲੜੀ ਸੀ। ਮੁਲਤਾਨ ਦੇ ਦਿਵਾਨ ਮੂਲ ਰਾਜ ਤੇ ਸਿਖ ਫੌਜਾਂ ਅੰਤਿਮ ਦਮ ਤਕ ਸਾਮਰਾਜੀਆਂ ਨਾਲ ਲੜਦੀਆ ਰਹੀਆ। ਪਰ ਜਿਵੇਂ ਕਿ ਸ਼ਾਹ ਮੁਹੰਮਦ ਲਿਖਦਾ ਹੈ ਕਿ ਇਕ ਸਰਕਾਰ ਬਾਝੋਂ ਫੌਜਾਂ ਜਿਤ ਕੇ ਅੰਤ ਨੂੰ ਹਾਰ ਗਈਆ। ਡੋਗਰਿਆਂ ਦੀ ਗਦਾਰੀ ਕਾਰਨ ਕੇਸਰੀ ਨਿਸ਼ਾਨ ਸਾਹਿਬ ਦੀ ਥਾਂ ਸਾਮਰਾਜੀ ਯੂਨੀਅਨ ਜੈਕ ਝੁਲਣ ਲਗਾ।
ਅੰਗਰੇਜ ਸਾਮਰਾਜ ਦੀ ਸੌ ਸਾਲ ਦੀ ਗੁਲਾਮੀ ਨੇ ਜਿਥੇ ਸਿਖਾਂ ਦੇ ਮਨੋਬਲ ਨੂੰ ਡੇਗਿਆ, ਧਰਮਾਂ ਦੇ ਆਧਾਰ ਉਤੇ ਵੰਡੀਆ ਪਾ ਕੇ ਪੰਜਾਬੀ ਭਾਈਚਾਰੇ ਨੂੰ ਤੋੜਿਆ (ਜਿਸਦਾ ਖਮਿਆਜਾ 1947 ਦੀ ਵੰਡ ਵੇਲੇ ਸਮੂਹ ਪੰਜਾਬੀਆ ਨੂੰ ਭੁਗਤਣਾ ਪਿਆ), ਪੰਜਾਬ ਦੇ ਕੁਦਰਤੀ ਤੌਰ ਉਤੇ ਵਿਕਸਿਤ ਹੋਏ ਸਮਾਜੀ ਅਤੇ ਆਰਥਿਕ ਪ੍ਰਬੰਧ ਨੂੰ ਤਹਿਸ-ਨਹਿਸ ਕੀਤਾ, ਉਥੇ ਮੁਨਾਫੇ ਦੀ ਹਵਸ ਅਧੀਨ ਹੋਂਦ ਵਿਚ ਆਈ ਪੂੰਜੀਵਾਦੀ ਬੇਲੋੜੀ ਖਪਤਕਾਰੀ ਦੀ ਮਾਨਸਿਕ ਗੁਲਾਮ ਨੌਕਰਸ਼ਾਹੀ ਨੂੰ ਪੰਜਾਬ ਅਤੇ ਦੇਸ ਦੇ ਲੋਕਾਂ ਦੇ ਸਿਰ ਉਤੇ ਹਮੇਸ਼ਾਂ ਲਈ ਮੜ੍ਹ ਦਿਤਾ। ਸਾਮਰਾਜੀ ਰਾਜ ਅਧੀਨ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਬੇਅਦਬੀ ਉਦੋਂ ਹੋਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰੇ ਬ੍ਰਾਹਮਣੀ ਕਰਮਕਾਂਡ ਦੇ ਧਾਰਨੀ ਮਹੰਤਾਂ ਦੇ ਕਬਜੇ ਵਿਚ ਚਲੇ ਗਏ।
ਇਸਦੇ ਵਿਰੋਧ ਵਿਚ ਸਿੰਘ ਸਭਾ ਲਹਿਰ ਹੋਂਦ ਵਿਚ ਆਈ। ਜਿਸਨੇ ਸਿਖਾਂ ਵਿਚ ਪੰਥਕ ਚੇਤਨਾ ਜਗਾਈ। ਜਿਸਦੇ ਸਿਟੇ ਵਜੋਂ ਮਹੰਤਾਂ ਦੇ ਕਬਜੇ ਵਿਚੋ ਗੁਰਦੁਆਰਿਆਂ ਨੂੰ ਛੁਡਵਾਉਣ ਦੀ ਮੁਹਿੰਮ ਵਿਢੀ ਗਈ। ਆਪਣੇ ਗੁਰਦੁਆਰੇ ਆਜਾਦ ਕਰਵਾਉਣ ਲਈ ਸਿਖਾਂ ਨੂੰ ਬੇਬਹਾ ਕੁਰਬਾਨੀਆਂ ਦੇਣੀਆ ਪਈਆ। ਸਿਖਾਂ ਦੇ ਧਾਰਮਿਕ ਹਿਤ ਬਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿਖਾਂ ਦੇ ਰਾਜਸੀ ਹਿਤਾਂ ਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ। ਪਰ ਪਿਉ-ਪੁਤਰ ਦੀ ਅਗਵਾਈ ਹੇਠ ਬਾਦਲਕਿਆਂ ਨੇ ਭਾਰੀ ਕੀਮਤ ਤਾਰ ਕੇ ਪ੍ਰਾਪਤ ਕੀਤੀਆ ਇਨ੍ਹਾਂ ਦੋਹਾਂ ਸੰਸਥਾਵਾਂ ਨੂੰ ਚੰਦ ਛਿਲੜਾਂ ਬਦਲੇ ਬ੍ਰਾਹਮਣੀ ਕੇਂਦਰ ਸਰਕਾਰ ਕੋਲ ਵੇਚ ਦਿਤਾ ਹੈ। ਪੰਥਕ ਅਸੈਂਬਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਜਾਦ ਹੋਂਦ ਕਾਇਮ ਕਰਨ ਦੇ ਨਾਲ ਹੀ ਇਨ੍ਹਾਂ ਦੋਹਾਂ ਸੰਸਥਾਵਾਂ ਨੂੰ ਕੇਂਦਰ ਸਰਕਾਰ ਦੀ ਗੁਲਾਮੀ ਵਿਚੋਂ ਆਜਾਦ ਕਰਵਾਉਣ ਦਾ ਹੋਕਾ ਦਿਤਾ ਹੈ।


ਲੰਬੀ ਤੋਂ ਲੰਬੀ ਤਕ ਦਾ ਸਫ਼ਰ

ਉਹ ਜਿਹੜਾ ਵੀ ਹੈ
ਇਕ ਅਜਿਹਾ ਨਗੌਰੀ ਢਟਾ ਹੈ।
ਜਿਸ ਨੂੰ ਲੋਕਾਂ ਦੀਆਂ ਹਰੀਆਂ ਪੈਲੀਆਂ ਵਿਚ
ਦੂਰ ਤਕ ਬੇਖੌਫ ਚਰਨ ਦਾ ਦੇ ਕੇ ਲਸੰਸ
ਛਡ ਰਖਿਆ ਹੈ ਹਿੰਦੂਵਾਦ ਨੇ ਕਰਕੇ ਖਸੀ।
ਇਸ ਲਈ ਉਹ ਹੁਣ ਮਾਰ ਨਹੀਂ ਸਕਦਾ ਬੜ੍ਹਕ।
ਸਿਰਫ ਮੋਕ ਹੀ ਮਾਰ ਸਕਦਾ ਹੈ
ਅਤੇ ਆਪਣੀ ਲਿਬੜੀ ਪੂਛ ਹੇਠ
ਸੁਰਖਿਅਤ ਲੈ ਕੇ ਆਪਣਾ ਘਰ-ਪਰਿਵਾਰ
ਦੇਸ ਜਾਂ ਸੂਬੇ ਦੀ ਰਾਜਧਾਨੀ ਵਿਚ
ਕਰ ਸਕਦਾ ਹੈ ਆਪਣਾ ਕਿਆਮ।
ਉਹ ਰੰਗਿਆ ਹੋਇਆ ਨੀਲਾ ਗਿਦੜ ਹੈ
ਜਿਸ ਨੂੰ ਆਪਣਿਆਂ ਦੇ ਰੰਗ ਦੇ
ਨਹੀਂ ਫਿਟ ਜਾਣ ਦਾ ਫਿਕਰ।
ਫਿਕਰ ਹੈ ਤਾਂ ਸਿਰਫ ਭਗਵੇਂ
ਦੀ ਸਲਾਮਤੀ ਦਾ।
ਇਸ ਲਈ ਉਸ ਨੂੰ
ਯਾਦ ਨਾ ਕਰਾਉ ਕੀਤੇ ਹੋਏ ਵਾਅਦੇ
ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ।
ਇਹ ਵੀ ਨਾ ਜਤਾਓ
ਕਿ ਸਾਡੇ ਨਜਾਇਜ਼ ਮਰ-ਮੁਕ ਗਏ ਪੁਤਰਾਂ ਦੇ
ਸ਼ਾਂਤ ਦਿਸਦੇ ਸਿਵਿਆਂ ਦੀ ਭੁਬਲ
ਸਾਡੇ ਮਨਾਂ ਵਿਚ ਰਹੀ ਹੈ ਸੁਲਗ।
ਕਿਉਂਕਿ!
ਖਸੀ ਕੀਤੇ ਹੋਏ ਪਤਾਲੂਆਂ ਵਿਚ
ਕਦੋਂ ਬਚੀ ਰਹਿੰਦੀ ਹੈ ਮਰਦਾਨਗੀ?
ਨਾਲੇ ਉਸ ਦੇ ਕਿਹੜਾ ਪੁਤ ਨਹੀਂ?
ਵਿਚਾਰਾਂ ਸਾਡਿਆਂ ਨੂੰ ਰੋਵੇ
ਜਾਂ ਆਪਣਿਆਂ ਨੂੰ!
ਉਸ ਨੂੰ
ਚਿਟੀ ਟੋਪੀ ਵਾਲਿਆਂ ਦੇ ਕਤੇ
ਕਾਲੇ ਸੂਤ ਉਤੇ ਵੀ ਨਹੀਂ ਗਿਲਾ।
ਦੁਖ ਹੈ ਤਾਂ ਸਿਰਫ ਇਸ ਗਲ ਦਾ
ਕਿ ਉਹਨਾਂ ਨੇ ਉਸ ਦੀ
‘ਗਦੀ ਕਾ ਮਜ਼ਾ ਲੇਨੇ ਕੀ
ਪੂਰੇ ਪਾਂਚ ਵਰਸ਼ੀਯ ਯੋਜਨਾ’
ਕਦੇ ਚੜਨ ਨਹੀਂ ਦਿਤੀ ਸੀ ਨੇਪਰੇ।
ਉਸ ਨੂੰ ਹੁਣ ਆਵਾਜ਼ ਵੀ ਨਾ ਮਾਰੋ।
ਕਿਉਂਕਿ ਅਜ ਕਲ ਉਹ
ਘਿਰਿਆ ਰਹਿੰਦਾ ਹੈ ਆਪਣੇ ਜਮੂਰਿਆਂ
ਅਤੇ ਮਸਖਰਿਆਂ ਦੀ ਭੀੜ ਵਿਚ।
ਹੁਣ ਉਹ ਪੈਹੇ ਨੂੰ ਨਹੀਂ
ਸਿਰਫ ਸੈਹੇ ਨੂੰ ਰੋਂਦਾ ਹੈ।
ਕਿਉਂਕਿ ਪੈਹਾ ਤਾਂ ਉਸ ਨੇ
ਬਹੁਤ ਦੇਰ ਤੋਂ ਲਿਆਂ ਹੈ ਤਲਾਸ਼,
ਜਿਹੜਾ
ਅਕਾਲ ਤਖਤ ਤੋਂ ਹਰਿਮੰਦਰ ਤਕ,
ਹਰਿਮੰਦਰ ਤੋਂ ਦੁਰਗਿਆਨਾ ਮੰਦਰ ਤਕ,
ਦੁਰਗਿਆਨਾ ਮੰਦਰ ਤੋਂ ਚੰਡੀਗੜ੍ਹ ਤਕ,
ਚੰਡੀਗੜ੍ਹ ਤੋਂ ਦਿਲੀ ਤਕ
ਅਤੇ ਦਿਲੀ ਤੋਂ ਲੰਬੀ ਬਲਾਕ ਦੇ
ਪਿੰਡ ਬਾਦਲ ਤਕ ਹੀ ਤੁਰਦਾ ਹੈ।
ਉਸ ਦੇ ਠਾਰੇ ਸਿੰਘ
ਹੁਣ ਦੁਸ਼ਮਣਾਂ ਨੂੰ ਨਹੀਂ ਕਰਦੇ ਧਰਾਸ਼ਾਈ
ਸਗੋਂ ਆਪਣਿਆਂ ਨੂੰ ਧਮਕਾਉਣ ਵਾਸਤੇ ਹਨ
ਕਿ ਉਹ
ਭਗਵੇਂ ਜੂਲੇ ਹੇਠ ਜੁਪੇ
ਤੁਰੇ ਜਾਣ ਚੁਪ ਚਾਪ
ਨਹੀਂ ਤਾਂ ਉਹ
ਵਿਖਾ ਦੇਣਗੇ ਕਈ ”……… ਸ਼ਹਿਰ”।

ਜਗਰੂਪ ਸਿੰਘ ਰੂਪ


 

Leave a Reply

Your email address will not be published. Required fields are marked *