ਸੰਸਾਰੀਕਰਨ ਸਾਡੀ ਜ਼ਿੰਦਗੀ ਦਾ ਇਕ ਜ਼ਰੂਰੀ ਹਿਸਾ ਬਣਦਾ ਜਾ ਰਿਹਾ ਹੈ। ਪਰ ਇਸਨੂੰ ਅਨੇਕਾਂ ਸੰਦਰਭਾਂ ਵਿਚ ਵਰਤਿਆ ਜਾਂਦਾ ਹੈ। ਇਸ਼ਤਿਹਾਰਬਾਜ਼ੀ ਵਿਚ ਨੰਗੇਜ਼ ਤੋਂ ਲੈ ਕੇ ਖੁਲ੍ਹੀ ਮੰਡੀ ਦੀ ਵਹਿਸ਼ਤ ਤਕ ਇਸੇ ਦਾ ਸਹਾਰਾ ਲਿਆ ਜਾਂਦਾ ਹੈ। ਬਹੁਤੇ ਲੋਕ ਸੋਚਦੇ ਹਨ ਕਿ ਇਹ ਹੁਣੇ ਜਿਹੇ ਵਾਪਰਿਆ ਵਰਤਾਰਾ ਹੈ, ਜਿਹੜਾ ਨਵੀਆਂ ਆਰਥਿਕ ਨੀਤੀਆਂ ਕਾਰਨ ਸਮੁਚੇ ਢਾਂਚੇ ਵਿਚ ਆਈਆਂ ਤਬਦੀਲੀਆਂ ਤੋਂ ਬਾਅਦ ਨਿਖਰਨਾ ਸ਼ੁਰੂ ਹੋਇਆ ਹੈ। ਪਰ ਹਕੀਕਤ ਇਹ ਹੈ ਕਿ ਇਹ ਵਰਤਾਰਾ ਅਜ ਤੋਂ ਪੰਜ ਸੌ ਸਾਲ ਪਹਿਲਾਂ ਹੀ ਸ਼ਰ ਹੋ ਗਿਆ ਸੀ। ਇਸ ਸਮੇਂ ਦੌਰਾਨ ਸੰਸਾਰ ਦੀ ਤਿੰਨ ਤਰ੍ਹਾਂ ਵਿਆਖਿਆ ਹੁੰਦੀ ਰਹੀ ਹੈ। ਪਹਿਲਾਂ ਇਸਨੂੰ ਦੂਹਰੀ, ਫਿਰ ਤੀਹਰੀ ਤੇ ਹੁਣ ਇਕਹਿਰੀ ਇਕਾਈ ਵਜੋਂ ਸਮਝਿਆ ਜਾਣ ਲਗਾ ਹੈ।
15ਵੀਂ ਸਦੀ ਵਿਚ ਨਵੀਆਂ ਭੂਗੋਲਿਕ ਲਭਤਾਂ ਦੇ ਨਾਲ ਹੀ ਬਸਤੀਵਾਦ ਦਾ ਯੁਗ ਸ਼ੁਰੂ ਹੋਇਆ। ਬਸਤੀਵਾਦੀ ਦੌਰ ਵਿਚ ਹੀ ਸੰਸਾਰ ਨੂੰ ਆਧੁਨਿਕ ਤੇ ਰਵਾਇਤੀ ਜਾਂ ਨਵੇਂ ਅਤੇ ਪੁਰਾਣੇ ਸੰਸਾਰ ਵਿਚ ਵੰਡਿਆ ਗਿਆ। ਬਹੁਤੇ ਇਤਿਹਾਸਕਾਰ 1492 ਈ ਨੂੰ ਆਧੁਨਿਕਤਾ ਦਾ ਆਰੰਭ ਮੰਨਦੇ ਹਨ ਭਾਵੇਂ ਕਿ ਆਧੁਨਿਕ ਸਮੇਂ ਅਤੇ ਆਧੁਨਿਕ ਮਾਨਸਿਕਤਾ ਦੀ ਸ਼ੁਰੂਆਤ 1520 ਈ. ਤਕ ਨਹੀਂ ਸੀ ਹੋਈ। ਇਸ ਤਬਦੀਲੀ ਦੇ ਦੌਰ ਵਿਚ ਯੂਰਪ ਅਤੇ ਸੰਸਾਰ ਦੇ ਬਾਕੀ ਹਿਸਿਆਂ ਵਿਚਕਾਰ ਸਬੰਧ ਬਣਨੇ ਸ਼ੁਰੂ ਹੋਏ। ਇਨ੍ਹਾਂ ਸਬੰਧਾਂ ਕਾਰਨ ਸੰਸਾਰ ਬਾਰੇ ਭੂਗੋਲਿਕ ਸਮਝ ਵਿਚ ਇਨਕਲਾਬ ਆਇਆ। ਇਸਨੂੰ ਹੈਨਰੀ ਮੈਨੇ ਨੇ ਪੁਰਾਤਨ ਕਾਨੂੰਨ (1861) ਅਤੇ ਐਲ.ਐਚ. ਮਾਰਗੈਨ ਨੇ ਪੁਰਾਤਨ ਸਮਾਜ (1887) ਵਿਚ ਸ਼ਬਦਬਧ ਕੀਤਾ। ਇਨ੍ਹਾਂ ਦੋਹਾਂ ਲਿਖਤਾਂ ਨੇ ਆਧੁਨਿਕ ਅਤੇ ਪੁਰਾਤਨ ਸਮਾਜਾਂ ਵਿਚ ਸਪਸ਼ਟ ਨਿਖੇੜੇ ਦੀ ਲਕੀਰ ਖਿਚੀ। ਬਾਅਦ ਵਿਚ ਹਰ ਇਕ ਨੇ ਆਪਣੇ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ, ਭਾਵੇਂ ਉਹ ਕਾਰਲ ਮਾਰਕਸ, ਮੈਕਸ ਵੈਬਰ ਜਾਂ ਐਮਾਈਲ ਕਰਖੀਪ ਸੀ, ਇਸਦੀ ਪੁਸ਼ਟੀ ਕੀਤੀ।
ਪੁਰਾਤਨ ਸਮਾਜ ਦੀ ਖੋਜ ਦਾ ਤਰਕਸ਼ੀਲ ਸਿਟਾ ਇਹ ਨਿਕਲਿਆ ਕਿ ਇਸਨੇ ਮਨੁਖੀ ਸਮਾਜ ਨੂੰ ਦੋ ਹਿਸਿਆਂ ਵਿਚ ਵੰਡ ਦਿਤਾ। ਮਨੁਖ ਦਾ ਇਕ ‘ਹੋਰ’ ਪਖ ਸਾਹਮਣੇ ਆਇਆ। ਮਨੁਖੀ ਸਮਾਜ ਦੀ ਇਹ ਪੁਰਾਤਨ ਤੇ ਆਧੁਨਿਕ ਵੰਡ ਅਡ-ਅਡ ਸਮਿਆਂ ਤੇ ਵਖ-ਵਖ ਸ਼ਕਲਾਂ ਅਖਤਿਆਰ ਕਰਦੀ ਰਹੀ। ਜਿਵੇਂ ਜੰਗਲੀ, ਪਛੜਿਆ, ਜਾਂ ਨੀਗਰੇ ਲੋਕਾਂ ਦਾ ਸਮਾਜ ਜਾਂ ਕੌਮੀਅਤ ਵਖਰੇਵੇਂ ਵਾਲੇ ਸਮਾਜ — ਇਨ੍ਹਾਂ ਸਾਰਿਆਂ ਸਮਾਜਾਂ ਦੀ, ਅਡ-ਅਡ ਵਿਸ਼ੇਸ਼ ਧਾਰਨਾ ਸੀ। ਪੁਰਾਤਨ ਸਮਾਜ ਤੇ ਕਿਸੇ ‘ਹੋਰ’ ਪਖ ਦੀ ਖੋਜ ਦਾ ਭਾਵਅਰਥ ਆਧੁਨਿਕ ਮਨੁਖ ਤੇ ਆਧੁਨਿਕ ਸਮਾਜ ਦੀ ਹੋਂਦ ਦਾ ਪ੍ਰਗਟਾਵਾ ਸੀ। ਇਹ ਦੋਵੇਂ ਪਖ ਸੰਕਲਪ ਦੀ ਪੈਦਾਵਾਰ ਸਨ, ਪਰ ਹਕੀਕੀ ਸੰਸਾਰ ਵਿਚ ਇਨ੍ਹਾਂ ਦੀ ਕੋਈ ਹੋਂਦ ਨਹੀਂ ਸੀ।
ਭੂਗੋਲਿਕ ਲਭਤਾਂ, ਮਨੁਖੀ ਸਮਾਜ ਦੀ ਇਸ ਵੰਡ ਅਤੇ ਬਸਤੀਵਾਦ ਨੇ ਨਵੇਂ ਅਤੇ ਪੁਰਾਣੇ ਸੰਸਾਰ ਨੂੰ ਜਨਮ ਦਿਤਾ। ਇਸ ਧਾਰਨਾ ਅਨੁਸਾਰ ਯੂਰਪ ਪੁਰਾਣਾ ਸੰਸਾਰ ਸੀ ਤੇ ਅਮਰੀਕਾ, ਆਸਟਰੇਲੀਆ ਨਿਊਜ਼ੀਲੈਂਡ, ਜਿਥੇ ਵਡੀ ਗਿਣਤੀ ਵਿਚ ਯੂਰਪੀਨ ਲੋਕ ਜਾ ਕੇ ਵਸ ਰਹੇ ਸਨ ਤੇ ਯੂਰਪੀਨ ਕਦਰਾਂ ਕੀਮਤਾਂ ਲਾਗੂ ਕੀਤੀਆਂ ਜਾ ਰਹੀਆਂ ਸਨ, ਨਵਾਂ ਸੰਸਾਰ ਸੀ। ਬੇਸ਼ਕ ਇਸ ਤਰ੍ਹਾਂ ਦੀ ਵੰਡ ਨਾਲ ਕਈ ਭਰਮ ਭੁਲੇਖੇ ਖੜੇ ਹੁੰਦੇ ਸਨ। ਨਵਾਂ ਸੰਸਾਰ ਸਿਰਫ ਨਵੀਂ ਵਸੋਂ ਲਈ ਨਵਾਂ ਸੀ ਪਰ ਇਹ ਉਥੇ ਦੇ ਰਹਿਣ ਵਾਲੇ ਲੋਕਾਂ ਭਾਵ ਮੂਲ ਨਿਵਾਸੀਆਂ ਲਈ ਤਾਂ ਪੁਰਾਣਾ ਹੀ ਸੀ। ਇਹ ਲੋਕ ਭਾਵੇਂ ਮੈਕਸੀਕੋ ਦੇ ਮਾਇਆਸ ਜਾਂ ਆਸਟਰੇਲੀਆ ਦੇ ਓਬਰੀਜੀਨਅਸ ਸਨ।
ਇਸਦੇ ਨਾਲ ਹੀ ਯੂਰਪ ਇਕਲਾ ਹੀ ਪੁਰਾਣਾ ਸੰਸਾਰ ਨਹੀਂ ਸੀ, ਸਗੋਂ ਏਸ਼ੀਆ ਤੇ ਅਫਰੀਕਾ ਦੇ ਸੰਸਾਰ ਵੀ ਪੁਰਾਤਨ ਸਨ। ਨਵੇਂ ਅਤੇ ਪੁਰਾਤਨ ਸੰਸਾਰ ਦੀ ਵੰਡ ਨਾ ਸਿਰਫ ਏਸ਼ੀਆ ਤੇ ਅਫਰੀਕਾ ਦੀ ਪੁਰਾਤਨਤਾ ਨੂੰ ਧਿਆਨ ਵਿਚ ਨਹੀਂ ਸੀ ਰਖਦੀ ਸਗੋਂ ਉਹ ਨਵੇਂ ਸੰਸਾਰ ਦੇ ਮੂਲ ਨਿਵਾਸੀਆਂ ਨੂੰ ਵੀ ਰਵਾਇਤੀ ਜਾਂ ਗਵਾਰ ਦਸਦੀ ਸੀ। ਤੀਜੀ ਗਲ ਇਹ ਸੀ ਕਿ ਨਵਾਂ ਸੰਸਾਰ ਅਤੇ ਏਸ਼ੀਆ ਤੇ ਅਫਰੀਕਾ ਦਾ ਵਡਾ ਹਿਸਾ ਬਸਤੀਆਂ ਬਣਾ ਲਏ ਗਏ ਸਨ, ਪਰ ਇਸਦੇ ਬਾਵਜੂਦ ਬਸਤੀਵਾਦ ਆਪਣੇ ਆਪ ਵਿਚ ਹੀ ਇਨ੍ਹਾਂ ਸਾਰੇ ਸਮਾਜਾਂ ਨੂੰ ਇਕੋ ਰਸੇ ਬੰਨਣ ਦਾ ਆਧਾਰ ਮੁਹਈਆ ਨਹੀਂ ਸੀ ਕਰਦਾ। ਕਿਉਂਕਿ ਅਡ-ਅਡ ਦੇਸਾਂ ਤੇ ਇਲਾਕਿਆਂ ਵਿਚ ਬਸਤੀਵਾਦ ਦਾ ਢੰਗ ਵਖੋ ਵਖਰਾ ਸੀ। ਪਰ ਸਭ ਤੋਂ ਮਹਤਵਪੂਰਨ ਗਲ ਇਹ ਹੈ ਕਿ ਇਹ ਦੋਵੇਂ ਹੀ ਵੰਡਾਂ ਪਛਮ ਕੇਂਦਰਿਤ ਸਨ, ਜਿਹੜੀਆਂ ਪਛਮ ਦੀ ਆਧੁਨਿਕਤਾ ਨੂੰ ਹਾਂ ਪਖੀ ਕਹਿ ਕੇ ਵਡਿਆਉਂਦੀਆਂ ਸਨ ਤੇ ਗੈਰ-ਪਛਮ ਦੇ ਰਵਾਇਤੀ-ਪੁਣੇ ਨੂੰ ”ਨਾਂਹ ਪਖੀ” ਕਹਿ ਕੇ ਨਕਾਰਦੀਆਂ ਸਨ। ਬੇਸ਼ਕ ਇਸਦੇ ਬਾਵਜੂਦ ਗੈਰ-ਪਛਮੀ ਮੁਲਕਾਂ ਦੇ ਵਿਦਵਾਨਾਂ ਨੇ ਵੀ ਇਸ ਵੰਡ ਨੂੰ ਬਿਨਾਂ ਕਿਸੇ ਵਿਰੋਧ ਦੇ ਮਾਨਤਾ ਦੇ ਦਿਤੀ।
ਦੁਨੀਆਂ ਦੀ ਤਿੰਨ ਸੰਸਾਰਾਂ ਵਿਚ ਵੰਡ-ਪਹਿਲਾ, ਦੂਜਾ ਤੇ ਤੀਜਾ ਸੰਸਾਰ — ਵਧ ਘਟ ਰੂਪ ਵਿਚ ਦੂਜੀ ਸੰਸਾਰ ਜੰਗ ਤੋਂ ਬਾਅਦ ਹੋਈ। ਤੀਜੇ ਸੰਸਾਰ ਦੇ ਵਿਦਵਾਨਾਂ ਸਮੇਤ ਇਕ ਵਾਰ ਫਿਰ ਹਰ ਕਿਸੇ ਨੇ ਇਸ ਵੰਡ ਉਤੇ ਬਿਨਾ ਝਿਜਕ ਮੋਹਰ ਲਾ ਦਿਤੀ। ਇਹ ਇਸ ਕਰਕੇ ਸੰਭਵ ਹੋਇਆ ਕਿਉਂਕਿ ਕੁਝ ਲੋਕਾਂ ਨੇ ਸਾਬਕਾ ਬਸਤੀਵਾਦੀ ਮੁਲਕਾਂ, ਜਿਹੜੇ ਸਿਆਸੀ ਤੌਰ ਉਤੇ ਆਜ਼ਾਦ ਪਰ ਆਰਥਿਕ ਤੌਰ ਉਤੇ ਪਛੜੇ ਅਤੇ ਕਿਸੇ ਧਿਰ ਨਾਲ ਜੁੜੇ ਹੋਏ ਨਹੀਂ (ਭਾਵ ਨਿਰਪਖ) ਸਨ ਦੇ ਸਮੂਹ ਨੂੰ ਤੀਜਾ ਸੰਸਾਰ ਸਮਝ ਲਿਆ। ਪਰ ਇਸ ਧਾਰਨਾ ਵਿਚ ਵੀ ਕਈ ਉਲਝਣਾਂ ਸਨ। ਸਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਸਾਬਕਾ ਬਸਤੀਵਾਦੀ ਮੁਲਕ ਤੀਜੇ ਸੰਸਾਰ ਵਿਚ ਨਹੀਂ ਰਹੇ। ਨਾ ਸਿਰਫ ਉਹ ਪਹਿਲੇ ਸੰਸਾਰ ਦਾ ਅਨਿਖੜਵਾਂ ਅੰਗ ਬਣ ਗਏ ਸਗੋਂ ਉਨ੍ਹਾਂ ਨੇ ਬਾਕੀ ਸੰਸਾਰ ਦੀ ਅਗਵਾਈ ਕਰਨੀ ਸ਼ੁਰੂ ਕਰ ਦਿਤੀ। ਉਨ੍ਹਾਂ ਵਿਚੋਂ ਹੀ ਇਕ (ਅਮਰੀਕਾ) ਸੰਸਾਰ ਦੀ ਮਹਾਂਸ਼ਕਤੀ ਬਣ ਗਿਆ। ਦੂਜਾ — ਤੀਜੇ ਸੰਸਾਰ ਦੇ ਕੁਝ ਮੁਲਕ ਤਾਂ ਕਦੇ ਵੀ ਬਸਤੀਆਂ ਨਹੀਂ ਬਣੇ। ਮਿਸਾਲ ਦੇ ਤੌਰ ਉਤੇ ਥਾਈਲੈਂਡ ਤੇ ਨੇਪਾਲ। ਤੀਜਾ — ਕੁਝ ਨਿਰਪਖ ਮੁਲਕ (ਮਿਸਾਲ ਦੇ ਤੌਰ ਉਤੇ ਸਾਬਕਾ ਯੂਗੋਸਲਾਵੀਆ) ਦੂਜੇ ਸੰਸਾਰ ਵਿਚ ਆਉਂਦੇ ਹਨ ਨਾ ਕਿ ਤੀਜੇ ਸੰਸਾਰ ਵਿਚ ਅਤੇ ਇਹ ਵੀ ਕਿ ਦੁਨੀਆਂ ਦੀ ਤਿੰਨ ਸੰਸਾਰਾਂ ਵਿਚ ਵੰਡ ਵੀ ਦੁਨੀਆਂ ਦੀ ਦੋ ਹਿਸਿਆਂ ਵਿਚਲੀ ਵੰਡ ਵਿਚੋਂ ਹੀ ਨਿਕਲਦੀ ਹੈ। ਮੁਢ ਵਿਚ ਸੰਸਾਰ ਸਮਾਜ ਨੂੰ ‘ਰਵਾਇਤੀ’ ਅਤੇ ‘ਆਧੁਨਿਕ’ ਦੇ ਹਿਸਿਆਂ ਵਿਚ ਵੰਡ ਲਿਆ ਗਿਆ। ਫਿਰ ਆਧੁਨਿਕ ਹਿਸੇ ਨੂੰ ‘ਕਮਿਊਨਿਸਟ’ ਅਤੇ ਆਜ਼ਾਦ ਮੁਲਕਾਂ ਵਿਚ ਵੰਡ ਲਿਆ ਗਿਆ। ਪਰ ਇਹ ਧਾਰਨਾਵਾਂ ਹਕੀਕੀ ਹਾਲਤਾਂ ਦੀ ਨਹੀਂ ਸਗੋਂ ਆਪਸੀ ਘਿਰਣਾਂ ਦੀ ਪੈਦਾਵਾਰ ਸਨ।
ਦੁਨੀਆਂ ਦੀ ਤਿੰਨ ਸੰਸਾਰਾਂ ਵਿਚ ਵੰਡ ਨਾ ਸਿਰਫ ਦਰੁਸਤ ਨਹੀਂ ਹੈ ਸਗੋਂ ਇਹ ਇਕ ਖਾਸ ਧਾਰਨਾ ਦੀ ਪੈਦਾਇਸ਼ ਹੈ। ਤੀਜੇ ਸੰਸਾਰ ਦੇ ਰਵਾਇਤੀ ਸਮਾਜ ‘ਆਧੁਨਿਕ’ ਤਾਂ ਬਣਨਗੇ, ਪਰ ਮਸਲਾ ਇਹ ਹੈ ਕਿ ਉਹ ਆਧੁਨਿਕਤਾ ਕਿਸ ਕਿਸਮ ਦੀ ਹੋਵੇਗੀ। ਪਹਿਲੇ ਸੰਸਾਰ ਦੀ ‘ਸੁਭਾਵਿਕ’ ਆਧੁਨਿਕਤਾ ਜਾਂ ਦੂਜੇ ਸੰਸਾਰ ਦੀ ਜਾਗਰਿਤ ਆਧੁਨਿਕਤਾ। ਇਨ੍ਹਾਂ ਦੋਹਾਂ ਤਰ੍ਹਾਂ ਦੀ ਆਧੁਨਿਕਤਾ ਦੇ ਪੈਰੋਕਾਰ ਇਕ ਦੂਜੇ ਦੀ ਆਧੁਨਿਕਤਾ ਨੂੰ ‘ਵਿਗੜੀ’ ਹੋਈ ਕਰਾਰ ਦੇਂਦੇ ਹਨ। ਸੀਤ ਜੰਗ ਤੀਜੇ ਸੰਸਾਰ ਨੂੰ ਇਸ ਵਿਗੜੀ ਹੋਈ ਆਧੁਨਿਕਤਾ ਦੇ ਸ਼ਿਕੰਜੇ ਵਿਚ ਫਸਣ ਤੋਂ ਬਚਾਉਣ ਬਾਰੇ ਹੀ ਸੀ।
ਸੰਸਾਰ ਦੀ ਦੂਹਰੀ ਅਤੇ ਤੀਹਰੀ ਵੰਡ ਨੇ ਪਹਿਲੇ ਸੰਸਾਰ ਅਤੇ ਆਧੁਨਿਕ ਸਮਾਜ ਦੀ ਵਿਸ਼ੇਸ਼ ਲਾਹੇਵੰਦ ਥਾਂ ਨਿਰਧਾਰਿਤ ਕਰ ਦਿਤੀ ਹੈ। ਸੋਵੀਅਤ ਯੂਨੀਅਨ ਦੇ ਟੁਟਣ ਤੇ ਚੀਨ ਅਤੇ ਕਿਉਬਾ ਦੀ ਹੋਂਦ ਦੇ ਬਾਵਜੂਦ 1989 ਵਿਚ ਲਗਪਗ ਦੂਜੇ ਸੰਸਾਰ ਦੇ ਖਾਤਮੇ ਨੇ ਇਕ ਸੰਸਾਰ ਅਤੇ ਸੰਸਾਰ ਸਮਾਜ ਦੀ ਗਲ ਆਮ ਬਣਾ ਦਿਤੀ ਹੈ। ਇਹ ਧਾਰਨਾ ਆਪਣੇ ਆਪ ਵਿਚ ਹੀ ਤੀਜੇ ਸੰਸਾਰ ਦੇ ਅਣਗੌਲੇ ਹੋਣ ਦਾ ਸਬੂਤ ਹੈ, ਜਿਹੜਾ ਪਹਿਲੇ ਤੇ ਦੂਜੇ ਦੋਹਾਂ ਸੰਸਾਰਾਂ ਦੀ ‘ਬਸਤੀਵਾਦੀ’ ਵਸਤੂ ਬਣ ਕੇ ਰਹਿ ਗਿਆ ਹੈ। ਦੂਜੇ ਸੰਸਾਰ ਦੇ ਖਾਤਮੇ ਨਾਲ ਤੀਜੇ ਸੰਸਾਰ ਨੂੰ ਵੀ ਖਤਮ ਸਮਝ ਲਿਆ ਗਿਆ ਹੈ ਅਤੇ ਹੁਣ ਇਕ ਸੰਸਾਰ ਦੀ ਧਾਰਨਾ ਆਮ ਹੈ। ਭਾਵੇਂ ਸੰਸਾਰੀਕਰਨ ਦੀ ਗਲ ਸੋਵੀਅਤ ਯੂਨੀਅਨ ਦੇ ਟੁਟਣ ਤੋਂ ਬਾਅਦ ਹੀ ਪ੍ਰਚਲਤ ਹੋਈ ਹੈ, ਪਰ ਬਹੁਤੇ ਲੇਖਕ ਇਸਦਾ ਆਰੰਭ, ਉਪਰੋਕਤ ਵਾਂਗ 1500 ਈਸਵੀ ਹੀ ਮੰਨਦੇ ਹਨ। ਇਸਦਾ ਮਤਲਬ ਹੈ ਕਿ ਸੰਸਾਰੀਕਰਨ ਦਾ ਇਤਿਹਾਸ ਪਛਮ ਦੇ ਇਤਿਹਾਸ ਨਾਲ ਹੀ ਸ਼ੁਰੂ ਹੁੰਦਾ ਹੈ। ਇਹ ਦ੍ਰਿਸ਼ਟੀਕੋਣ ਨਾ ਸਿਰਫ ਭੂਗੋਲਿਕ ਪਖੋਂ ਊਣਾ ਹੈ, ਕਿਉਂਕਿ ਇਹ ਸਿਰਫ ਪਛਮ ਤੋਂ ਨਿਰਧਾਰਿਤ ਹੁੰਦਾ ਹੈ, ਸਗੋਂ ਇਤਿਹਾਸਕ ਤੌਰ ਉਤੇ ਵੀ ਖੋਖਲਾ ਹੈ। ਇਹ 1500 ਈਸਵੀ ਤੋਂ ਪਹਿਲਾਂ ਸਭਿਅਤਾ ਦੇ ਗੈਰ-ਪਛਮੀ ਕੇਂਦਰਾਂ ਤੋਂ ਇਕ ਦੂਜੇ ਦੇਸਾਂ ਨਾਲ ਕੀਤੇ ਜਾਂਦੇ ਵਪਾਰ ਤੇ ਧਾਰਮਿਕ ਸਬੰਧਾਂ ਨੂੰ ਅਣਗੌਲਿਆਂ ਕਰਦਾ ਹੈ।
ਜਿਹੜੇ ਲੋਕ ਸੰਸਾਰ ਨੂੰ ਇਕ ਇਕਾਈ ਵਜੋਂ ਦੇਖਦੇ ਹਨ ਉਹ ਇਸਨੂੰ ਕਈ ਪਖਾਂ ਤੋਂ ਇਕਹਿਰਾ ਮੰਨਦੇ ਹਨ। ਜਿਵੇਂ ਕਿ ਇਕ ਸਾਂਝਾ ਸੰਚਾਰ ਪ੍ਰਬੰਧ, ਸੰਸਾਰ ਪੂੰਜੀਵਾਦੀ ਪ੍ਰਬੰਧ, ਸਾਂਝੀ ਜ਼ਿੰਦਗੀ ਜਿਉਣ ਦੇ ਢੰਗ, ਇਕ ਸਾਂਝਾ ਪੈਦਾਵਾਰੀ ਤੇ ਵਿਤੀ ਢਾਂਚਾ, ਸੰਸਾਰ ਪਧਰ ਉਤੇ ਫੈਲ ਰਹੇ ਸਮਾਜੀ ਰਿਸ਼ਤੇ ਆਦਿ। ਇਸ ਤਰਾਂ ਉਹ ਸੰਸਾਰ ਨੂੰ ਕਈ ਪਖਾਂ ਵਿਚ ਵੰਡ ਲੈਂਦੇ ਹਨ ਮਸਲਨ ਆਰਥਿਕ, ਸਿਆਸੀ, ਸਭਿਆਚਾਰਕ, ਸਮਾਜਿਕ ਆਦਿ। ਪਰ ਸੰਸਾਰ ਹਾਲੇ ਵੀ ਇਕ ਇਕਹਿਰਾ ਨਹੀਂ ਹੈ, ਸਗੋਂ ਸਮੂਹ ਹੈ। ਸਿਰਫ ਸੋਚਣ ਦਾ ਢੰਗ ਬਦਲ ਗਿਆ ਹੈ। ਫਿਰ ਵੀ ਕੁਝ ਲੋਕ ਹਨ ਜਿਹੜੇ ਸੰਸਾਰੀਕਰਨ ਨੂੰ ਇਕ ਅੰਤਮ ਵਰਤਾਰਾ ਸਮਝਦੇ ਹਨ। ਜਿਸ ਨਾਲ ਸੰਸਾਰ ਭਰ ਦੇ ਲੋਕ ਇਕ ਇਕਹਿਰੇ ਸੰਸਾਰ ਭਾਈਚਾਰੇ ਵਿਚ ਸ਼ਾਮਲ ਹੋ ਜਾਣਗੇ। ਪਰ ਉਹ ਸਮਾਜੀ ਹਕੀਕਤ ਦੇ ਕਈ ਅਹਿਮ ਪਖਾਂ ਨੂੰ ਅਣਗੌਲਿਆ ਕਰ ਰਹੇ ਹਨ। ਤਕਨੀਕੀ ਤੇ ਸੰਚਾਰ ਸਾਧਨਾਂ ਦੀ ਸਾਂਝ ਦੇ ਨਜ਼ਰੀਏ ਤੋਂ ਦੇਖਿਆ ਭਾਵੇਂ ਕੋਈ ‘ਸੰਸਾਰ ਭਾਈਚਾਰੇ ਦੀ ਹੋਂਦ ਤੋਂ ਇਨਕਾਰ ਨਹੀਂ ਕਰ ਸਕਦਾ, ਪਰ ਮਨੁਖੀ ਵਸੋਂ ਦੀ ਸਿਰਫ ਇਕ ਛੋਟੀ ਜਿਹੀ ਗਿਣਤੀ ਹੀ ਇਸਦੇ ਘੇਰੇ ਵਿਚ ਆਉਂਦੀ ਹੈ।
ਦੂਜੇ ਪਾਸੇ ਜਦੋਂ ਕਦਰਾਂ ਕੀਮਤਾਂ ਤੇ ਸੰਸਥਾਵਾਂ ਦੂਰਦਰਾਡੇ ਢੋਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਸੁਮੇਲ ਹੋ ਜਾਂਦਾ ਹੈ। ਪਰ ਫਿਰ ਵੀ ਭਾਰਤ ਅਤੇ ਜਪਾਨ ਦੇ ਬੁਧ ਧਰਮ, ਇਰਾਨ ਅਤੇ ਇੰਡੋਨੇਸ਼ੀਆ ਦੇ ਇਸਲਾਮ, ਇਟਲੀ ਅਤੇ ਬਰਾਜ਼ੀਲ ਦੇ ਕੈਥੋਲਿਕਵਾਦ, ਬਰਤਾਨੀਆ ਅਤੇ ਅਮਰੀਕਾ ਦੇ ਪ੍ਰੋਟੈਸਟੈਟਵਾਦ ਅਡ-ਅਡ ਹਨ। ਭਾਵ ਸੰਸਾਰੀਕਰਨ ਆਪਣੇ ਆਪ ਵਿਚ ਬਹੁਲਵਾਦ ਦੇ ਤਤ ਵੀ ਸਮੋਈ ਬੈਠਾ ਹੈ। ਇਕ ਸੰਸਾਰ ਕਈ ਸੰਸਾਰਾਂ ਵਿਚ ਵੰਡਿਆ ਹੋਇਆ ਹੈ। ਇਸਲਾਮਿਕ ਸਮਾਜਵਾਦ, ਜਪਾਨੀ ਆਧੁਨਿਕਤਾਵਾਦ, ਹਿੰਦੂ ਪੂੰਜੀਵਾਦ — ਇਸ ਬਹੁਲਵਾਦ ਦੇ ਕੁਝ ਕੁ ਪ੍ਰਗਟਾਵੇ ਹਨ। ਇਕ ਇਕਹਿਰੇ ਸੰਸਾਰ ਤੇ ਸੰਸਾਰ ਸਮਾਜ ਦੀ ਗਲ ਵੰਨਸੁਵੰਨਤਾ ਦੇ ਸੰਸਾਰੀਕਰਨ ਨੂੰ ਅਣਗੌਲਿਆ ਕਰਦਾ ਹੈ। ਇਕ ਦੂਜੇ ਦੇ ਵਿਚਾਰਾਂ ਨੂੰ ਆਪਣੇ ਵਿਚ ਜਜ਼ਬ ਕਰ ਲੈਣ ਦੀ ਸਮਰਥਾ ਤੇ ਬਹੁਲਵਾਦ ਦੀ ਕਿਰਿਆ ਕਾਰਨ ਇਕ ਸਭਿਆਚਾਰ ਤੇ ਇਕ ਸਭਿਅਤਾ ਵਾਲੇ ਸੰਸਾਰ ਸਮਾਜ ਦੀ ਹੋਂਦ ਸੰਭਵ ਨਹੀਂ ਹੈ। ਇਸ ਦੀ ਲੋੜ ਵੀ ਨਹੀਂ ਹੈ। ਕਿਉਂਕਿ ਇਹ ਅਡ-ਅਡ ਸਮਾਜਾਂ ਤੇ ਸਭਿਅਤਾਵਾਂ ਦੀਆਂ ਵਿਲਖਣਤਾਵਾਂ ਦਾ ਨਾਸ ਕਰਦਾ ਹੈ। (‘ਦੇਸ ਪੰਜਾਬ’ ਵਿਚੋਂ)

Leave a Reply

Your email address will not be published. Required fields are marked *