ਪੰਜਾਬ ਵਿਚ ਕਮਿਊਨਿਸਟ ਲਹਿਰ 20ਵੀਂ ਸਦੀ ਦੇ ਆਰੰਭ ਵਿਚ ਆਈ। ਉਸ ਸਮੇਂ ਪੰਜਾਬ ਵਿਚ ਧਾਰਮਿਕ ਜਾਗ੍ਰਤੀ ਜ਼ੋਰਾਂ ਉਤੇ ਸੀ ਅਤੇ ਸਿਖ ਕੌਮ ਆਪਣੇ ਗੁਰਧਾਮਾਂ ਦੇ ਸਵੈ-ਪ੍ਰਬੰਧ ਲਈ ਜਥੇਬੰਦ ਹੋ ਰਹੀ ਸੀ। ਕਮਿਊਨਿਸਟ ਪਾਰਟੀ ਦਾ ਪਹਿਲਾ ਜਥੇਬੰਦਕ ਰੂਪ ਗਦਰ ਪਾਰਟੀ ਸੀ, ਜਿਸ ਵਿਚ ਪੰਜਾਬੀਆਂ ਦੀ ਬਹੁਤਾਤ ਸੀ ਅਤੇ ਇਨ੍ਹਾਂ ਵਿਚੋਂ ਬਹੁਤੇ ਗੁਰਸਿਖ ਅੰਮ੍ਰਿਤਧਾਰੀ ਸਨ। ਕਮਿਊਨਿਸਟ ਪਾਰਟੀ ਦੀ ਬਣਤਰ ਸਬੰਧੀ ਪਹਿਲੀ ਮੀਟਿੰਗ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਹੋਈ ਅਤੇ ਬਹੁਤ ਵਰ੍ਹਿਆਂ ਤਕ ਸਿਖ ਕਮਿਊਨਿਸਟ ਗੁਰਬਾਣੀ ਆਦਰਸ਼ਾਂ ਤੋਂ ਪ੍ਰੇਰਨਾ ਲੈਂਦੇ ਰਹੇ। ਆਰੰਭ ਵਿਚ ਪਾਰਟੀ ਦੇ ਬਹੁਤੇ ਵਰਕਰ ਵੀ ਪਿੰਡਾਂ ਦੇ ਅੰਮ੍ਰਿਤਧਾਰੀ ਤੇ ਪਕੇ ਨਿਤਨੇਮੀ ਨੌਜਵਾਨ/ਬਜੁਰਗ ਹੀ ਸਨ।
ਜਦੋਂ ਇਨਕਲਾਬ ਨੂੰ ਵਿਸਾਰ ਚੁਕੀ ਕਮਿਉਨਿਸਟ ਲੀਡਰਸ਼ਿਪ ਖਿਲਾਫ ਉਸ ਦੇ ਆਪਣੇ ਹੀ ਰਾਜ ਬੰਗਾਲ ਅੰਦਰ 1967 ਈਸਵੀ ਵਿਚ (ਨਕਸਲਬਾੜੀ ਦੇ ਨਾਂ ਹੇਠ) ਲੋਕ ਯੁਧ ਉਭਰਿਆ ਤਾਂ ਪੰਜਾਬ ਵਿਚ ਵੀ ਚਾਰ ਕੁ ਵਰ੍ਹੇ ਇਹ ਹਥਿਆਰਬੰਦ ਅੰਦੋਲਨ ਚਲਿਆ। ਇਸ ਲਹਿਰ ਵਿਚ ਪੰਜਾਬ ਦੇ 100 ਕੁ ਯੋਧੇ ਸ਼ਹੀਦ ਹੋਏ, ਜਿਨ੍ਹਾਂ ਵਿਚੋਂ ਬਹੁਤੇ ਸਿਖ ਸਨ। ਨਕਸਲਬਾੜੀ ਲਹਿਰ ਵਡੀ ਪਧਰ ਉਤੇ ਸਿਖ ਆਦਰਸ਼ਾਂ ਤੋਂ ਪ੍ਰੇਰਿਤ ਸੀ। ਨਕਸਲਬਾੜੀ ਲਹਿਰ ਦੇ ਪਰਚਿਆਂ ਦੇ ਨਾਂ ਵੀ ਜ਼ਫਰਨਾਮਾ, ਜੈਕਾਰਾ ਆਦਿ ਸਿਖ ਸ਼ਬਦਾਵਲੀ ਨਾਲ ਸਬੰਧਤ ਸਨ।
ਵਿਸਾਖੀ ਦਾ ਦਿਹਾੜਾ ਸਿਖ ਧਰਮ ਲਈ ਇਕ ਪਵਿਤਰ ਦਿਹਾੜਾ ਹੈ, ਇਸ ਦਿਨ ਦਸਮ ਗੁਰੂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਇਹ ਕੋਈ ਇਤਫਾਕ ਨਹੀਂ ਸੀ ਕਿ 1968 ਈਸਵੀ ਵਿਚ ਨਕਸਲਬਾੜੀ ਲਹਿਰ ਦਾ ਪਹਿਲਾ ਇਸ਼ਤਿਹਾਰ ਵਿਸਾਖੀ ਤੋਂ ਇਕ ਦਿਨ ਪਹਿਲਾਂ 12 ਅਪ੍ਰੈਲ ਨੂੰ ਹੀ ਪੂਰੇ ਪੰਜਾਬ ਵਿਚ ਕੰਧਾਂ ਉਤੇ ਚਿਪਕਾਇਆ ਗਿਆ ਸੀ। ਇਸ ਤੋਂ ਵੀ ਅਗੇ ਨਕਸਲਬਾੜੀ ਲਹਿਰ ਦਾ ਨਾਇਕ, ਮੋਢੀ ਜਾਂ ਆਗੂ ਸ. ਹਾਕਮ ਸਿੰਘ ਸਮਾਉਂ, ਇਕ ਖਾਨਦਾਨੀ ਸਿਖ ਘਰਾਣੇ ਨਾਲ ਸਬੰਧਤ ਸੀ। ਉਸ ਦਾ ਪਿਉ ਇਕ ਪਕਾ ਨਿਤਨੇਮੀ ਅੰਮ੍ਰਿਤਧਾਰੀ ਗੁਰਸਿਖ ਸੀ। ਉਹ ਆਪ ਖਾਲਸੇ ਦੇ ਪੰਜ ਕਕਾਰਾਂ ਵਿਚੋਂ ਇਕ ਕਛਹਿਰਾ ਪਹਿਨਦਾ ਸੀ। ਸ. ਹਾਕਮ ਸਿੰਘ ਸਮਾਉਂ ਤੋਂ ਬਿਨਾਂ ਹੋਰ ਵੀ ਕਈ ਉਘੇ ਨਕਸਲੀ ਆਗੂ ਜਿਵੇਂ ਬਾਬਾ ਬੂਝਾ ਸਿੰਘ, ਬਾਬਾ ਹਰੀ ਸਿੰਘ ਮਰਗਿੰਦ ਆਦਿ ਗੁਰਮਤਿ ਨੂੰ ਪ੍ਰਣਾਏ ਹੋਏ ਸਨ।
ਕਮਿਊਨਿਸਟ ਲਹਿਰ ਨੂੰ ਪਿਠ ਦੇ ਚੁਕੇ ਲੋਕਾਂ ਦਾ ਜਿਹੜਾ ਢਾਕੇ ਬੰਗਾਲ ਦਾ ਸਤਨਾਜਾ ਤਰਕਸ਼ੀਲਾਂ ਵਜੋਂ ਤਿਆਰ ਹੋਇਆ ਹੈ, ਉਨ੍ਹਾਂ ਬਾਬਤ ਸ. ਹਾਕਮ ਸਿੰਘ ਸਮਾਉਂ ਦੇ ਜਿਹੜੇ ਸ਼ੁਧ ਵਿਚਾਰ ਹਨ, ਉਹ ਸੁਣ ਕੇ ਇਨ੍ਹਾਂ ਨੂੰ ਡੁਬ ਮਰਨਾ ਚਾਹੀਂਦਾ ਹੈ। ਇਨਾਂ ਤਰਕਸ਼ੀਲਾਂ ਦਾ ਹੀ ਸਾਡੇ ਇਲਾਕੇ ਦਾ ਮੋਹਰੀ ਜੋ ਮਾਲਵਿੰਦਰ ਸਿੰਘ ਮਾਲੀ (ਸਕਰੌਦੀ) ਹੋਰਾਂ ਨੂੰ ਲਹਿਰ ਦੇ ਗਦਾਰ ਕਹਿ ਕੇ ਭੰਡਦਾ ਹੈ, ਹਰ ਵੇਲੇ ਦਾਅਵੇ ਬੰਨ੍ਹਦਾ ਹੈ ਕਿ ਮਾਰਕਸ ਰੂਸ ਵਿਚ ਰਹਿੰਦਾ ਰਿਹਾ ਹੈ, ਜਦੋਂ ਕਿ ਮਾਰਕਸ ਸਾਰੀ ਉਮਰ ਕਦੇ ਵੀ ਰੂਸ ਨਹੀਂ ਗਿਆ। ਇਹ ਹੈ ਅਜੋਕੇ ਕਮਿਊਨਿਸਟ ਸਰਬਰਾਹਾਂ ਦੀ ਅਕਲਮੰਦੀ, ਜਿਹਦੇ ਆਸਰੇ ਉਹ ਸਮਾਜਵਾਦੀ ਰਾਜ ਲਿਆਉਣ ਨੂੰ ਫਿਰਦੇ ਹਨ।
ਪਿਛਲੇ ਸਿਖ ਸੰਘਰਸ਼ ਵਿਚ ਵੀ ਜੁਝਾਰੂਆਂ ਦੀ ਇਕ ਪੁਰੀ ਦੀ ਪੂਰੀ ਪਾਲ ਨਕਸਲੀ ਪਿਛੋਕੜ ਵਿਚੋਂ ਆਈ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਈ ਸਾਥੀ ਭਾਈ ਨਛਤਰ ਸਿੰਘ ਰੋਡੇ, ਭਾਈ ਦਲਬੀਰ ਸਿੰਘ ਅਭਿਆਸੀ ਆਦਿ ਨਕਸਲੀ ਲਹਿਰ ਵਿਚ ਸਰਗਰਮ ਰਹੇ ਸਨ ਅਤੇ ਫਿਰ ਉਨ੍ਹਾਂ ਸਿਖ ਯੋਧਿਆਂ ਵਜੋਂ ਜੂਝਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਸ਼ਹੀਦੀ ਪਾਈ। ਇਸ ਤੋਂ ਇਲਾਵਾ ‘ਬਬਰ ਖਾਲਸਾ’ ਜਥੇਬੰਦੀ ਨੂੰ ਤਾਂ ਆਮ ਹੀ ਨਿੰਦਕਾਂ ਵਲੋਂ ‘ਨਿਰਾਸ਼ ਅਤੇ ਭਟਕੇ ਹੋਏ ਨਕਸਲੀਆਂ ਦਾ ਟੋਲਾ’ ਕਹਿ ਦਿਤਾ ਜਾਂਦਾ ਹੈ। ਬਬਰ ਖਾਲਸਾ ਦੇ ਮੋਹਰੀ ਆਗੂ ਸ਼ਹੀਦ ਭਾਈ ਸੁਖਦੇਵ ਸਿੰਘ ਬਬਰ, ਭਾਈ ਵਧਾਵਾ ਸਿੰਘ ਬਬਰ ਆਦਿ ਨਕਸਲੀ ਲਹਿਰ ਵਿਚ ਸਰਗਰਮ ਰਹੇ ਸਨ।
25 ਅਪ੍ਰੈਲ 1983 ਨੂੰ ਜਦੋਂ ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਨੂੰ ਕਤਲ ਕੀਤਾ ਗਿਆ ਸੀ ਤਾਂ ਅਗਲੇ ਦਿਨ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਦੀ ਕੰਧ ਉਤੇ ਅਟਵਾਲ ਵਲੋਂ ਕੋਹ ਕੋਹ ਕੇ ਸ਼ਹੀਦ ਕੀਤੇ ਗਏ ਜੁਝਾਰੂਆਂ ਦੇ ਬਚੇ-ਖੁਚੇ ਸਾਥੀਆਂ ਵਲੋਂ ਆਪਣਾ ਵਧਾਈ ਸੰਦੇਸ਼ ਲਾਲ-ਸੁਰਖ ਰੰਗ ਵਿਚ ਮੋਟੇ ਅਖਰਾਂ ਨਾਲ ਲਿਖ ਦਿਤਾ ਗਿਆ ਸੀ, ਜ਼ਾਲਮ ਅਟਵਾਲ ਨੂੰ ਸੋਧਣ ਵਾਲੇ ਸਿੰਘਾਂ ਨੂੰ ਲਾਲ ਸਲਾਮ, ਲਾਲ ਸਲਾਮ!
ਅਸਲ ਵਿਚ ਕਮਿਊਨਿਸਟ ਲਹਿਰ ਦਾ ਸਿਖ ਸਰੋਕਾਰਾਂ ਤੋਂ ਟੁਟਣ ਦਾ ਦੌਰ ਉਦੋਂ ਆਰੰਭ ਹੋਇਆ, ਜਦੋਂ ਸ. ਭਗਤ ਸਿੰਘ ਨੂੰ ਇਕ ਇਕ ਮਹਾਂਨਾਇਕ ਮੰਨ ਲਿਆ ਗਿਆ। ਸ. ਭਗਤ ਸਿੰਘ ‘ਦੇਸ ਭਗਤੀ’ ਨੂੰ ਪ੍ਰਣਾਏ ਹੋਏ ਸਿਖ ਘਰਾਣੇ ਦਾ ਰੋਸ਼ਨ ਦਿਮਾਗ ਚਿਰਾਗ ਸੀ। ਚੰਗੀ ਵਿਦਿਆ ਪ੍ਰਾਪਤ ਕਰਨ ਕਰਕੇ ਅਤੇ ਦੇਸ ਭੁਗਤੀ ਦੀ ਦਿੜ੍ਹ ਪ੍ਰਵਿਰਤੀ ਕਰਕੇ ਉਹ ਗੂੜ ਰਾਜਸੀ ਇਛਾਵਾਂ ਅਤੇ ਸੋਚਾਂ ਰਖਦਾ ਸੀ। ਉਹ ਇਕ ਅਗਾਂਹਵਧੂ ਸੋਚ ਵਾਲਾ ਤੇ ਉਸ ਸਮੇਂ ਦੀ ਵਿਸ਼ਵਾਸਵਾਦੀ, ਕਿਸਮਤਵਾਦੀ ਸਿਆਸਤ ਦੇ ਵਿਰੁਧ ਸੀ, ਪਰ ਉਹ ਨਾਸਤਿਕ ਜਾਂ ਸਿਖ ਵਿਰੋਧੀ ਵਿਚਾਰ ਨਹੀਂ ਸੀ ਰਖਦਾ। ਉਸ ਦੇ ਕੁਝ ਖਿਆਲਾਂ ਤੋਂ ਉਸ ਦੇ ਨਾਸਤਿਕ ਹੋਣ ਦਾ ਝਉਲਾ ਜ਼ਰੂਰ ਪੈਂਦਾ ਹ। ਪਰ ਉਹ ਸਿਖ ਸਰੋਕਾਰਾਂ ਤੋਂ ਟੁਟਾ ਬਿਲਕੁਲ ਹੋਇਆ ਨਹੀਂ ਸੀ। ਜਿਥੋਂ ਤਕ ਕੇਸ ਕਤਲ ਕਰਵਾਉਣ ਦੀ ਗਲ ਹੈ, ਉਹ ਉਸ ਨੇ ਆਪਣੇ ਬਚਾਓ ਲਈ ਕਟਾਏ ਸਨ, ਜਿਵੇਂ ਕਿ ਪਿਛਲੇ ਸਿਖ ਸੰਘਰਸ਼ ਵਿਚ ਵੀ ਕਈ ਉਘੇ ਜੁਝਾਰੂਆਂ ਨੇ ਇੰਜ ਕੀਤਾ ਸੀ। ਹਾਲਾਂਕਿ ਇਹ ਕੋਈ ਪ੍ਰਸੰਸਾਯੋਗ ਪ੍ਰਵਿਰਤੀ ਨਹੀਂ ਹੈ। ਫਾਂਸੀ ਚੜ੍ਹਨ ਸਮੇਂ ਉਸ ਦੇ ਛੇ-ਛੇ ਇੰਚ ਲੰਮੇ ਵਾਲ ਸਨ। ਉਹ ਆਪਣੇ ਸਕੇ-ਸਬੰਧੀਆਂ ਨੂੰ ਲਿਖੇ ਚਿਠੀ ਪਤਰ ੴ ਲਿਖ ਕੇ ਆਰੰਭ ਕਰਦਾ ਸੀ ਅਤੇ ਸਤਿ ਸ੍ਰੀ ਅਕਾਲ (ਸਿਖ ਜੈਕਾਰੇ) ਨਾਲ ਅੰਤ ਕਰਦਾ ਸੀ
ਇਹ ਗਲ ਵੀ ਸਪਸ਼ਟ ਹੋ ਚੁਕੀ ਹੈ ਕਿ ਉਹ ਇਕ ਜਥੇਬੰਦਕ ਰਾਜਸੀ ਸੋਚ ਰਖਦਾ ਸੀ ਅਤੇ ਉਹ ਏਨੀ ਜਲਦੀ ਖ਼ਤਮ ਨਹੀਂ ਹੋਣਾ ਚਾਹੁੰਦਾ ਸੀ। ਇਕ ਨਜ਼ਾਇਜ਼ ਕਤਲ ਉਸ ਦੇ ਗਲ ਪੈ ਗਿਆ ਤੇ ਉਸ ਨੂੰ ਫਾਂਸੀ ਚੜਨਾ ਪਿਆ। ਪਰ ਕਮਿਊਨਿਸਟਾਂ ਨੇ, ਜੋ ਮਾਰਕਸੀ ਫਲਸਫੇ ਨਾਲ ਸਬੰਧਤ ਨਹੀਂ ਸਨ, ਬ੍ਰਾਹਮਣੀ ਸੋਚ ਦੇ ਟੇਟੇ ਚੜ੍ਹ ਕੇ ਉਸ ਨੂੰ ਸਿਖੀ ਤੋਂ ਬੇਮੁਖ ਨਾਸਤਿਕ ਨੌਜਵਾਨ ਬਣਾ ਦਿਤਾ। ਕਾਮਰੇਡਾ ਨੇ ਆਪਣੇ ਵਲੋਂ ਲਿਖੀਆਂ ਨਾਸਤਿਕ ਵਿਚਾਰਾਂ ਵਾਲੀਆਂ ਲਿਖਤਾਂ ਸ. ਭਗਤ ਸਿੰਘ ਦੇ ਨਾਂ ਤਹਿਤ ਲਿਖ ਕੇ ਤੇ ਛਪਵਾ ਕੇ ਉਸ ਨੂੰ ਰਬ ਤੋਂ ਬਾਗੀ ਅਤੇ ਧਰਮ ਤੋਂ ਆਕੀ ਸਖ਼ਸ਼ ਸਾਬਤ ਕਰ ਦਿਤਾ। ਟੋਪੀ ਵਾਲਾਂ, ਨਾਸਤਿਕ ਭਗਤ ਸਿੰਘ ਬ੍ਰਾਹਮਣੀ ਬਿਪਰਧਾਰਾ ਦੇ ਬਿਲਕੁਲ ਸੂਤ ਬਹਿੰਦਾ ਸੀ। ਸੋ ਵਿਕਾਉ ਕਮਿਊਨਿਸਟਾਂ ਰਾਹੀਂ ਉਸਨੇ ਸ: ਭਗਤ ਸਿੰਘ ਨੂੰ ਇਕ ਮਹਾਂ ਨਾਇਕ ਬਣਾ ਧਰਿਆ। ਇਸ ਸਾਰੇ ਰੋਲੇ-ਗੋਲੇ ਵਿਚ ਸ. ਭਗਤ ਸਿੰਘ ਦਾ ਆਦਰਸ਼ ਸ. ਕਰਤਾਰ ਸਿੰਘ ਸਰਾਭੇ ਵਰਗਾ ਸੰਤ-ਪੁਰਖ ਸਿਖ ਨੌਜਵਾਨ ਭੁਲਾ ਦਿਤਾ ਗਿਆ।ੈ ਕਿਉਂਕਿ ਉਹ ਬ੍ਰਾਹਮਣਵਾਦੀਆਂ ਦੇ ਮਨਸ਼ੇ ਦੀ ਪੂਰਤੀ ਦੇ ਫਿਟ ਨਹੀਂ ਸੀ ਬਹਿੰਦਾ।
ਰਾਜਸਤਾ ਉਤੇ ਕਾਬਜ਼ ਤਾਕਤਾਂ ਦੀ ਮਦਦ ਨਾਲ ਸਿਧਾਂਤ ਦੇ ਮੈਦਾਨ ਵਿਚ ਖੌਰੂ ਪਾਉਣ ਵਾਲੇ ਅਖੌਤੀ ਕਮਿਊਨਿਸਟ ਇਕ ਤਕੜੇ ਸਿਧਾਂਤਕ ਵਾਰ ਦਾ ਟਾਕਰਾ ਕਰਨ ਦੀ ਵੀ ਹਿੰਮਤ ਨਹੀਂ ਰਖਦੇ। ਮਹਾਂਕਵੀ ਅਤੇ ਗੰਭੀਰ ਚਿੰਤਕ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਲੋਂ ਬਾਦਲੀਲ ਇਹ ਸਾਬਤ ਕੀਤਾ ਗਿਆ ਸੀ ਕਿ ਸ. ਭਗਤ ਸਿੰਘ ਸਿਖ ਆਦਰਸ ਦਾ ਸ਼ਹੀਦ ਨਹੀਂ, ਪਰ ਅਖੌਤੀ ਕਮਿਊਨਿਸਟ ਰਹਿਬਰ ਕੋਈ ਢੰਗ ਦੀ ਜਵਾਬੀ ਦਲੀਲ ਵੀ ਨਾ ਦੇ ਸਕੇ ਅਤੇ ਸਿਖ ਵਿਦਵਾਨਾਂ ਭਾਈ ਰਣਧੀਰ ਸਿੰਘ, ਸਿਰਦਾਰ ਕਪੂਰ ਸਿੰਘ ਅਤੇ ਪ੍ਰੋ. ਮਹਿਬੂਬ ਆਦਿ ਉਤੇ ਚਿਕੜ ਉਛਾਲਣ ਦੀ ਕੁਚੇਸ਼ਟਾ ਵਿਚ ਹੀ ਰੁਝੇ ਰਹੇ। ਘਟੀਆ ਨਾਅਰੇਬਾਜੀ ਤੇ ਗਾਲਾਂ ਤੋਂ ਸਿਵਾ ਉਨ੍ਹਾਂ ਕੋਲ ਕੁਝ ਵੀ ਨਹੀਂ। ਅਫਸੋਸ! ਇਨ੍ਹਾਂ ਵਿਚ ਸੁਰਜੀਤ ਪਾਤਰ ਵਰਗਾ ਬੁਧੀਜੀਵੀਂ ਸ਼ਾਇਰ ਵੀ ਸ਼ਾਮਲ ਹੈ ਤੇ ਸੰਤ ਭਿੰਡਰਾਂਵਾਲੇ ਦੇ ਪੈਰੋਕਾਰ ਅਖਵਾਉਂਦੇ ਕੁਝ ਫੈਡਰੇਸ਼ਨੀ ਛੋਕਰੇ ਵੀ।
ਪਾਸ਼ ਅਤੇ ਰਵਿੰਦਰ ਰਵੀ ਨਕਸਲੀ ਸਿਧਾਂਤਕਾਰ ਸਨ। ਪਾਸ਼ ਦੀ ਇਨਕਲਾਬ ਪ੍ਰਤੀ ਸਮਰਪਣ ਭਾਵਨਾ ਉਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪਾਸ਼ ਨੇ ਉਚ ਦਰਜੇ ਦੀ ਕਵਿਤਾ ‘ਬੇਦਖਲੀ ਲਈ ਬਿਨੈ ਪਤਰ’ ਲਿਖੀ। ਜਿਸ ਵਿਚ ਉਸਨੇ ਕਿਹਾ ਹੈ ਕਿ ਜੇ ਉਸ ਦੇ ਸੋਗ ਵਿਚ ਸਾਰਾ ਦੇਸ ਸ਼ਾਮਲ ਹੋ ਤਾਂ ਮੇਰਾ ਨਾਂ ਇਸ ਦੇਸ ਵਿਚੋਂ ਕਟ ਦਿਓ। ਉਸ ਨੇ ਇਹ ਵੀ ਲਿਖਿਆ ਕਿ ਉਹ ਇਸ ਕਰਕੇ ਬਚਣਾ ਨਹੀਂ ਚਾਹੁੰਦਾ ਕਿ ਉਸ ਦੇ ਨਾਂ ਦਾ ਭਜਨ ਲਾਲ ਨੂੰ ਪਤਾ ਨਹੀਂ ਹੈ। ਪਾਸ਼ ਸਿਖ ਜੁਝਾਰੂਆਂ ਦਾ ਕਦੇ ਵੀ ਸਮਰਥਕ ਨਹੀਂ ਰਿਹਾ ਇਸ ਦਾ ਉਸ ਨੂੰ ਕੋਈ ਮਿਹਣਾ ਨਹੀਂ ਪਰ ਜਦ ਉਹ ਸਿਆਸਤ ਦੇ ਘੋੜੇ ਚੜ ਗਿਆ ਤਾਂ ਡਿਗਣਾ ਕੁਦਰਤੀ ਸੀ। ਉਹ ਇਕ ਇਨਕਲਾਬੀ ਕਵੀ ਸੀ ਤੇ ਕਵੀ ਹੀ ਰਹਿੰਦਾ ਤਾਂ ਚੰਗਾ ਸੀ। ਪਰ ਉਹ ਨਾਅਰੇ ਮਾਰਨ ਵਾਲੇ ਇਕ ਆਮ ਵਰਕਰ ਵਿਚ ਬਦਲ ਗਿਆ ਤਾਂ ਉਸ ਦੀ ਮੌਤ ਕੁਦਰਤੀ ਸੀ।
ਹਾਲਾਂਕਿ ਪਾਸ਼, ਰਵਿੰਦਰ ਰਵੀ, ਜੈਮਲ ਪਡਾ ਜਾਂ ਕਿਸੇ ਵੀ ਹੋਰ ਵਿਅਕਤੀ ਨੂੰ ਵਿਚਾਰਧਾਰਕ ਵਿਰੋਧੀ ਹੋਣ ਕਰਕੇ ਜਿਸਮਾਨੀ ਤੌਰ ਉਤੇ ਖਤਮ ਕਰਨਾ ਕਿਵੇਂ ਵੀ ਜਾਇਜ਼ ਨਹੀਂ ਹੈ ਤੇ ਨਾ ਹੀ ਇਸ ਨਾਲ ਸਹਿਮਤ ਹੋਇਆ ਜਾ ਸਕਦਾ ਹ,ੈ ਪਰ ਇਸ ਸਾਰੇ ਵਰਤਾਰੇ ਨੂੰ ਗਹੁ ਨਾਲ ਦੇਖਦੇ ਹੋਏ ਕੀ ਇੰਜ ਨਹੀਂ ਲਗਦਾ ਕਿ ਸੰਤ ਰਾਮ ਉਦਾਸੀ, ਪਾਸ਼ ਜਾਂ ਹੋਰਾਂ ਨਾਲੋਂ ਜ਼ਿਆਦਾ ਵਿਹਾਰੀ ਰਵਈਆ ਰਖਦਾ ਸੀ? ਸੰਤ ਰਾਮ ਉਦਾਸੀ ਵੀ ਲੋਕ ਇਨਕਲਾਬ ਲਈ ਜੁਝਣ ਵਾਲਾ ਕਵੀ ਸੀ। ਸਿਖ ਜੁਝਾਰੂ ਲਹਿਰ ਦੀ ਸਿਧਾਂਤਕ ਪਧਰ ਉਤੇ ਉਹ ਹਮਾਇਤ ਕਰਦਾ ਸੀ ਅਤੇ ਇਸ ਦੇ ਕੁਝ ਹਿਸਿਆਂ ਦੀਆਂ ਗਲਤ ਕਾਰਵਾਈਆਂ ਦਾ ਉਹ ਵਿਰੋਧੀ ਸੀ। ਪਰ ਉਹ ਕਦੇ ਵੀ ਇਸ ਲਹਿਰ ਦੇ ਵਿਰੋਧ ਵਿਚ ਨਾਅਰੇ ਮਾਰਨ ਲਈ ਸਟੇਜ ਉਤੇ ਨਹੀਂ ਚੜਿਆ। ਜੋ ਉਸ ਨੂੰ ਸਿਖ ਲਹਿਰ ਠੀਕ ਲਗੀ ਤਾਂ ਉਸ ਨੇ ਆਪਣੇ ਗੀਤਾਂ-ਕਵਿਤਾਵਾਂ ਵਿਚ ਉਸ ਨੂੰ ਥਾਂ ਦਿਤੀ ਪਰ ਜਿਥੇ ਸਿਖ ਲਹਿਰ ਉਸ ਨੂੰ ਗਲਤ ਲਗੀ ਉਹ ਚੁਪ ਕਰਕੇ ਪਾਸੇ ਹੋ ਗਿਆ। ਜਦਕਿ ਪਾਸ਼ ਜਾਂ ਹੋਰ ਅਜਿਹੀ ਸਿਆਣਪ ਨਹੀਂ ਵਰਤ ਸਕੇ।
ਫਿਰ ਇਹ ਤਥ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਸਿਖ ਰਾਜ ਦੇ ਜੁਝਾਰੂਆਂ ਦਾ ਵਡਾ ਹਿਸਾ ਅਤੇ ਬਹੁਤ ਸਾਰੇ ਹਮਾਇਤੀ ਵੀ ਪਾਸ਼ ਦੀ ਦਿਲੋਂ ਕਦਰ ਕਰਦੇ ਹਨ। ਬਾਕੀ ਪਾਸ਼ ਦੀ ਮੌਤ ਸਿਰਫ ਜੁਝਾਰੂਆਂ ਦੀ ਗਲਤੀ ਜਾਂ ਗੁਸੇ ਕਾਰਨ ਹੀ ਨਹੀਂ ਹੋਈ, ਸਗੋਂ ਕੁਝ ਨਿਜੀ ਕਾਰਨ ਵੀ ਇਸ ਪਿਛੇ ਜ਼ਰੂਰ ਸਨ।
ਇਥੇ ਇਕ ਹੋਰ ਗਲ ਕਹਿਣੀ ਚਾਹਾਂਗਾ ਕਿ ਕਟੜ ਕਮਿਊਨਿਸਟ ਆਲੋਚਕ ਪ੍ਰਿੰ. ਸੰਤ ਸਿੰਘ ਸੇਖੋਂ ਵੀ ਜੂਨ ’84 ਨੂੰ ਯਾਦ ਕਰਕੇ ਹੰਝੂ ਵਹਾਉਂਦਾ ਰਿਹਾ ਹੈ ਅਤੇ ਕਮਾਂਡੋ ਫੋਰਸਾਂ ਨੂੰ ਬਾਰਾਂ ਮਿਸਲਾਂ ਦਸਦਾ ਰਿਹਾ ਹੈ। ਬਲਵੰਤ ਗਾਰਗੀ ਵਰਗਾ ਹੰਢਿਆਂ ਵਰਤਿਆ ਪ੍ਰਗਤੀਵਾਦੀ ਨਾਟਕਕਾਰ ਵੀ ਅਮਰ ਸਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਸ਼ਰਧਾਂਜਲੀ ਦਿੰਦਾ ਹੈ। ਇਨ੍ਹਾਂ ਇਤਿਹਾਸਕ ਵਾਕਿਆਤ ਦੀ ਰੋਸ਼ਨੀ ਵਿਚ ਹੀ ਸਿਖ ਲਹਿਰ ਦੀ ਮਾਰਕਸਵਾਦੀ ਲਹਿਰ ਨਾਲ ਨੇੜਤਾ, ਦੋਸਤੀ ਜਾਂ ਸਾਂਝ ਦੀ ਰੂਪਰੇਖਾ ਤਿਆਰ ਹੋ ਸਕਦੀ ਹੈ।
ਉਪਰੋਕਤ ਦਾ ਤਤ ਸਾਰ — ਉਪ੍ਰੋਕਤ ਦਾ ਤਤ ਸਾਰ ਇਹ ਹੈ ਕਿ ਕਮਿਊਨਿਸਟ ਸਿਧਾਂਤ ਕਿਵੇਂ ਵੀ ਸਿਖ ਵਿਰੋਧੀ ਨਹੀਂ ਅਤੇ ਕਦੇ ਕਦੇ ਤਾਂ ਮਾਰਕਸੀ ਫਲਸਫਾ ਸਿਖ ਵਿਚਾਰਧਾਰਾ ਤੋਂ ਡੂੰਘੀ ਪਧਰ ਉਤੇ ਪ੍ਰੇਰਿਤ ਜਾਪਦਾ ਹੈ। ਇਹ ਗਲ ਹੰਢੇ-ਵਰਤੇ ਸੂਝਵਾਨ, ਖਰੇ ਇਨਕਲਾਬੀ ਕਮਿਊਨਿਸਟਾਂ ਦੇ ਜੀਵਨ ਅਮਲ ਵਿਚੋਂ ਵੀ ਸਾਫ ਦੇਖੀ ਜਾ ਸਕਦੀ ਹੈ। ਪੰਜਾਬ ਵਿਚ ਕਮਿਉੂਨਿਸਟ ਲਹਿਰ ਦਾ ਆਰੰਭ ਸਿਖ ਸਿਧਾਂਤਾਂ, ਆਦਰਸ਼ਾਂ ਅਤੇ ਇਤਿਹਾਸ ਦੀ ਪ੍ਰੇਰਨਾ ਨਾਲ ਹੋਇਆ ਪਰ ਬਾਅਦ ਵਿਚ ਇਹ ਲਹਿਰ ਸਿਖ ਸਰੋਕਾਰਾਂ ਤੋਂ ਪਾਸੇ ਹੁੰਦੀ ਗਈ ਜਾਂ ਇਉਂ ਕਹੀਏ ਕਿ ਜਿਉਂ ਜਿਉਂ ਇਹ ਲਹਿਰ ਆਪਣੇ ਇਨਕਲਾਬੀ ਅਮਲ ਨੂੰ ਤਿਆਗਦੀ ਗਈ ਤਿਉਂ ਤਿਉਂ ਇਹ ਸਿਖ ਸਰੋਕਾਰਾਂ ਤੋਂ ਵੀ ਟੁਟਦੀ ਗਈ। ਇਹ ਗਲ ਕਮਿਊਨਿਸਟ ਪਾਰਟੀ ਦੇ ਮੁਖ ਧੜਿਆਂ ਦੀ ਇਤਿਹਾਸਕ ਗਤੀ ਤੋਂ ਭਲੀਭਾਂਤ ਸਿਧ ਹੋ ਜਾਂਦੀ ਹੈ। ਇਸੇ ਕਾਰਨ ਕਰਕੇ ਹੀ ਇਹ ਅੰਤ ਨੂੰ ਪੰਜਾਬ ਵਿਚ ਇਕ ਹਾਸ਼ੀਏ ਉਤੇ ਪਹੁੰਚ ਗਈ ਹੈ। ਕਮਿਊਨਿਸਟ ਲਹਿਰ ਦੇ ਖਰੇ ਇਨਕਲਾਬੀ ਤਤਾਂ ਨੂੰ ਸਿਖ ਵਿਰਸੇ (ਜੋ ਕਿ ਪੂਰੀ ਤਰ੍ਹਾਂ ਇਨਕਲਾਬੀ ਹੈ) ਤੋਂ ਸੇਧ ਲੈ ਕੇ ਲੋਕ ਰਾਜ ਲਈ ਲੋਕ ਲਾਮਬੰਦ ਕਰਨਾ ਚਾਹੀਦਾ ਹੈ।
ਸਾਰੇ ਕਮਿਊਨਿਸਟਾਂ ਨੂੰ ਇਹ ਗਲ ਸਚੇ ਮਨੋ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਰਾਜ ਦਾ ਸਿਖ ਸੰਕਲਪ (ਸਿਖ ਰਾਜ ਖਾਲਸਾ ਰਾਜ, ਬੇਗਮਪੁਰਾ, ਹਲੇਮੀ ਰਾਜ ਜਾਂ ਖਾਲਿਸਤਾਨ) ਮਾਰਕਸੀ ਫਲਸਫੇ ਦੇ ਵਰਗ ਰਹਿਤ ਸਾਮਵਾਦੀ ਰਾਜ ਤੋਂ ਅਗਾਂਹਵਧੂ  ਵਿਚਾਰ ਹੈ ਅਤੇ ਵਿਹਾਰੀ ਵੀ। ਸਿਖਾਂ ਲਈ ਇਹ ਆਦਰਸ਼ ਵੀ ਹੈ, ਪ੍ਰੇਰਨਾ ਵੀ ਹੈ ਅਤੇ ਟੀਚਾ ਵੀ। ਸਿਖ ਇਸ ਲਈ ਜੂਝਦੇ ਰਹੇ ਹਨ, ਜੂਝ ਰਹੇਂ ਹਨ ਅਤੇ ਜੂਝਦੇ ਰਹਿਣਗੇ। ਜੇ ਕਈ ਸਚੇ ਮਨ ਨਾਲ ਇਸ ਇਨਕਲਾਬੀ ਬਿਖਮ ਮਾਰਗ ਉਤੇ ਸਿਖ ਪੰਥ ਦੇ ਕਦਮ ਨਾਲ ਕਦਮ ਮਿਲਾ ਕੇ ਚਲਣਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਕਰਨਾ ਬਣਦਾ ਹੈ। ਸਿਖ ਕੌਮ ਵਖ ਵਖ ਵਿਸ਼ਵ ਖਿਤਿਆਂ ਵਿਚ ਆਪਣੇ ਹਕਾਂ ਲਈ ਜੂਝ ਰਹੇ ਯੋਧਿਆਂ ਦੀ ਹਮੇਸ਼ਾ ਪ੍ਰਸੰਸਕ ਰਹੀ ਹੈ ਅਤੇ ਹਮੇਸ਼ਾ ਰਹੇਗੀ। ਭਾਵੇਂ ਉਹ ਨੇਪਾਲ ਹੋਵੇ ਤੇ ਭਾਵੇਂ ਫਲਸਤੀਨ। ਅੰਤ ਵਿਚ ਆਪਣੇ ਸਾਹਿਤਕ ਸਫਰ ਦੀ ਸੁਰੂਆਤ ਸਮੇਂ ਅਪ੍ਰੈਲ 2000 ਵਿਚ ਲਿਖੀ ਕਵਿਤਾ ਪਿਆਰੇ ਮਾਰਕਸ ਦੇ ਨਾਂ ਇਸ ਲੇਖ ਦੇ ਸਾਰ ਵਜੋਂ ਦੇ ਰਿਹਾ ਹਾਂ।
ਐ ਪਿਆਰੇ ਮਾਰਕਸ,
ਨੂੰ ਸਿਰਫ਼ ਪਛਮ ਵਿਚ ਹੀ ਕਿਉਂ ਰਿਹਾ?
ਕਾਸ਼! ਤੂੰ ਕਦੇ ਪੂਰਬ ਵਲ ਆਇਆ ਹੁੰਦਾ
ਤੇ ਖਾਲਸੇ ਦੇ ਦਰਬਾਰ ਵਿਚ ਹਾਜ਼ਰੀ ਭਰੀ ਹੁੰਦੀ
ਤਾਂ ਤੂੰ ਇਹ ਲਿਖਣ ਦੀ ਗਲਤੀ ਕਦੇ ਨਾ ਕਰਦਾ
ਕਿ ਧਰਮ ਇਕ ਅਫੀਮ ਹੈ।
ਤੂੰ ਇਸ ਦੀ ਬਜਾਇ
ਗਜ ਵਜ ਕੇ ਇਸ ਗਲ ਦੀ ਵਕਾਲਤ ਕਰਨੀ ਸੀ
ਕਿ ਸਭ ਵਰਗਾਂ ਦੇ ਖਾਤਮੇ ਲਈ
ਸਾਰੀ ਦੁਨੀਆਂ ਦੇ ਮਜ਼ਦੂਰੋਂ ਸਿਖ ਹੋ ਜਾਓ।
ਮਾਰਕਸ! ਤੂੰ ਅੰਮ੍ਰਿਤਸਰ ਨਾ ਆ ਕੇ,
ਇਕ ਸੰਗੀਨ ਭੁਲ ਕੀਤੀ ਹੈ
ਤੇ ਇਸੇ ਭੁਲ ਦਾ ਹੀ ਖਮਿਆਜ਼ਾ
ਤੇਰੀ ਵਿਚਾਰਧਾਰਾ ਭੁਗਤ ਰਹੀ ਹੈ।

ਕੰਵਰਜੀਤ ਸਿੰਘ ਸੰਗੂਧੌਣ

Leave a Reply

Your email address will not be published. Required fields are marked *