ਮੁਠੀ ਭਰ ਬਿਪਰਾਂ ਭਾਵ ਮਨੂ ਦੇ ਪੈਰੋਕਾਰਾਂ ਨੇ ਮਨੂਸਿਮ੍ਰਿਤੀ ਰਾਹੀਂ ਵਡੀ ਬਹੁਗਿਣਤੀ ਸ਼ੂਦਰ, ਅਤਿਸ਼ੂਦਰ ਕਰਾਰ ਦਿਤੇ ਗਏ ਲੋਕਾਂ ਦੀ ਆਰਥਿਕ ਤੇ ਮਾਨਸਿਕ ਲੁਟ ਕਰਨ ਲਈ ਜਿਹੜੀਆਂ ਕੂੜੀਆਂ ਧਾਰਨਾਵਾਂ ਫੈਲਾਈਆਂ ਹੋਈਆਂ ਸਨ, ਉਨ੍ਹਾਂ ਵਿਚੋਂ ਇਕ ਇਹ ਵੀ ਸੀ ਕਿ ਇਹ ਧਰਤੀ ਕਿਸੇ ਬੌਲਦ ਦੇ ਸਿੰਙਾਂ ਉਤੇ ਖੜੀ ਹੈ। ਗੁਰੂ ਨਾਨਕ ਸਾਹਿਬ ਨੇ ਹੋਰਨਾਂ ਬ੍ਰਾਹਮਣੀ ਧਾਰਨਾਵਾਂ ਵਾਂਗ ਇਸ ਧਾਰਨਾਂ ਦਾ ਵੀ ਖੰਡਨ ਕਰਦਿਆਂ ਫੁਰਮਾਇਆ ਸੀ, ‘ਧੌਲ ਧਰਮੁ ਦਇਆ ਕਾ ਪੁਤੁ’। ਭਾਵ ਇਹ ਧਰਤੀ ਬੋਲਦ ਦੇ ਸਿਙਾਂ ਉਤੇ ਨਹੀਂ ਸਗੋਂ ਧਰਮ ਦੇ ਸਹਾਰੇ ਖੜੀ ਹੈ ਅਤੇ ਧਰਮ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਇਹ ਦਇਆ ਦਾ ਪੁਤਰ ਹੈ। ਭਾਵ ਮਨੁਖੀ ਦਇਆ ਧਰਮ ਦਾ ਮੂਲ ਹੈ। ਇਸ ਕਥਨ ਵਿਚ ਸਮੁਚੀ ਮਨੁਖੀ ਸਮਾਜੀ ਜ਼ਿੰਦਗੀ ਦਾ ਭੇਤ ਲੁਕਿਆ ਹੋਇਆ ਹੈ।
ਇਸ ਧਰਤੀ ਉਤੇ ਦੋ ਤਰ੍ਹਾਂ ਦੇ ਸਮਾਜ ਹਨ। ਇਕ ਜੰਗਲੀ ਜੀਵ-ਜੰਤੂਆਂ ਦਾ, ਜਾਨਵਰਾਂ ਦਾ ਸਮਾਜ, ਜਿਹੜਾ ਜੰਗਲ ਰਾਜ ਅਧੀਨ ਚਲਦਾ ਹੈ ਅਤੇ ਜਿਸ ਵਿਚ ਤਕੜੇ ਦਾ ਸਤੀ ਵੀਹੀਂ ਸੌ ਹੈ। (ਮਾਈਟ ਇਜ ਰਾਈਟ) ਹਰ ਤਕੜੇ ਨੇ ਮਾੜੇ ਨੂੰ ਖਾ ਜਾਣਾ ਹੈ। ਪਰ ਦੂਜੇ ਪਾਸੇ ਇਸ ਦੇ ਉਲਟ ਮਨੁਖੀ ਸਮਾਜ ਹੈ, ਜਿਹੜਾ ਕੁਝ ਸਮਾਜੀ ਨਿਯਮਾਂ ਵਿਚ ਬਧਾ ਹੋਇਆ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ ਮਨੁਖ ਇਕ ਸਮਾਜੀ ਜੀਵ ਹੈ ਤਾਂ ਇਸ ਦਾ ਭਾਵ ਇਹੀ ਹੁੰਦਾ ਹੈ ਕਿ ਮਨੁਖੀ ਸਮਾਜੀ ਪ੍ਰਬੰਧ ਦੇ ਕੁਝ ਨਿਯਮ ਹਨ। ਮਨੁਖੀ ਸਮਾਜੀ ਪ੍ਰਬੰਧ ਅਧੀਨ ਮਜ਼ਲੂਮ ਦੀ ਸੁਰਖਿਆ ਯਕੀਨੀ ਬਨਾਉਣਾ ਲਾਜ਼ਮੀ ਹੈ। ਦਇਆ ਆਪਣੇ ਤੋਂ ਮਾੜੇ ਤੇ ਮਜ਼ਲੂਮ ਉਤੇ ਹੁੰਦੀ ਹੈ। ਆਪਣੇ ਤੋਂ ਆਰਥਿਕ ਤੇ ਸਰੀਰਕ ਤੌਰ ਉਤੇ ਕਮਜੋਰ ਮਨੁਖ ਉਤੇ ਦਇਆ ਦਾ ਜਜਬਾ ਹੀ ਮਨੁਖੀ ਸਮਾਜ ਦਾ ਸਾਰਤਤ ਹੈ। ਮਨੁਖੀ ਸਮਾਜ ਦੇ ਸਾਰੇ ਅਸੂਲ ਤੇ ਰਾਜ ਦੇ ਸਾਰੇ ਕਾਨੂੰਨ ਧਰਮ ਦੇ ਇਸ ਤਤ ਦੁਆਲੇ ਘੁੰਮਦੇ ਹਨ।
ਬੇਸ਼ਕ ਆਪਣੇ ਆਲੇਦੁਆਲੇ ਦੇ ਮਨੁਖੀ ਸਮਾਜ ਉਤੇ ਜਦੋਂ ਅਸੀਂ ਝਾਤੀ ਮਾਰਦੇ ਹਾਂ ਤਾਂ ਕੀ ਨਜ਼ਰ ਆਉਂਦਾ ਹੈ? ਕੀ ਸਮਾਜ ਅੰਦਰ ਮਜ਼ਲੂਮਾਂ ਉਤੇ ਦਇਆ ਕੀਤੀ ਜਾ ਰਹੀ ਹੈ? ਕਹਿਣ ਨੂੰ ਦੁਨੀਆਂ ਭਰ ਦੀਆਂ ਸਰਕਾਰਾਂ ਇਹ ਦਾਅਵਾ ਕਰਦੀਆਂ ਹਨ ਕਿ ਉਹ ਕਾਨੂੰਨ ਦੇ ਰਾਜ ਅਧੀਨ ਚਲ ਰਹੀਆਂ ਹਨ ਅਤੇ ਇਹ ਕਾਨੂੰਨ ਮਜ਼ਲੂਮਾਂ ਦੀ ਰਾਖੀ ਲਈ ਬਣਾਏ ਗਏ ਹਨ। ਪਰ ਹਕੀਕਤ ਐਨ ਇਸ ਦੇ ਉਲਟ ਹੈ। ਦੁਨੀਆਂ ਭਰ ਦੀਆਂ ਅਜੋਕੀਆਂ ਸਰਕਾਰਾਂ ਤਕੜੇ ਦਾ ਸਤੀ ਵੀਹੀਂ ਸੌ ਦੇ ਅਸੂਲ ਉਤੇ ਚਲ ਰਹੀਆਂ ਹਨ। ਕੋਈ ਵੀ ਸਰਕਾਰ ਮਜ਼ਲੂਮ ਗਰੀਬ ਦੀ ਸੁਰਖਿਆ ਪ੍ਰਤੀ ਗੰਭੀਰ ਨਹੀਂ ਹੈ। ਸਾਰੀਆਂ ਨੀਤੀਆਂ ਮੁਠੀ ਭਰ ਧਨਾਡਾਂ ਦੇ ਮੁਨਾਫੇ ਦੀ ਹੋੜ ਨੂੰ ਸੁਰਖਿਅਤ ਰਖਣ ਲਈ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਨੀਤੀਆਂ ਦੇ ਕੇਂਦਰ ਬਿੰਦੂ ਵਿਚ ਮਨੁਖ ਕਿਤੇ ਵੀ ਨਹੀਂ ਦਿਸਦਾ।
ਇਕ ਪਾਸੇ ਮੁਠੀ ਭਰ ਲੋਕਾਂ ਦੀ ਅਰਬਾਂ ਲੋਕਾਂ ਉਤੇ ਰਾਜ ਕਰਨ ਦੀ ਹਵਸ ਦੀ ਪੂਰਤੀ ਵਾਸਤੇ ਖਰਬਾਂ-ਨਰਬਾਂ ਰੁਪਏ ਖਤਰਨਾਕ ਹਥਿਆਰ ਬਨਾਉਣ ਉਤੇ ਖਰਚ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਕਰੋੜਾਂ-ਕਰੋੜ ਲੋਕ ਕੰਗਾਲੀ ਦੀ ਹਾਲਤ ਵਿਚ ਭੁਖਮਰੀ ਦਾ ਸ਼ਿਕਾਰ ਹਨ। ਕਰੋੜਾਂ ਗਰੀਬ ਲੋਕਾਂ ਕੋਲੋ ਟੈਕਸਾਂ ਰਾਹੀਂ ਉਗਰਾਹੇ ਪੈਸੇ ਨੂੰ ਦੇਸ ਦਾ ਪ੍ਰਧਾਨ ਮੰਤਰੀ ਖੁਦ ਆਪਣੀ ਦਖਲ-ਅੰਦਾਜੀ ਨਾਲ ਚੰਦ ਕੁ ਅੰਬਾਨੀ-ਅਡਾਨੀ ਵਰਗੇ ਪਰਿਵਾਰਾਂ ਨੂੰ ਸ਼ਰੇਆਮ ਲੁਟਾ ਰਿਹਾ ਹੈ। ਤਾਂ ਕਿ ਉਨ੍ਹਾਂ ਦੇ ਪੈਸੇ ਨਾਲ ਉਹ ਅਗਲੀ ਵਾਰ ਫਿਰ ਪ੍ਰਧਾਨ ਮੰਤਰੀ ਬਣ ਸਕੇ। ਇਨ੍ਹਾਂ ਗਰੀਬ ਲੋਕ ਮਾਰੂ ਨੀਤੀਆਂ ਦੀ ਸਭ ਤੋਂ ਵਡੀ ਮਿਸਾਲ ਸੂਬਾ ਕਸ਼ਮੀਰ ਵਿਚ ਕੀਤਾ ਜਾ ਰਿਹਾ ਫੌਜੀ ਜਬਰ ਹੈ। ਜਿਥੇ ਨਿਰਦੋਸ਼ ਲੋਕ ਮਰ ਰਹੇ ਹਨ, ਗਰੀਬ ਰੁਲਣ ਲਈ ਮਜ਼ਬੂਰ ਹਨ ਅਤੇ ਤਬਾਹਕੁੰਨ ਹਥਿਆਰਾਂ ਦੇ ਜ਼ੋਰ ਨਾਲ ਕਸ਼ਮੀਰੀ ਲੋਕਾਂ ਨੂੰ ਮਨੂਵਾਦੀ ਨੇਮਾਂ ਦੀ ਈਨ ਮੰਨਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਮੁਠੀ ਭਰ ਲੋਕਾਂ ਦੀ ਬੇਬਹਾ ਮਾਇਆ ਇਕਠੀ ਕਰਨ ਤੇ ਕਰੋੜਾਂ ਲੋਕਾਂ ਉਤੇ ਰਾਜ ਕਰਨ ਦੀ ਹਵਸ ਪੂਰਤੀ ਲਈ ਜੰਗਲ ਦਾ ਰਾਜ ਕਾਇਮ ਕਰਨ ਦੇ ਯਤਨ ਹੋ ਰਹੇ ਹਨ। ਬਿਜਲਈ ਅਤੇ ਅਖਬਾਰੀ ਮੀਡੀਏ ਉਤੇ ਇਜਾਰੇਦਾਰੀ ਹੋਣ ਕਾਰਨ ਸਚ ਨੂੰ ਝੂਠ ਅਤੇ ਝੂਠ ਨੂੰ ਸਚ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਹਿੰਦੂ ਰਾਸ਼ਟਰ ਕਾਇਮ ਕਰਨ ਲਈ ਘਟਗਿਣਤੀਆਂ ਦਾ ਜਿਉਣਾ ਮੁਹਾਲ ਕੀਤਾ ਜਾ ਰਿਹਾ ਹੈ। ਘਟਗਿਣਤੀਆਂ ਤੇ ਸੰਘਰਸ਼ਸ਼ੀਲ ਲੋਕਾਂ ਨੂੰ ਕੁਚਲਣ ਲਈ ਖਤਰਨਾਕ ਕਾਨੂੰਨ ਘੜੇ ਜਾ ਰਹੇ ਹਨ।
ਸਾਡੇ ਆਪਣੇ ਸੂਬੇ ਪੰਜਾਬ ਅੰਦਰ ਵੀ ਇਹੀ ਕੁਝ ਹੋ ਰਿਹਾ ਹੈ। ਕੁਝ ਕਾਂਗਰਸੀ ਤੇ ਬਾਦਲਕੇ ਪਰਿਵਾਰ ਤੇ Àਨ੍ਹਾਂ ਦੁਆਲੇ ਇਕਠੀ ਹੋਈ ਨੌਕਰਸ਼ਾਹੀ ਜੁੰਡਲੀ ਗੁਰੂਆਂ ਦੀ ਇਸ ਪਵਿਤਰ ਧਰਤੀ ਦੇ ਲੋਕਾਂ ਨੂੰ ਲੁਟਣ ਤੇ ਕੁਟਣ ਲਈ ਨਿਤ ਦਿਨ ਕਮੀਨੇ ਹਥਕੰਡੇ ਵਰਤ ਰਹੀ ਹੈ। ਸਿਖੀ ਭੇਖ ਵਿਚ ਲੁਕੇ ਹੋਏ ਅਜੋਕੇ ਮਲਕ ਭਾਗੋ ਭਾਈ ਲਾਲੋਆਂ ਨੂੰ ਗੁੰਮਰਾਹ ਕਰਨ ਲਈ ਆਪਣੇ ਆਪ ਨੂੰ ਨਾਨਕ ਨਾਮ ਲੇਵਾ ਦੇ ਤੌਰ ਉਤੇ ਪੇਸ਼ ਕਰਦੇ ਹਨ। ਕਾਂਗਰਸੀ ਅਤੇ ਬਾਦਲਕੇ ਪਰਿਵਾਰ ਗੁਰੂ ਸਾਹਿਬਾਨ ਵਲੋਂ ਪ੍ਰਚਾਰੇ ਗਏ ਧਰਮ ਦੇ ਮੂਲ ਤਤ ਮਜਲੂਮਾਂ ਅਤੇ ਗਰੀਬਾਂ ਉਤੇ ਦਇਆ ਕਰਨ ਨੂੰ ਮਨੋਂ ਵਿਸਾਰ ਬੈਠੇ ਹਨ। ਮਾਇਆ ਇਕਠੀ ਕਰਨ ਦੀ ਹੋੜ ਵਿਚ ਮੁਠੀ ਭਰ ਕਾਂਗਰਸੀ ਤੇ ਬਾਦਲਕੇ ਪਰਿਵਾਰ ਕਾਨੂੰਨ ਦੇ ਰਾਜ ਨੂੰ ਬੜੀ ਤੇਜੀ ਨਾਲ ਜੰਗਲ ਰਾਜ ਵਲ ਧਕ ਰਹੇ ਹਨ। ਹਰ ਪਾਸੇ ਪੈਸਾ ਜਾਂ ਰਾਜਸਤਾ ਭਾਰੂ ਹੈ।
ਇਥੋਂ ਤਕ ਕਿ ਸਿਖਾਂ ਦੀਆਂ ਦੋ ਸਿਰਮੌਰ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਾਦਲਕਿਆਂ ਦੀ ਰਾਜਸੀ ਹਵਸ ਦਾ ਸ਼ਿਕਾਰ ਹੋ ਗਈਆਂ ਹਨ। ਇਨ੍ਹਾਂ ਦੀ ਕਦਰ ਘਟਾਈ ਕਰਕੇ ਤੇ ਇਨ੍ਹਾਂ ਸੰਸਥਾਵਾਂ ਉਤੇ ਕਾਬਜ ਲੋਕਾਂ ਦੇ ਭ੍ਰਿਸ਼ਟਾਚਾਰ ਨੂੰ ਸ਼ਹਿ ਦੇ ਕੇ, ਸਿਖਾਂ ਦਾ ਇਨ੍ਹਾਂ ਵਲੋਂ ਮੂੰਹ ਮੋੜਿਆ ਜਾ ਰਿਹਾ ਹੈ, ਤਾਂ ਕਿ ਸਿਖੀ ਦੇ ਇਨ੍ਹਾਂ ਕੇਂਦਰਾਂ ਨੂੰ ਤਹਿਸ ਨਹਿਸ ਕਰਕੇ ਇਨ੍ਹਾਂ ਦੁਆਲੇ ਜੁੜੀ ਸਿਖੀ ਚੇਤਨਾ ਨੂੰ ਖਿੰਡਾਅ ਦਿਤਾ ਜਾਵੇ। ਸਿਖ ਪੰਥ ਨੂੰ ਖੇਰੂੰ-ਖੇਰੂੰ ਕਰਨ ਦੇ ਅਮਲ ਨੂੰ ਹੋਰ ਤੇਜ਼ ਕੀਤਾ ਜਾਵੇ ਅਤੇ ਕੇਂਦਰ ਉਤੇ ਕਾਬਜ਼ ਬ੍ਰਾਹਮਣ-ਬਾਣੀਆ ਸਰਕਾਰ ਦੀ ਵਾਹ-ਵਾਹ ਖਟ ਕੇ, ਮੁਠੀ ਭਰ ਲੋਕਾਂ ਦੀ ਬੇਬਹਾ ਧਨ ਲੁਟਣ ਤੇ ਰਾਜਸਤਾ ਦੀ ਹਵਸ ਪੂਰੀ ਕੀਤੀ ਜਾ ਸਕੇ।

Leave a Reply

Your email address will not be published. Required fields are marked *