ਸਿਖ ਮਨਾਂ ਉਤੇ ਜੂਨ 1984 ਦੇ ਲਗੇ ਗਹਿਰੇ ਜਖ਼ਮ ਉਨ੍ਹਾਂ ਨੂੰ ਵਾਰ-ਵਾਰ ਕੁਝ ਗੰਭੀਰ ਸੋਚਣ ਲਈ ਮਜਬੂਰ ਕਰਦੇ ਹਨ। ਪਰ ਕਿਸੇ ਦਰੁਸਤ ਸਿਧਾਂਤਕ ਅਗਵਾਈ ਦੀ ਘਾਟ ਕਾਰਨ ਉਹ ਫਿਰ ਉਲਝਣਾਂ ਵਿਚ ਫਸ ਜਾਂਦੇ ਹਨ। ਜੇ ਥੋੜਾ ਜਿਹਾ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਸਮਝ ਆਉਂਦਾ ਹੈ ਕਿ ਸਿਖ ਪੰਥ ਦੀ ਇਸ ਦੁਰਦਸ਼ਾ ਦਾ ਇਕ ਮੁਖ ਕਾਰਨ ਉਸਦੇ ਰਾਜਸੀ ਵਰਗ ਦੀ ਕਹਿਣੀ ਤੇ ਕਰਨੀ ਵਿਚਲਾ ਵਡਾ ਪਾੜਾ ਹੈ। ਇਹ ਰਾਜਸੀ ਆਗੂ ਸਿਖ ਅਤੇ ਗੁਰੂ ਇਤਿਹਾਸ ਦੀ ਬੜੀ ਕਮਾਲ ਦੀ ਪੇਸ਼ਕਾਰੀ ਕਰਦੇ ਹਨ ਪਰ ਇਸ ਇਤਿਹਾਸ ਪਿਛੇ ਕੰਮ ਕਰਦੀ ਫਿਲਾਸਫੀ ਨੂੰ ਆਪਣੇ ਰਾਜਨੀਤਕ ਅਮਲ ਵਿਚ ਢਾਲਣ ਤੋਂ ਦੜ ਵਟ ਜਾਂਦੇ ਹਨ।
ਜਦੋਂ ਪੰਥਕ ਜਜਬੇ ਵਾਲੇ ਸਿਖ ਉਨ੍ਹਾਂ ਦੀ ਇਸ ਕਮਜੋਰੀ ਵੱਲ ਧਿਆਨ ਦੁਆਉਂਦੇ ਹਨ ਤਾਂ ਇਹ ਉਨ੍ਹਾਂ ਨੂੰ ਕੋਸਣ ਲਗ ਪੈਂਦੇ ਹਨ। ਬੇਹਿਸਾਬੀ ਕਾਲੀ ਕਮਾਈ, ਮਨੂੰਵਾਦੀ ਪ੍ਰੈਸ ਅਤੇ ਸਰਕਾਰੀ ਤਾਕਤ ਦੀ ਦੁਰਵਰਤੋਂ ਨਾਲ ਇਹ ਰਾਜਸੀ ਆਗੂ ਹਰ ਕਿਸਮ ਦਾ ਝੂਠ ਬੋਲ ਕੇ ਪੰਥਕ ਜਜਬੇ ਵਾਲੇ ਸਿਖਾਂ ਨੂੰ ਬਦਨਾਮ ਕਰਦੇ ਹਨ। ਗੁਰੂ ਗੋਬਿੰਦ ²ਸਿੰਘ ਜੀ ਨੇ ਤਿੰਨ ਸਦੀਆਂ ਪਹਿਲਾਂ ਇਹ ਬਚਨ ਕਹੇ ਸਨ, ਜਿਨ੍ਹਾਂ ਨੂੰ ਭਾਈ ਰਤਨ ਸਿੰਘ ਭੰਗੂ ਨੇ ‘ਪੰਥ ਪ੍ਰਕਾਸ਼’ ਵਿਚ ਕਲਮਬਧ ਕੀਤਾ ਹੈ —
ਸਤ ਸਨਾਤ ਔ ਬਾਰਹ ਜਾਤ। ਜਾਨੇ ਨਹਿ ਰਾਜਨੀਤ ਕੀ ਬਾਤ।
ਇਨ ਗ੍ਰੀਬ ਸਿੰਘਨ ਕੋ ਦਯੋ ਪਤਿਸ਼ਾਹੀ। ਏ ਯਾਦ ਰਖੈ ਹਮਰੀ ਗੁਰਿਆਈ।
ਗਿਆਨੀ ਗਿਆਨ ਸਿੰਘ ਨੇ ਗੁਰੂ ਸਾਹਿਬ ਦੀ ਇਸੇ ਵਚਨਬਧਤਾ ਦਾ ਜ਼ਿਕਰ ਆਪਣੇ ਇਸ ਅੰਦਾਜ਼ ਵਿਚ ਕੀਤਾ ਹੈ —
ਇਨ ਚਿੜੀਅਨ ਤੇ ਬਾਜ ਤੁੜਾਵੋਂ। ਅਜਾ ਸੁਤਨ ਤੇ ਸ਼ੇਰ ਕੁਹਾਵੋ।
ਸਿਖਨ ਕੋ ਭੁਗਤੈ ਹੋ ਰਾਜ। ਤਬੈ ਸਦੇ ਹੋ ਗਰੀਬ ਨਿਵਾਜ।”
ਗੁਰੂ ਸਾਹਿਬ ਦਾ ਕਹਿਣਾ ਸੀ ਕਿ ਸਮਾਜੀ ਪਧਰ ਉਤੇ ਜਿਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਪੈਰਾਂ ਹੇਠ ਮਸਲਿਆ ਜਾ ਰਿਹਾ ਹੈ ਉਹ ਇਸ ਧਰਤੀ ਦੇ ਅਸਲ ਵਾਰਿਸ ਹਨ। ਨਿਰਾ ਕਿਹਾ ਹੀ ਨਹੀ ਸਗੋਂ ਆਪਣੇ ਦਰਬਾਰ ਵਿਚ — ਆਪਣੇ ਆਲੇਦੁਆਲੇ ਵਿਚ — ਆਪਣੇ ਸਿਖਾਂ ਦੇ ਰੋਜ਼ਮਰ੍ਹਾ ਜੀਵਨ ਵਿਚ ਇਸ ਇਨਕਲਾਬੀ ਸਿਧਾਂਤ ਨੂੰ ਵਿਹਾਰ ਵਿਚ ਢਾਲ ਕੇ ਵਿਖਾਇਆ। ਸਿਖੀ ਦੀ ਜਥੇਬੰਦਕ ਬਣਤਰ ਅਤੇ ਆਚਰਣ ਵਿਚ ਹਰ ਕਿਸਮ ਦੀ ਤ੍ਰਿਸਕਾਰ ਵਾਲੀ ਬਿਪਰਨ ਕੀ ਰੀਤ ਨੂੰ ਪੂਰੀ ਤਰ੍ਹਾਂ ਨਕਾਰ ਕੇ ਇਕ ਨਵੇਂ ਲੁਟ ਮੁਕਤ ਸਮਾਜ ਦਾ ਸੰਕਲਪ ਘੜਿਆ। ਗੁਰੂ ਸਾਹਿਬ ਨੇ ਪਛੜੇ ਵਰਗਾਂ ਦੀ ਬਾਂਹ ਫੜੀ ਅਤੇ ਉਸਦੀ ਸਰਦਾਰੀ ਕਾਇਮ ਕਰਨ ਲਈ ਇਕ ਵਡੇ ਇਨਕਲਾਬ ਦਾ ਮੁਢ ਬੰਨ੍ਹਿਆ। ਗੁਰੂ ਸਾਹਿਬ ਦੇ ਵੇਲੇ ਭਾਰਤੀ ਸਮਾਜ ਵਿਚ ਧਾਰਮਿਕ ਆਧਾਰ ਉਤੇ ਤਣਾਅ, ਖਿਚੋਤਾਣ ਤੇ ਵੰਡੀਆਂ ਪਈਆ ਹੋਈਆ ਸਨ। ਦਸਮ ਪਾਤਸ਼ਾਹ ਨੇ ਆਪਣੀ ਬਾਣੀ ਅਤੇ ਆਪਣੇ ਅਮਲ ਰਾਹੀਂ ਇਸ ਵਿਤਕਰੇ ਨੂੰ ਨਕਾਰ ਕੇ ਸੰਪੂਰਨ ਮਨੁਖ ਜਾਤੀ ਵਿਚ ਬਰਾਬਰੀ, ਆਜਾਦੀ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਦਾ ਮਹਾਨ ਕਾਰਜ ਕੀਤਾ।
ਗੁਰੂ ਸਾਹਿਬ ਦੇ ਪਵਿਤਰ ਬਚਨ ਹਨ —
ਕੋਊ ਭਇਓ ਮੁੰਡੀਆ ਸਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ।
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।
ਗੁਰੂ ਸਾਹਿਬ ਦੇ ਬਚਨ ਹਨ ਕਿ ਧਰਮਾਂ ਦੇ ਕੇਂਦਰ ਵਖ-ਵਖ ਹੋ ਸਕਦੇ ਹਨ ਪਰ ਬੁਨਿਆਦੀ ਤੌਰ ਉਤੇ ਉਨ੍ਹਾਂ ਦੇ ਮਕਸਦ ਵਿਚ ਕੋਈ ਵਖਰੇਵਾਂ ਨਹੀਂ। ਵਖ-ਵਖ ਧਰਮਾਂ ਦੇ ਲੋਕਾਂ ਵਿਚ ਬੁਨਿਆਦੀ ਸਾਂਝ ਹੈ ਅਤੇ ਉਹ ਸਾਂਝ ਹੈ ਮਨੁਖ ਹੋਣ ਦੇ ਨਾਤੇ ਇਕ ਪਰਿਵਾਰ ਹੋਣ ਦੀ। ਜੇ ਕੋਈ ਭਿੰਨ ਭੇਦ ਹੈ ਤਾਂ ਉਹ ਖੇਤਰੀ ਪ੍ਰਭਾਵਾਂ ਕਾਰਨ ਹੈ।
ਦੇਹੁਰਾ ਮਸੀਤ ਸੋਈ ਪੂਜਾ ਔ ਨਿਮਾਜ ਓਈ, ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਓ ਹੈ।
ਦੇਵਤਾ ਅਭੇਦ ਜਛ ਗੰਧ੍ਰਭ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਓ ਹੈ।
ਮਨੁਖ ਅਤੇ ਮਨੁਖ ਵਿਚਕਾਰ ਪਾੜਾ ਕਿਵੇਂ ਪਾਇਆ ਦਾ ਸਕਦਾ ਹੈ। ਸਾਰੇ ਤਾਂ ਇਕੋ ਮਿਟੀ ਦੇ ਬਣੇ ਹੋਏ ਹਨ। ਇਕੋ ਤਰ੍ਹਾਂ ਦੀਆਂ ਅੱਖਾਂ ਕੰਨ ਦੇਹ ਤੇ ਬਣਤਰ ਸਾਰਿਆਂ ਨੂੰ ਪ੍ਰਾਪਤ ਹੈ।
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਸ਼ ਔ ਆਬ ਕੋ ਰਲਾਓ ਹੈ।
ਸਮੁਚੀ ਗੁਰੂ ਪ੍ਰੰਪਰਾ ਬਰਾਬਰੀ ਆਜਾਦੀ ਤੇ ਭਾਈਚਾਰੇ ਉਪਰ ਆਧਾਰਿਤ ਸਮਾਜ ਸਿਰਜਣ ਵੱਲ ਰੁਚਿਤ ਰਹੀ ਅਤੇ ਧਰਮ ਵਿਸ਼ਵਾਸ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ ਦੀ ਭਰਪੂਰ ਮੁਦਈ ਰਹੀ। ਗੁਰੂ ਤੇਗ ਬਹਾਦਰ ਜੀ ਨੇ ਮਨੁਖੀ ਏਕਤਾ ਤੇ ਵਿਚਾਰਾਂ ਦੀ ਆਜਾਦੀ ਦੀ ਰਾਖੀ ਲਈ ਆਪਣੀ ਸ਼ਹਾਦਤ ਦਿਤੀ। ਉਸੇ ਪੰ੍ਰਪਰਾ ਨੂੰ ਅਗੇ ਤੋਰਦਿਆ ਦਸਮ ਪਾਤਸ਼ਾਹ ਨੇ ਹਰ ਪ੍ਰਕਾਰ ਦੇ ਵਿਤਕਰਿਆਂ ਤੋਂ ਮੁਕਤ ਸਮਾਜ ਦੀ ਉਸਾਰੀ ਲਈ ਆਪਣਾ ਸਰਬੰਸ ਵਾਰਿਆ।
ਅਸੀਂ ਜਿਹੜੇ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਸਿਖ ਅਖਵਾਉਂਦੇ ਹਾਂ, ਸਾਡੇ ਸੋਚਣ ਦਾ ਮਸਲਾ ਇਹ ਹੈ ਕਿ ਕੀ ਗੁਰੂ ਸਾਹਿਬ ਦਾ ਇਹ ਮੰਤਵ ਪੂਰਾ ਹੋ ਗਿਆ ਹੈ ਜਾਂ ਕੀ ਉਨ੍ਹਾਂ ਦਾ ਇਹ ਮੰਤਵ ਪੁਰਾਣਾ ਹੋ ਗਿਆ ਹੈ? ਕੀ ਸਾਰੇ ਸਮਾਜੀ ਵਿਤਕਰੇ, ਧਾਰਮਿਕ ਤਣਾਅ, ਆਰਥਿਕ ਨਾਬਰਾਬਰੀਆ ਅਤੇ ਮਨੁਖਾਂ ਵਿਚਲਾ ਪਾੜਾ ਅਜੇ ਉਵੇਂ ਹੀ ਬਰਕਰਾਰ ਨਹੀਂ?  ਬਲਕਿ ਅਜੋਕੇ ਸਮਾਜ ਵਿਚ ਤਾਂ ਇਹ ਸਾਰਾ ਕੁਝ ਉਸ ਤੋਂ ਵੀ ਭੈੜੇ ਰੂਪ ਵਿਚ ਮੌਜੂਦ ਹੈ। ਦਰਅਸਲ ਅਜੋਕੇ ਰਾਜਸੀ ਆਗੂਆਂ ਦੀ ਬਈਮਾਨੀ ਇਹ ਹੈ ਕਿ ਉਹ ਗੁਰੂ ਸਾਹਿਬ ਦੇ ਇਸ ਮੰਤਵ ਨੂੰ ਬੀਤੇ ਦਾ ਇਤਿਹਾਸ ਦਸ ਕੇ ਆਪਣੀ ਅਜੋਕੀ ਜਿੰਮੇਵਾਰੀ ਤੋਂ ਭਜਣਾ ਚਾਹੁੰਦੇ ਹਨ। ਕਿਉਂਕਿ ਜੇ ਗੁਰੂ ਸਾਹਿਬ ਦਾ ਮਿਥਿਆ ਇਹ ਮੰਤਵ ਅਜੇ ਅਧੂਰਾ ਹੈ ਅਤੇ ਪੂਰਾ ਕਰਨ ਵਾਲਾ ਪਿਆ ਹੈ ਤਾਂ ਫਿਰ ਉਨ੍ਹਾਂ ਨੂੰ ਇਹ ਦਸਣਾ ਪੈਂਦਾ ਹੈ ਕਿ ਅੱਜ ਕਿਹੜੀਆਂ ਤਾਕਤਾਂ ਗੁਰੂ ਸਾਹਿਬ ਦੇ ਇਸ ਮੰਤਵ ਦੇ ਪੂਰਾ ਹੋਣ ਵਿਚ ਰੁਕਾਵਟ ਬਣ ਰਹੀਆ ਹਨ। ਇਹ ਓਹੀ ਤਾਕਤਾਂ ਹਨ, ਜਿਨ੍ਹਾਂ  ਦੀ ਮਿਹਰਬਾਨੀ ਨਾਲ ਉਹ ਕੁਰਸੀਆਂ ਉਤੇ ਬੈਠੇ ਹੋਏ ਹਨ ਅਤੇ ਆਪਣੀ ਆਤਮਿਕ ਗੁਲਾਮੀ ਦੀ ਕੀਮਤ ਉਤੇ ਆਪਣੀਆਂ ਭੌਤਿਕ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ।
ਇਸ ਦੇਸ ਦੀ ਸਭ ਤੋਂ ਵਡੀ ਖੂਬਸੂਰਤੀ ਅਤੇ ਤਾਕਤ ਉਸਦੀ ਭਿੰਨਤਾ, ਉਸ ਦੀ ਵੰਨ-ਸੁਵੰਨਤਾ ਹੈ। ਬੇਸ਼ਕ ਇਤਿਹਾਸ ਦਸਦਾ ਹੈ ਕਿ ਦੇਸ ਦੀ ਇਹ ਧਾਰਮਿਕ ਅਤੇ ਸਭਿਆਚਾਰਕ ਵੰਨ-ਸੁਵੰਨਤਾ ਬਹੁਤ ਵਡੇ ਖਤਰਿਆਂ ਵਿਚ ਪੈਂਦੀ ਰਹੀ ਹੈ। ਵੇਲੇ ਦੇ ਹੁਕਮਰਾਨ ਰਾਜਸੀ ਤਾਕਤ ਦੇ ਜੋਰ ਨਾਲ ਇਸ ਭਿੰਨਤਾ ਨੂੰ ਖਤਮ ਕਰਨਾ ਲੋਚਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ਦੇਸ ਦੀ ਇਸ ਅਨੇਕਤਾ ਨੂੰ ਬਚਾਇਆ ਹੈ। ਹੁਣ ਵੀ ਦੇਸ ਦੀ ਅਨੇਕਤਾ ਨੂੰ ਖਤਰਾ ਦਰਪੇਸ਼ ਹੈ। ਦੇਸ ਦੀ ਧਾਰਮਿਕ ਵੰਨ-ਸੁਵੰਨਤਾ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਵੇਲੇ ਦੇ ਹੁਕਮਰਾਨ ਰਾਜਸੀ ਤਾਕਤ ਦੇ ਜੋਰ ਨਾਲ ਦੇਸ ਦੀ ਖੂਬਸੂਰਤ ਧਾਰਮਿਕ ਭਿੰਨਤਾ ਦਾ ਮਲੀਆਮੇਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਹਕੀਕਤ ਵਿਚ ਇਹ ਸਭ ਕੁਝ ਉਵੇਂ ਹੀ ਹੋ ਰਿਹਾ ਹੈ। ਫਰਕ ਸਿਰਫ ਏਨਾ ਪਿਆ ਹੈ ਕਿ ਹੁਣ ਸਿਖ ਰਾਜਸੀ ਆਗੂ ਗੁਰੂ ਸਾਹਿਬ ਦੇ ਇਸ ਮੰਤਵ ਨੂੰ ਜਾਣਦੇ ਹੋਏ ਵੀ ਉਸ ਨੂੰ ਭੁਲਣ ਦਾ ਸਵਾਂਗ ਰਚਦੇ ਹਨ ਤਾਂ ਕਿ ਉਹ ਅਜੋਕੇ ਹੁਕਮਰਾਨਾਂ ਦੀ ਮਿਹਰ ਦੇ ਪਾਤਰ ਬਣੇ ਰਹਿਣ ਅਤੇ ਇਸਦੀ ਕੀਮਤ ਵਜੋਂ ਮਿਲੀਆ ਕੁਝ ਕੁ ਸਹੂਲਤਾਂ ਮਾਣਦੇ ਰਹਿਣ। ਬੇਸ਼ਕ ਢੀਠਤਾਈ ਦੀ ਹੱਦ ਇਹ ਹੈ ਕਿ ਇਹੀ ‘ਰਾਜਸੀ ਆਗੂ’ ਸਿਖਾਂ ਨੂੰ ਗੁਰੂ ਸਾਹਿਬ ਦੇ ਸਰਬੰਸ ਵਾਰਨ ਦੀਆਂ ਸਾਖੀਆਂ ਸੁਣਾਉਂਦੇ ਨਹੀਂ ਥਕਦੇ। ਸਿਖ ਪੰਥ ਦਾ ਦੁਖਾਂਤ ਇਹ ਹੈ ਕਿ ਜਿਹੜੇ ਲੋਕ ਆਪਣੀ ਆਤਮਿਕ ਆਜਾਦੀ ਦੀ ਕੀਮਤ ਉਤੇ ਆਪਣੀਆਂ ਚੰਦ ਸਹੂਲਤਾਂ ਅਤੇ ਚੌਧਰ ਦੀ ਹਵਸ ਨਹੀਂ ਤਿਆਗ ਸਕਦੇ, ਉਹ ਗੁਰੂ ਸਾਹਿਬ ਦੀ ਬੇਮਿਸਾਲ ਕੁਰਬਾਨੀ ਦੇ ਸੋਹਲੇ ਗਾਉਂਦੇ ਹਨ। ਸਿਖ ਜਗਤ ਦੀ ਅਜੋਕੀ ਦੁਰਦਸ਼ਾ ਦਾ ਇਹੀ ਮੁਖ ਕਾਰਨ ਹੈ। ਯਕੀਨਨ ਇਹ ਰਾਜਸੀ ਆਗੂ ਗੁਰਮਤਿ ਦੇ ਵਾਰਿਸ ਨਹੀਂ ਹੋ ਸਕਦੇ।
ਇਨ੍ਹਾਂ ਸਿਖ ਆਗੂਆਂ ਵਲੋਂ ਨਿਭਾਏ ਜਾ ਰਹੇ ਇਸ ਦੋਹਰੇ ਕਿਰਦਾਰ ਦਾ ਇਕ ਕਾਰਨ ਇਹ ਵੀ ਹੈ ਕਿ ਇਹ ਆਪਣੇ ਮਨਾਂ ਵਿਚ ਇਹ ਧਾਰਨਾ ਬਣਾਈ ਬੈਠੇ ਹਨ ਕਿ ਸਿਖ ਇਤਿਹਾਸ ਤਾਂ ਠੀਕ ਹੈ ਪਰ ਜਿਹੜੀ ਗੁਰਮਤਿ ਨੇ ਇਸ ਇਤਿਹਾਸ ਨੂੰ ਜਨਮ ਦਿਤਾ ਹੈ, ਉਸਦੀ ਅਜੋਕੇ ਸਮੇ ਵਿਚ ਕੋਈ ਅਮਲਯੋਗ ਅਹਿਮੀਅਤ ਨਹੀਂ। ਗੁਰਮਤਿ ਅਜੋਕੀ ‘ਆਧੁਨਿਕ’ ਰਾਜਨੀਤੀ ਨੂੰ ਕੋਈ ਅਗਵਾਈ ਨਹੀਂ ਦੇ ਸਕਦੀ। ਇਸੇ ਗਲਤਫਹਿਮੀ ਨੇ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨੂੰ ਅਣਗੌਲਿਆ ਕਰਨ ਦੀ ਬਿਰਤੀ ਪੈਦਾ ਕੀਤੀ ਹੈ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੀ ਸ਼ਹੀਦੀ ਦੇ ਕੇ ਸਿਖਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਇਹੀ ਮੰਤਵ ਯਾਦ ਕਰਵਾਇਆ ਹੈ — ”ਗੁਰੂ ਗੋਬਿੰਦ ਸਿੰਘ ਦੇ ਮਿਸ਼ਨ ਨੂੰ ਸਿੰਘਾਂ ਵਿਚ ਫੈਲਾਉਣਾ, ਸਿੰਘਾਂ ਨੂੰ ਅੰਮ੍ਰਿਤ ਛਕਾਉਣਾ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ, ਸਾਰੇ ਨਸ਼ਿਆਂ ਇਥੋਂ ਤਕ ਕਿ ਚਾਹ ਆਦਿ ਦਾ ਵੀ ਤਿਆਗ ਕਰਵਾਉਣਾ ਮੇਰਾ ਕੰਮ ਹੈ।”
ਗੁਰਮਤਿ ਮਨੁਖ ਨੂੰ ਆਤਮਿਕ ਅਤੇ ਸਰੀਰਕ ਦੋਹਾਂ ਰੂਪਾਂ ਵਿਚ ਬਲਵਾਨ ਬਣਾਉਣ ਦਾ ਸਿਧਾਂਤ ਹੈ। ਪਰ ਇਸ ਅਟਲ ਸਚਾਈ ਦੀ ਤਾਕਤ ਦਾ ਪਤਾ ਸਿਰਫ ਤਾਂ ਹੀ ਲਗਦਾ ਹੈ ਜੇ ਕੋਈ ਇਸ ਸਚਾਈ ਨੂੰ ਆਪਣੇ ਅਮਲ ਵਿਚ ਹੰਢਾ ਕੇ ਵਿਖਾਵੇ। ਸੰਤ ਭਿੰਡਰਾਵਾਲਿਆਂ ਤੇ ਉਨ੍ਹਾਂ ਦੇ ਪੈਰੋਕਾਰ ਸਿਖ ਜੁਝਾਰੂਆਂ ਦੇ ਇਕ ਛੋਟੇ ਜਿਹੇ ਦੌਰ ਨੂੰ ਛਡ ਕੇ ਕਿਸੇ ਰਾਜਸੀ ਸਿਖ ਆਗੂ ਨੇ ਇਸ ਸਚ  ਨੂੰ ਆਪਣੇ ਅਮਲ ਵਿਚ ਹੰਢਾ ਕੇ ਇਹ ਨਹੀਂ ਵਿਖਾਇਆ। ਇਹੀ ਕਾਰਨ ਹੈ ਕਿ ਪਿਛਲੇ ਚਾਰ ਦਹਾਕਿਆਂ ਤੋਂ ਹੁਕਮਰਾਨ ਵਰਗ ਵਲੋਂ ਜਾਣਬੁਝ ਕੇ ਫੈਲਾਏ ਜਾ ਰਹੇ ਬੇਲੋੜੇ ਸਾਮਰਾਜੀ ਖਪਤਕਾਰੀ ਸਭਿਆਚਾਰ ਨੇ ਅਜੋਕੀ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ (ਮਨ ਅਤੇ ਆਤਮਾ) ਨੂੰ ਭ੍ਰਿਸ਼ਟ ਕਰਕੇ ਉਸਨੂੰ ਕੁਰਾਹੇ ਪਾ ਦਿਤਾ ਹੈ। ਜਿਸ ਕਰਕੇ ਉਹ ਅੰਤਾਂ ਦੀ ਭਟਕਣਾ ਹੰਢਾ ਰਿਹਾ ਹੈ। ਇਸ ਨੌਜਵਾਨ ਪੀੜ੍ਹੀ ਨੂੰ ਆਪਣੇ ਅਮਲ ਵਿਚ ਹੰਢਾ ਕੇ ਇਹ ਦਸਣ ਦੀ ਲੋੜ ਹੈ ਕਿ ਗੁਰਮਤਿ ਮਨੁਖ ਨੂੰ ਆਤਮਿਕ ਅਤੇ ਸਰੀਰਕ ਦੋਹਾਂ ਰੂਪਾਂ ਵਿਚ ਬਲਵਾਨ ਬਣਾਉਂਦੀ ਹੈ। ਆਤਮਿਕ ਤੌਰ ਉਤੇ ਬਲਵਾਨ ਮਨੁਖ ਹੀ ਇਕ ਹਾਥੀ ਨਾਲ ਟਕਰਾਉਣ ਦਾ ਜੇਰਾ ਕਰ ਸਕਦਾ ਹੈ। ਆਤਮਿਕ ਤੌਰ ਉਤੇ ਬਲਵਾਨ ਕੁਝ ਕੁ ਸਿਖ ਹੀ ਆਪਣੇ ਅਮਲ ਰਾਹੀਂ 20ਵੀਂ ਸਦੀ ਵਿਚ ਚਮਕੌਰ ਦੇ ਸਾਕੇ ਦੀ ਯਾਦ ਤਾਜਾ ਕਰਵਾ ਸਕਦੇ ਹਨ।

Leave a Reply

Your email address will not be published. Required fields are marked *