ਲੋਕ ਸਭਾ ਚੋਣ ਨਤੀਜਿਆਂ ਦੀ ਹਕੀਕਤ ਜਾਣਨ ਲਈ ਥੋੜਾ ਜਿਹਾ ਪਿਛੇ ਝਾਤੀ ਮਾਰੀਏ ਤਾਂ ਸਪਸ਼ਟ ਨਜਰ ਆਉਦਾ ਹੈ ਕਿ  ਹਿੰਦੁਤਵੀ ਰਾਜਨੀਤੀ ਦੀ ਸ਼ੁਰੂਆਤ ਇੰਦਰਾ ਗਾਂਧੀ ਨੇ ਕੀਤੀ ਸੀ, ਜਿਸ ਨੂੰ ਆਪਣੀ ਚਰਮ ਸੀਮਾ ਉਤੇ ਮੋਦੀ-ਸ਼ਾਹ ਜੋੜੀ ਨੇ ਪੁਚਾਇਆ ਹੈ। 1977 ਵਿਚ ਪਾਰਲੀਮੈਂਟ ਦੀਆਂ ਚੋਣਾਂ ਹਾਰ ਕੇ ਜਦੋਂ 1980 ਵਿਚ ਇੰਦਰਾ ਗਾਂਧੀ ਦੁਬਾਰਾ ਕੇਂਦਰ ਸਰਕਾਰ ਉਤੇ ਕਾਬਜ਼ ਹੋਈ ਤਾਂ ਉਸ ਨੇ ਭਾਰਤੀ ਰਾਜਨੀਤੀ ਅੰਦਰ ਸੁਚੇਤ ਰੂਪ ਵਿਚ ਹਿੰਦੁਤਵੀ ਰਾਜਨੀਤੀ ਨੂੰ ਉਭਾਰਨਾ ਸ਼ੁਰੂ ਕੀਤਾ। ਨਵੇਂ-ਨਵੇਂ ਹੋਂਦ ਵਿਚ ਆਏ ਤੇ ਭਾਰਤ ਭਰ ਵਿਚ ਛਾਏ ਟੀ ਵੀ ਉਤੇ ਉਸ ਨੇ ਆਪਣੀਆਂ ਹਿੰਦੂ ਮੰਦਰਾਂ ਦੀਆਂ ਕੀਤੀਆਂ ਜਾ ਰਹੀਆਂ ਯਾਤਰਾਵਾਂ ਤੇ ਹਿੰਦੂ ਮਠਾਂ ਦੇ ਸ਼ੰਕਰਾਚਾਰੀਆਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਨੂੰ ਖੂਬ ਪ੍ਰਚਾਰਿਆ। ਇਸ ਪ੍ਰਚਾਰ ਨੇ ਉਸ ਨੂੰ ਹਿੰਦੂਆਂ ਦੇ ਇਕ ਆਗੂ ਵਜੋਂ ਉਭਰਨ ਵਿਚ ਸਹਾਇਤਾ ਕੀਤੀ। 1980 ਦੀਆਂ ਹੋਈਆਂ ਅਸੈਂਬਲੀ ਚੋਣਾਂ ਵਿਚ ਦਿਲੀ ਅਤੇ ਜੰਮੂ ਅੰਦਰ ਮਿਲੀ ਭਾਰੀ ਸਫ਼ਲਤਾ ਨੇ ਇੰਦਰਾ ਗਾਂਧੀ ਦੀਆਂ ਅੱਖਾਂ ਚੁੰਧਿਆ ਦਿਤੀਆਂ। ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਦੀ ਸਰਕਾਰ ਦੇ ਹੋਂਦ ਵਿਚ ਆਉਣ ਤੇ ਥੋੜ੍ਹੇ ਹੀ ਸਮੇਂ ਵਿਚ ਅਸਫ਼ਲ ਹੋ ਜਾਣ ਦੇ ਕਾਰਨ ਦੇਸ ਭਰ ਵਿਚ ਪਸਰੇ ਰਾਜਸੀ, ਸਮਾਜੀ ਤੇ ਆਰਥਿਕ ਸੰਕਟ ਦਾ ਹੱਲ ਇੰਦਰਾ ਗਾਂਧੀ ਨੂੰ ਹਿੰਦੂ ‘ਬਹੁਗਿਣਤੀ’ ਦੇ ਧਾਰਮਿਕ ਜਜ਼ਬਾਤ ਭੜਕਾ ਕੇ ਆਪਣੇ ਮਗਰ ਲਾਮਬੰਦ ਕਰਨ ਦੇ ਰੂਪ ਵਿਚ ਮਿਲ ਗਿਆ।  ਪੰਜਾਬ ਅੰਦਰ ਦਿਨੋਂ ਦਿਨ ਤੇਜ ਹੋ ਰਹੇ ਸਿਖ ਸੰਘਰਸ਼ ਦਾ ਕੋਈ ਵਾਜਬ ਹੱਲ ਲਭਣ ਦੀ ਬਜਾਇ ਉਸ ਨੇ ਇਸ ਨੂੰ ਦੇਸ ਭਰ ਵਿਚ ਹਿੰਦੂ ਜਨੂੰਨ ਭੜਕਾਉਣ ਲਈ ਵਰਤਿਆ। ਪੰਜਾਬ ਦੀਆਂ ਜਾਇਜ ਮੰਗਾਂ ਲਈ ਲੜੇ ਜਾ ਰਹੇ ਸੰਘਰਸ਼ ਨੂੰ ਜਾਣਬੁਝ ਹਿੰਦੂ-ਸਿਖ ਮਸਲਾ ਬਣਾ ਕੇ ਪੇਸ ਕੀਤਾ ਗਿਆ। ਸਿਖ ਵਿਰੋਧੀ ਭੜਕਾਏ ਇਸ ਫਿਰਕੂ ਜਨੂੰਨ ਦਾ ਸਿਟਾ ਇਹ ਨਿਕਲਿਆ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ 1984 ਵਿਚ ਦੇਸ ਦੀ ਰਾਜਧਾਨੀ ਦਿਲੀ ਅਤੇ ਹੋਰਨਾਂ ਥਾਂਵਾਂ ਉਤੇ ਸਿਖ ਕਤਲੇਆਮ ਹੋਇਆ ਅਤੇ ਦਸੰਬਰ 1984 ਵਿਚ ਰਾਜੀਵ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ‘ਅਜ਼ਾਦ’ ਦੇਸ ਦੇ ਇਤਿਹਾਸ ਵਿਚ ਲੋਕ ਸਭਾ ਦੀਆਂ ਸਭ ਤੋਂ ਵਧ ਸੀਟਾਂ ਲੈ ਕੇ ਜਿਤੀ। ਭਾਰਤੀ ਜਨਤਾ ਪਾਰਟੀ ਨੂੰ ਉਨ੍ਹਾਂ ਲੋਕ ਸਭਾ ਚੋਣਾਂ ਵਿਚ ਸਿਰਫ ਦੋ ਸੀਟਾਂ ਮਿਲੀਆ।
ਲਾਲ ਕ੍ਰਿਸ਼ਨ ਅਡਵਾਨੀ ਨੇ ਸੰਘ ਪਰਿਵਾਰ ਦੀਆਂ ਸਮੂਹ ਜਥੇਬਦੀਆਂ ਨੂੰ ਨਾਲ ਲੈ ਕੇ ਆਪਣੀ ਕਮੰਡਲ ਰਾਜਨੀਤੀ ਦਾ ਆਰੰਭ ਕੀਤਾ। ਹਿੰਦੂ ਫਾਸ਼ੀਵਾਦ ਫੈਲਾਉਣ ਦੀ ਕਾਂਗਰਸ ਦੀ ਸੀਮਤਾਈ ਦਾ ਉਸ ਨੂੰ ਪਤਾ ਸੀ। ਇਸ ਲਈ ਉਸ ਨੇ ਸਿਰਫ ਏਨਾ ਹੀ ਕੀਤਾ ਕਿ ਇਸ ਫਿਰਕੂ ਹਿੰਦੂ ਜਨੂੰਨ ਨੂੰ ਦੇਸ ਪਧਰੀ ਹੋਰ ਵਡੇਰਾ ਰੂਪ ਦੇਣ ਲਈ ਸਿਖਾਂ ਦੇ ਨਾਲ-ਨਾਲ ਹਿੰਦੂ ਿਫਰਕਾਪ੍ਰਸਤਾਂ ਨੂੰ ਮੁਸਲਮਾਨਾਂ ਵਿਰੁਧ ਭੜਕਾਉਣ ਦੀ ਤਰਕੀਬ ਲਭੀ ਅਤੇ ਅਯੁਧਿਆ ਵਿਚ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਬਣਾਉਣ ਦੇ ਨਿਸ਼ਾਨੇ ਨੂੰ ਲੈ ਕੇ ਗੁਜਰਾਤ ਦੇ ਸੋਮਨਾਥ ਮੰਦਰ ਤੋਂ ਅਯੁਧਿਆ ਤਕ ਰਥ ਯਾਤਰਾ ਸ਼ੁਰੂ ਕਰ ਦਿਤੀ। ਜਿਸ ਦੌਰਾਨ ਧੂੰਆਂਧਾਰ ਮੁਸਲਿਮ ਵਿਰੋਧੀ ਨਫ਼ਰਤ ਫੈਲਾਈ ਗਈ। ਇਸ ਨਫ਼ਰਤ ਨੂੰ ਪ੍ਰਚੰਡ ਕਰਨ ਲਈ ਅਨੇਕ ਥਾਵਾਂ ਉਤੇ ਮੁਸਲਿਮ ਵਿਰੋਧੀ ਦੰਗੇ ਕਰਵਾਏ ਗਏ। ਇਸ ਰਥ ਯਾਤਰਾ ਜਾਂ ਕਹਿ ਲਓ ਕਿ ਹਿੰਦੁਤਵੀ ਰਾਜਨੀਤੀ ਦੀ ਦਿਸ਼ਾ ਤਬਦੀਲੀ ਦਾ ਕਮਾਲ ਸੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ 1984 ਦੀਆਂ ਲੋਕ ਸਭਾ ਚੋਣਾਂ ਵਿਚ ਸਿਰਫ 2 ਸੀਟਾਂ ਮਿਲੀਆਂ ਸਨ, ਉਸੇ ਭਾਰਤੀ ਜਨਤਾ ਪਾਰਟੀ ਨੂੰ 1991 ਦੀਆਂ ਚੋਣਾਂ ਵਿਚ 89 ਸੀਟਾਂ ਮਿਲੀਆਂ। ਹਿੰਦੁਤਵੀ ਰਾਜਨੀਤੀ ਦੇ ਰਥ ਉਤੇ ਅਸਵਾਰ ਹੋ ਕੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਸ਼ਹੀਦ ਕੀਤੀ ਗਈ। ਸੈਂਕੜੇ ਦੀ ਗਿਣਤੀ ਵਿਚ ਮੁਸਲਮਾਨ ਕਤਲ ਕੀਤੇ ਗਏ। ਕੇਂਦਰ ਸਰਕਾਰ ਦੇ ਮੌਜੂਦਾ ਮੰਤਰੀ ਪ੍ਰਤਾਪ ਸਾਰੰਗੀ ਦੀ ਅਗਵਾਈ ਹੇਠਲੇ ਬਜਰੰਗ ਦਲ ਨੇ ਉੜੀਸਾ ਵਿਚ ਇਕ ਆਸਟ੍ਰੇਲੀਅਨ ਇਸਾਈ ਪਾਦਰੀ ਤੇ ਉਸ ਦੇ 2 ਮਾਸੂਮ ਬਚੇ ਜਿਉਂਦੇ ਸਾੜੇ ਗਏ। ਇਨ੍ਹਾਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਮੁੰਬਈ ਵਿਚ ਬੰਬ ਧਮਾਕੇ ਹੋਏ। ਅਨੇਕਾਂ ਨਿਰਦੋਸ਼ ਜਾਨਾਂ ਇਸ ਰਾਜਨੀਤੀ ਦੀ ਭੇਂਟ ਚੜ੍ਹ ਗਈਆ। ਫਲਸਰੂਪ ਪਾਰਲੀਮੈਂਟ ਵਿਚ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਵਧਦੀ ਰਹੀ ਅਤੇ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਘਟਦੀ ਰਹੀ। ਇਹ ਸਾਰਾ ਸਮਾਂ ਭਾਰਤੀ ਜਨਤਾ ਪਾਰਟੀ ਨੇ ਮੁਸਲਮਾਨ, ਇਸਾਈ ਤੇ ਸਿਖ ਵਿਰੋਧੀ ਨਫ਼ਰਤ ਦੀ ਭਠੀ ਲਗਾਤਾਰ ਬਲ਼ਦੀ ਰਖੀ। ਇਸੇ ਦੌਰਾਨ ਮੋਦੀ-ਸ਼ਾਹ ਜੋੜੀ ਨੇ ਰਲ ਕੇ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ, ਜਿਸਦੀ ਸਚਾਈ ਗੁਰਰਾਤ ਫਾਈਲਾਂ ਵਿਚ ਬਿਆਨ ਕੀਤੀ ਹੋਈ ਹੈ। ਆਰ ਐਸ ਐਸ ਤੇ ਇਸ ਨਾਲ ਜੁੜੀਆਂ ਹੋਈਆ ਸਾਰੀਆਂ ਜਥੇਬੰਦੀਆਂ ਸਿਰਫ ਇਕ ਨੁਕਤੇ ਉਤੇ ਸਹਿਮਤ ਹਨ ਕਿ ਇਹ ਇਕ ਹਿੰਦੂ ਦੇਸ ਹੈ ਅਤੇ ਬਹੁਗਿਣਤੀ ਹਿੰਦੂ ਹੀ ਇਸ ਦੇਸ ਦੇ ਅਸਲੀ ਵਾਰਿਸ ਹਨ। ਇਸ ਦੇਸ ਵਿਚ ਵਸਦੇ ਮੁਸਲਮਾਨ ਤੇ ਇਸਾਈ ਧਰਮ ਦੇ ਲੋਕ ਬਾਹਰੋਂ ਆਏ ਹਮਲਾਵਰ ਹਨ ਅਤੇ ਇਨ੍ਹਾਂ ਲੋਕਾਂ ਦਾ ਇਸ ਦੇਸ ਉਤੇ ਕੋਈ ਇਖਲਾਕੀ ਦਾਅਵਾ ਨਹੀਂ ਹੈ। ਆਰ ਐਸ ਐਸ ਦੀ ਅਗਵਾਈ ਹੇਠ ਬ੍ਰਾਹਮਣਵਾਦ ਤੇ ਬਾਣੀਆਵਾਦ ਦਾ ਹੋਇਆ ਇਹ ਗਠਜੋੜ ਸਾਮਰਾਜੀ ਹਵਸ ਦਾ ਕੇਂਦਰਿਤ ਪ੍ਰਗਟਾਵਾ ਹੈ। ਇਸ ਗਠਜੋੜ ਨੇ ਸਾਰੇ ਸਰਕਾਰੀ ਅਦਾਰਿਆਂ ਨੂੰ ਅਗਵਾ ਕਰਕੇ ਤੇ ਬੇਹਿਸਾਬੇ ਪੈਸੇ ਤੇ ਪ੍ਰਚਾਰ ਤੰਤਰ ਦੇ ਜੋਰ ਨਾਲ ਇਹ  ਲੋਕ ਸਭਾ ਚੋਣਾਂ ਜਿਤੀਆ ਨਹੀਂ ਬਲਕਿ ਅਗਵਾ ਕੀਤੀਆ ਹਨ। ਨਿਰੋਲ ਝੂਠ ਉਤੇ ਟੇਕ ਰਖ ਕੇ ਲਿਆ ਇਹ ਰਾਜ ਕੀ ਗੁਲ ਖਿਲਾਏਗਾ, ਇਹ ਭਵਿਖ ਹੀ ਦਸੇਗਾ।

Leave a Reply

Your email address will not be published. Required fields are marked *