ਅਕਸਰ ਕਿਹਾ ਜਾਂਦਾ ਹੈ ਕਿ ਸੰਤ ਭਿੰਡਰਾਂਵਾਲੇ ਦੀ ਕੋਈ ਰਾਜਨੀਤੀ ਨਹੀਂ ਸੀ। ਉਹ ਇਕ ਧਾਰਮਿਕ ਵਿਅਕਤੀ ਸਨ ਪਰ ਹਾਲਤਾਂ ਦੀ ਮਜਬੂਰੀ ਕਾਰਨ ਉਹ ਰਾਜਨੀਤੀ ਵਿਚ ਖਿਚੇ ਗਏ। ਇਹ ਪ੍ਰਤਖ ਜਾਪਦੀ ਪਰ ਅਧੂਰੀ ਸਚਾਈ ਹੈ। ਇਸ ਸਚਾਈ ਦੇ ਪਿਛੇ ਕੰਮ ਕਰਦੀ ਇਕ ਹੋਰ ਸਚਾਈ ਹੈ। ਇਸ ਸਚਾਈ ਦਾ ਆਰੰਭ ਦਮਦਮੀ ਟਕਸਾਲ ਦੇ ਉਨ੍ਹਾਂ ਤੋਂ ਪਹਿਲੇ ਮੁਖੀ ਸੰਤ ਕਰਤਾਰ ਸਿੰਘ ਨਾਲ, ਦਿਲੀ ਵਿਚ ਵਾਪਰੀ ਇਕ ਘਟਨਾ ਤੋਂ ਹੁੰਦਾ ਹੈ। 1975 ਵਿਚ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਦੇ ਮੌਕੇ ਉਤੇ, ਸਿਖ ਸੰਗਤਾਂ ਵਲੋਂ ਰਾਮ ਲੀਲ੍ਹਾ ਗਰਾਊਂਡ ਵਿਚ ਇਕ ਗੁਰਮਤਿ ਸਮਾਗਮ ਰਖਿਆ ਗਿਆ। ਜਿਸ ਵਿਚ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਦੇ ਬੈਠਿਆਂ ਹੀ ਦੇਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਈ। ਕੁਝ ਸਿਖ ਆਗੂਆਂ ਦੇ ਕਹਿਣ ਉਤੇ ਸੰਗਤਾਂ ਇੰਦਰਾ ਗਾਂਧੀ ਦੇ ਸਵਾਗਤ ਵਾਸਤੇ ਉਠ ਕੇ ਖੜੀਆਂ ਹੋ ਗਈਆਂ। ਇਸ ਗੱਲ ਦਾ ਸੰਤ ਕਰਤਾਰ ਸਿੰਘ ਜੀ ਨੇ ਬਹੁਤ ਬੁਰਾ ਮਨਾਇਆ ਅਤੇ ਉਹ ਆਪ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠੇ ਰਹੇ।
ਉਨ੍ਹਾ ਨੇ ਦੇਸ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਾਜ਼ਰੀ ਵਿਚ ਇਹ ਬਚਨ ਕਹੇ ਕਿ ”ਇਥੇ ਆ ਕੇ ਪ੍ਰਧਾਨ ਮੰਤਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਸਿਰ ਝੁਕਾਉਣਾ ਚਾਹੀਦਾ ਸੀ ਨਾ ਕਿ ਉਸ ਦੇ ਸਹਿਚਾਰ ਵਾਸਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਉÎਠ ਕੇ ਖੜੇ ਹੋਣਾ ਚਾਹੀਦਾ ਸੀ। ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਸਦਕਾ ਹੈ ਕਿ ਅੱਜ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬਿਰਾਜ਼ਮਾਨ ਹੈ। ਪ੍ਰਧਾਨ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਨੰਗੇ ਪੈਰੀਂ ਆ ਕੇ ਗੁਰੂ ਗ੍ਰੰਥ ਸਾਹਿਬ ਅਗੇ ਸੀਸ ਝੁਕਾਉਂਦੀ ਨਾ ਕਿ ਸੰਗਤਾਂ ਉਸ ਦੇ ਸਤਿਕਾਰ ਵਿਚ ਖੜੀਆਂ ਹੁੰਦੀਆਂ। ਸਿਖ ਸੰਗਤਾਂ ਦਾ ਸਿਰ ਗੁਰੂ ਗ੍ਰੰਥ ਸਾਹਿਬ ਅਗੇ ਹੀ ਝੁਕਣਾ ਚਾਹੀਦਾ ਹੈ ਨਾ ਕਿ ਕਿਸੇ ਵਿਅਕਤੀ ਅਗੇ ਭਾਵੇਂ ਉਹ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਹੀ ਕਿਉਂ ਨਾ ਹੋਵੇ।”
ਮਾੜੇ ਮੋਟੇ ਧਨਾਢ ਜਾਂ ਕਿਸੇ ਵੀ ਰਾਜਸੀ ਆਗੂ ਦੀ ਚਾਪਲੂਸੀ ਦਲਾਲੀ ਅਤੇ ਜੀਅ-ਹਜੂਰੀ ਦੇ ਇਸ ਦੌਰ ਵਿਚ ਸੰਤਾਂ ਵਲੋਂ ਦੇਸ ਦੀ ਪ੍ਰਧਾਨ ਮੰਤਰੀ ਨੂੰ ਕਹੇ ਇਹ ਸ਼ਬਦ ਕਿਸੇ ਅਗੰਮੀ ਸ਼ਕਤੀ ਦੇ ਪ੍ਰਤੀਕ ਹੀ ਕਹੇ ਜਾ ਸਕਦੇ ਹਨ ਅਤੇ ਇਹ ਅਗੰਮੀ ਸ਼ਕਤੀ ਸੀ — ਸਿਖੀ ਦਾ ਜਜਬਾ। ਜਿਸਦਾ ਤਤ ਹੈ — ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ।
ਦਰਅਸਲ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਇਸੇ ਸਿਖੀ ਜਜਬੇ ਨੇ ਤਤ ਤੇ ਭੇਖ ਆਧਾਰਿਤ ਸਿਖ ਰਾਜਨੀਤੀ ਵਿਚਕਾਰ ਨਿਖੇੜੇ ਦਾ ਮੁਢ ਬੰਨ ਦਿਤਾ ਸੀ। ਉੁਨ੍ਹਾਂ ਦੇ ਆਪਣੇ ਸਿਖੀ ਰੌਂਅ ਵਿਚ ਕਹੇ ਇਹ ਸ਼ਬਦ ਸਨ, ਜਿਨ੍ਹਾਂ ਨੇ ਇੰਦਰਾ ਗਾਂਧੀ ਸਮੇਤ ਸਰਕਾਰੀ ਅਫ਼ਸਰਸ਼ਾਹੀ ਦੇ ਕੰਨ ਖੜੇ ਕਰ ਦਿਤੇ। ਉਸ ਦਿਨ ਤੋਂ ਹੀ ‘ਦਮਦਮੀ ਟਕਸਾਲ’ ਸਰਕਾਰੀ ਖੁਫੀਆ ਏਜੰਸੀਆਂ ਦੇ ਰਾਡਾਰ ਉਤੇ ਆ ਗਈ। ਇਹ ਉਹ ਦੌਰ ਸੀ ਜਦੋਂ ਇੰਦਰਾ ਗਾਂਧੀ ਨੇ ਸਮੁਚੇ ਦੇਸ ਵਿਚ ਐਮਰਜੈਂਸੀ ਲਾ ਕੇ ਸਾਰੀਆਂ ਕਾਨੂੰਨੀ ਸ਼ਕਤੀਆਂ ਆਪਣੇ ਹਥ ਵਿਚ ਲਈਆਂ ਹੋਈਆ ਸਨ। ਸਾਰੇ ਵਿਰੋਧੀ ਰਾਜਸੀ ਆਗੂ ਜੇਲ੍ਹਾਂ ਵਿਚ ਨਜਰਬੰਦ ਸਨ। ਸੰਤ ਕਰਤਾਰ ਸਿੰਘ ਹੁਰਾਂ ਦੇ ਇਨ੍ਹਾਂ ਸ਼ਬਦਾਂ ਨੂੰ ਧਿਆਨ ਵਿਚ ਰਖ ਕੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਮੁਖ ਸਕੱਤਰ ‘ਨਿਰੰਕਾਰੀ’ ਲਾਏ ਗਏ। ਸੰਤ ਕਰਤਾਰ ਸਿੰਘ ਹੁਰੀਂ ਆਪਣੇ ਇਸ ਸੁਚੇ ਸਿਖ ਜਜਬੇ ਦੇ ਰੌਂਅ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਲਾਏ ਗਏ ਮੋਰਚੇ ਦੀ ਹਮਾਇਤ ਵਾਸਤੇ ਸਿਖ ਕਾਫਲਿਆਂ ਦੇ ਰੂਪ ਵਿਚ ਸਾਰੇ ਪੰਜਾਬ ਅੰਦਰ ਮਾਰਚ ਕਰਦੇ ਰਹੇ ਅਤੇ ਸਰਕਾਰ ਉਨ੍ਹਾਂ ਦੀਆਂ ਅਜਿਹੀਆ ਵਧ ਰਹੀਆ ਰਾਜਨੀਤਕ ਸਰਗਰਮੀਆਂ ਨੂੰ ਠੱਲ ਪਾਉਣ ਦੇ ਕੋਝੇ ਯਤਨ ਕਰਦੀ ਰਹੀ। ਇਹ ਸਾਰਾ ਕੁਝ ਨਿਰੰਕਾਰੀ ਅਫਸਰਾਂ ਦੇ ਕਹਿਣ ਉਤੇ ਕੀਤਾ ਜਾ ਰਿਹਾ ਸੀ, ਇਸ ਲਈ ਇਕ ਪਾਸੇ ਸਿਖ ਨਿਰੰਕਾਰੀ ਟਕਰਾਅ ਹੋਂਦ ਵਿਚ ਆਇਆ ਤੇ ਦੂਜੇ ਪਾਸੇ ਤਤ ਆਧਾਰਿਤ ਸਿਖ ਰਾਜਨੀਤੀ ਦਾ ਆਗਾਜ ਹੋਇਆ। ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਪੰਥਕ ਜਜਬਾ ਅਤੇ ਮੌਕਾਪ੍ਰਸਤੀ ਦੋਵੇਂ ਹੀ ਮੌਜੂਦ ਸਨ। ਬੇਸ਼ਕ ਹਾਲੇ ਪੰਥਕ ਜਜਬਾ ਭਾਰੂ ਸੀ। ਇਕ ਦੁਰਘਟਨਾ ਵਿਚ ਸੰਤ ਕਰਤਾਰ ਸਿੰਘ ਹੁਰਾਂ ਦੇ ਹੋਏ ਅਚਾਨਕ ਅਕਾਲ ਚਲਾਣੇ ਤੋਂ ਬਾਅਦ ਦਮਦਮੀ ਟਕਸਾਲ ਰਾਹੀਂ ਇਸ ਪੰਥਕ ਰਾਜਨੀਤੀ ਦੀ ਵਾਗਡੋਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹਥ ਆ ਗਈ।
ਇਹ ਇਕ ਇਤਫਾਕ ਹੀ ਸੀ ਜਾਂ ਸਰਕਾਰੀ ਅਫਸਰਸ਼ਾਹੀ ਦੀ ਇਕ ਸਾਜਿਸ਼ ਕਿ ਇਸੇ ਦੌਰ ਵਿਚ 13 ਅਪ੍ਰੈਲ 1978 ਦੀ ਵਿਸਾਖੀ ਨੂੰ ਸ੍ਰੀ ਅਮ੍ਰਿਤਸਰ ਵਿਖੇ ਸਿਖ-ਨਿਰੰਕਾਰੀ ਟਕਰਾਅ ਹੋਇਆ ਜਿਸ ਵਿਚ 13 ਸਿੰਘ ਸ਼ਹੀਦ ਹੋ ਗਏ। ਇਹ ਸਿੰਘ ਅਖੰਡ ਕੀਰਤਨੀ ਜਥੇ ਅਤੇ ਸੰਤ ਭਿੰਡਰਾਂਵਾਲੇ ਦੀ ਟਕਸਾਲ ਦੇ ਸਨ। ਇਸ ਤੋਂ ਬਾਅਦ ਸੰਤਾਂ ਨੇ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਅਤੇ ਹਰ ਕਾਨੂੰਨੀ ਢੰਗ ਵਰਤ ਕੇ ਇਨ੍ਹਾਂ 13 ਸਿੰਘਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਪੂਰਾ ਤਾਣ ਲਾਇਆ। ਪਰ ਕੇਂਦਰ ਸਰਕਾਰ ਦੀ ਅਫਸਰਸ਼ਾਹੀ, ਬਾਦਲ ਦਲੀਆਂ ਅਤੇ ਪੰਜਾਬ ਦੀ ਪ੍ਰੈਸ ਉਤੇ ਕਾਬਜ ਇਕ ਫਿਰਕਾਪ੍ਰਸਤ ਧਿਰ ਵਲੋਂ ਗਿਣੀ-ਮਿਥੀ ਸਾਜਿਸ਼ ਅਧੀਨ, ਨਾ ਸਿਰਫ ਇਨ੍ਹਾਂ ਸਿੰਘਾਂ ਦੇ ਕਾਤਲਾਂ ਨੂੰ ਕੋਈ ਸਜਾ ਨਾ ਹੋਣ ਦਿਤੀ ਗਈ ਸਗੋਂ ਹਰ ਜਣੇ-ਖਣੇ ਨੇ ਇਸ ਮਸਲੇ ਵਿਚ ਦੇਸ ਦੇ ਸਥਾਪਿਤ ਵਿਧਾਨ ਦੀਆਂ ਧਜੀਆਂ ਉਡਦੀਆ ਵੇਖੀਆ।
ਇਹੀ ਵਰਤਾਰਾ ਸੀ ਜਿਸਨੇ ਸੰਤ ਕਰਤਾਰ ਸਿੰਘ ਹੁਰਾਂ ਦੀ ਤਤ ਆਧਾਰਿਤ ਸਿਖੀ ਦੇ ਵਾਰਿਸ ਸੰਤ ਜਰਨੈਲ ਸਿੰਘ ਨੂੰ ਸਥਾਪਤੀ ਵਿਰੁਧ ਬਗਾਵਤ ਕਰਨ ਲਈ ਉਕਸਾਇਆ। ਉਨ੍ਹਾਂ ਦੀ ਇਹ ਬਗਾਵਤ ਜਿਥੇ ਦੇਸ ਦੇ ਰਾਜਪ੍ਰਬੰਧ ਵਿਰੁਧ ਸੀ, ਉਥੇ ਸਿਖੀ ਤਤ ਤੋਂ ਵਿਹੂਣੀ ਸਿਖੀ ਭੇਖ ਵਿਚ ਲੁਕੀ ਹੋਈ ਅਕਾਲੀ ਲੀਡਰਸ਼ਿਪ ਵਿਰੁਧ ਵੀ ਸੀ। ਸਿਖੀ ਭੇਖ ਵਿਚ ਲੁਕੀ ਹੋਈ ‘ਬਾਦਲੀ’ ਰਾਜਨੀਤੀ ਵਿਰੁਧ ਨਫਰਤ ਦਾ ਅੰਦਾਜਾ ਉਨ੍ਹਾਂ ਦੀਆਂ ਆਪਣੀਆਂ ਤਕਰੀਰਾਂ ਵਿਚੋਂ ਲਾਇਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਇਹ ਸ਼ਬਦ ਅਨੇਕਾਂ ਵਾਰ ਦੁਹਰਾਏ ਕਿ ”ਕੀ ਕਿਸੇ ਇਤਿਹਾਸ ਵਿਚ ਇਹ ਲਿਖਿਆ ਆਉਂਦਾ ਕਿ ਕੁਰਸੀ ਵਾਲੇ ਨੂੰ ਫਾਂਸੀ ਲਗੀ ਹੋਵੇ ਜਾਂ ਰਾਜਨੀਤਕ ਦਾ ਬੰਦ-ਬੰਦ ਕਟਿਆ ਹੋਵੇ ਜਾਂ ਸ਼ਰਾਬ ਪੀਣ ਵਾਲੇ ਦੀ ਖੋਪਰੀ ਲਥੀ ਹੋਵੇ ਜਾਂ ਕਿਸੇ ਝੂਠ ਬੋਲਣ ਵਾਲੇ ਤੋਂ ਚਕੀਆਂ ਭਿਆਈਆਂ ਹੋਣ? ਜਾਂ ਸੂਲਾਂ ਦੀਆਂ ਸੇਜ਼ਾਂ ਉਤੇ ਦੁਆ ਕਰਨ ਵਾਲਾ ਕੋਈ ਪਿਆ ਹੋਵੇ? ਇਕ ਮੈਨੂੰ ਮਿਸਾਲ ਦੇ ਦਿਉ? ਜੇ ਚਕੀ ਪੀਸੀ ਆ ਤੇ ਸਚ ਕਹਿਣ ਵਾਲਿਆਂ ਪੀਸੀ ਆ। ਜੇ ਖੋਪੜੀ ਲਥੀ ਆ ਤੇ ਸਚ ਦੀ ਸੇਵਾ ਕਰਨ ਵਾਲਿਆਂ ਦੀ ਲਥੀ ਆ। ਜੇ ਬੰਦ-ਬੰਦ ਕਟਵਾਇਆ ਤੇ ਸਚ ਬੋਲਣ ਵਾਲੇ, ਸਚ ਦੀ ਰਾਖੀ ਕਰਨ ਵਾਲੇ ਨੇ ਕਟਵਾਇਆ। ਇਸ ਵਾਸਤੇ ਜੇ ਤੇ ਕਮਾਉਣਾ ਸਚ, ਫਿਰ ਤੇ ਤਸ਼ਦੱਦ ਪਵੇਗਾ ਸਹਾਰਨਾ ਅਤੇ ਜੇ ਲੈਣੀ ਆਂ ਕੁਰਸੀ ਤੇ ਫਿਰ ਗੋਡੇ ਘੁਟ ਲਿਆ ਕਰੋ ਕਿਸੇ ਦੇ ਜਾ ਕੇ ਕੁਝ ਨਹੀਂ ਹੁੰਦਾ।”
ਅਪ੍ਰੈਲ 1978 ਤੋਂ ਲੈ ਕੇ ਜੂਨ 1984 ਤਕ ਸੰਤ ਭਿੰਡਰਾਂਵਾਲੇ ਲਗਾਤਾਰ ਸਿਖੀ (ਤਤ) ਆਧਾਰਿਤ ਅਤੇ ਸਿਖ ਭੇਖ ਆਧਾਰਿਤ ਰਾਜਨੀਤੀ ਵਿਚਕਾਰ ਨਿਖੇੜਾ ਕਰਨ ਦੇ ਯਤਨ ਕਰਦੇ ਰਹੇ। ਉਹ ਇਹ ਵੀ ਸਪਸ਼ਟ ਕਰਦੇ ਰਹੇ ਕਿ ਖਤਰਾ ਹਮੇਸ਼ਾਂ ਸਚ ਉਤੇ ਟੇਕ ਰਖ ਕੇ ਰਾਜਨੀਤੀ ਕਰਨ ਵਾਲਿਆ ਨੂੰ ਹੈ। ਆਪਣਾ ਆਤਮਿਕ ਸਵੈਮਾਣ ਗੁਆ ਕੇ ਭੇਖ ਆਧਾਰਿਤ ਰਾਜਨੀਤੀ ਕਰਨ ਵਾਲਿਆ ਨੂੰ ਕੋਈ ਖਤਰਾ ਨਹੀਂ। ਉਹ ਇਹ ਵੀ ਦੁਹਰਾਉਂਦੇ ਰਹੇ ਕਿ ਲੜਾਈ ਜਿਤਣ ਲਈ ਜ਼ਰੂਰੀ ਹੈ ਕਿ ਇਸ ਦੀ ਟੇਕ ‘ਸਚ’ ਉਤੇ ਹੋਵੇ ਅਤੇ ਇਸ ਦਾ ਨਿਸ਼ਾਨਾ ਮਜਲੂਮਾਂ ਤੇ ਸਿਖੀ ਦੀ ਰਾਖੀ ਕਰਨਾ ਹੋਵੇ। ਧਰਮ ਯੁਧ ਮੋਰਚੇ ਦੀ ਸ਼ੁਰੂਆਤ ਕਰਨ ਵੇਲੇ ਸੰਤਾਂ ਦੀ ਗੁਰੂ ਸਾਹਿਬ ਅਗੇ ਕੀਤੀ ਗਈ ਅਰਦਾਸ ਦੇ ਸ਼ਬਦ ਹਨ, ”ਸਚੇ ਪਾਤਿਸ਼ਾਹ! ਜੇ ਤਾਂ ਮੋਰਚਾ ਮੇਰੇ ਨਿਜੀ ਪ੍ਰਯੋਜਨ ਤੇ ਨਿਜੀ ਸ਼ੌਹਰਤ ਵਾਸਤੇ ਆ ਤੇ ਮੈਨੂੰ ਅਸਫਲਤਾ ਹੋਣੀ ਚਾਹੀਦੀ ਆ ਅਤੇ ਜੇ ਧਰਮ ਵਾਸਤੇ ਤੇ ਸਿਖ ਕੌਮ ਵਾਸਤੇ ਤੇ ਮਜ਼ਲੂਮਾਂ ਵਾਸਤੇ ਆ ਤੇ ਫਿਰ ਸਤਿਗੁਰੂ ਸਚੇ ਪਾਤਿਸ਼ਾਹ ਤੇਰੇ ਦਰ ਵਿਚੋਂ ਸਭ ਦੇ ਕੰਮ ਪੂਰੇ ਹੋਏ ਆ, ਕਿਰਪਾ ਕਰੋ ਇਹ ਕਾਰਜ ਪੂਰਾ ਕਰੋ।”
ਸੰਤਾਂ ਦੀ ਹਰ ਤਕਰੀਰ ਵਿਚ ਸਰਬਤ ਦੇ ਭਲੇ ਦਾ ਜਿਕਰ ਹੁੰਦਾ ਸੀ ਅਤੇ ਇਸ ਸਰਬਤ ਵਿਚ ਹਿੰਦੂ ਭਾਈਚਾਰਾ ਵੀ ਸ਼ਾਮਿਲ ਸੀ। ਗਿਆਨੀ ਭਜਨ ਸਿੰਘ ਨਾਲ ਆਪਣੀ ਇਕ ਗੱਲਬਾਤ ਵਿਚ ਸੰਤਾਂ ਨੇ ਇਸ ਨੁਕਤੇ ਨੂੰ ਹੋਰ ਵੀ ਸਪਸ਼ਟ ਕੀਤਾ ਸੀ। ਸੰਤਾਂ ਦੇ ਬਚਨ ਸਨ — ”ਐਮਰਜੈਂਸੀ ਲਗੀ, ਹਿੰਦੂ ਰਾਜ ਵਾਲਿਆਂ ਨੇ ਹਿੰਦੂ ਮਜ਼ਲੂਮਾਂ ਨੂੰ ਪਕੜ ਕੇ ਜੇਲ੍ਹ ਵਿਚ ਪਾ ਦਿਤਾ, ਹਿੰਦੂ ਰਾਜ ਵਾਲਿਆਂ ਨੇ, ਪ੍ਰਧਾਨ ਮੰਤਰੀ ਤੇ ਇਹੋ ਹੀ ਸੀ ਨਾ ਹੁਣ ਵਾਲੀ (ਇੰਦਰਾ ਗਾਂਧੀ), ਹਿੰਦੂ ਮਜ਼ਲੂਮਾਂ ਨੂੰ ਪਕੜ ਕੇ ਜੇਲ੍ਹ ਵਿਚ ਪਾ ਦਿਤਾ। .. ਤੇ ਸਿਖ ਕਿਸੇ ਨੂੰ ਫੜਿਆ ਸੀ? … ਅਕਾਲ ਤਖਤ ਸਾਹਿਬ ਤੋਂ ਮੋਰਚਾ ਲਗਾ ਨਾ, ਕਿਉਂ ਲਗਾ? ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬਤ ਦਾ ਭਲਾ। ਸਿਖ ਦਾ ਇਹ ਨਿਸ਼ਾਨਾ। ਇਹਨੂੰ ਮੁਖ ਰਖ ਕੇ ਮਜ਼ਲੂਮ ਹਿੰਦੂ ਨੂੰ ਜਾਬਰ ਹਿੰਦੂ ਦੇ (ਜੂਲੇ) ਹੇਠੋਂ ਕਢਣ ਵਾਸਤੇ, ਉਨ੍ਹਾਂ ਦੀ ਗੁਲਾਮੀ ਗਲੋਂ ਲਾਹੁਣ ਵਾਸਤੇ 57 ਹਜ਼ਾਰ ਨੇ ਗ੍ਰਿਫਤਾਰੀ ਦਿਤੀ ਦੋ ਕਰੋੜ ਵਿਚੋਂ, 2 ਕਰੋੜ ਦੀ ਵਸੋਂ ਵਾਲਿਆਂ ਨੇ 60 ਕਰੋੜ ਨੂੰ ਸੁਤੰਤਰ ਕਰਾਉਣ ਵਾਸਤੇ 57 ਹਜ਼ਾਰ ਨੇ ਗ੍ਰਿਫਤਾਰੀ ਦਿਤੀ।”
ਸੰਤ ਭਿੰਡਰਾਵਾਲੇ ਇਹ ਵੀ ਵਾਰ-ਵਾਰ ਸਪਸ਼ਟ ਕਰਦੇ ਰਹੇ ਕਿ ਸਿਖ ਪੰਥ ਦੀ ਸਥਾਪਨਾ ਨੀਚ ਗਰੀਬਾਂ ਤੇ ਮਜਲੂਮਾਂ ਦੇ ਉਭਾਰ ਵਾਸਤੇ ਹੋਈ ਹੈ, ”ਪੰਥ ਕੈਸਾ ਕਾਇਮ ਕੀਤਾ? ਕਿਤੇ ਇਕ ਧਨੀਆਂ ਦੇ ਵਿਚੋਂ ਨਹੀਂ ਚੋਣ ਕੀਤੀ, ਜਿਹਨਾਂ ਨੂੰ ਛੂਤ ਕਹਿ ਕੇ, ਸ਼ੂਦਰ ਕਹਿ ਕੇ ਧਿਰਕਾਰਿਆ ਜਾਂਦਾ ਸੀ, ਉਹਨਾਂ ਲੋਕਾਂ ਦੇ ਉਪਰ ਕ੍ਰਿਪਾ ਦ੍ਰਿਸ਼ਟੀ ਦਾ ਹਥ ਰਖ ਕੇ ਸਤਿਗੁਰੂ ਜੀ ਨੇ ਪੰਜਾਂ ਦੀ ਚੋਣ ਕੀਤੀ ਤੇ ਪੰਜਾਂ ਤੋਂ ਅਗੇ ਅੰਮ੍ਰਿਤ ਦੀ ਦਾਤ ਆਪ ਵੀ ਲਈ ਤੇ ਪਰਿਵਾਰ ਦੇ ਕੁਰਬਾਨ ਕਰਨ ਦਾ ਬਚਨ ਕੀਤਾ।”
ਸ਼੍ਰੋਮਣੀ ਅਕਾਲੀ ਦਲ ਵਿਚਲੀ ਮੌਕਾਪ੍ਰਸਤ ਧਿਰ ਨੇ ਲਗਾਤਾਰ ਸੰਤਾਂ ਨੂੰ ਕਾਂਗਰਸੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਕੰਮ ਵਿਚ ਪੰਜਾਬ ਦੇ ਅਖੌਤੀ ਕਮਿਊਨਿਸਟਾਂ ਨੇ ਵੀ ਇਨ੍ਹਾਂ ਮੌਕਾਪ੍ਰਸਤ ਅਕਾਲੀਆਂ ਅਤੇ ਕੇਂਦਰ ਸਰਕਾਰ ਦਾ ਸਾਥ ਦਿਤਾ। ਪਰ ਇਨ੍ਹਾਂ ਸਾਰੀਆਂ ਅੜਚਣਾਂ ਦੇ ਬਾਵਜੂਦ ਸੰਤ ਆਪਣੇ ਨਿਸ਼ਾਨੇ ਉਤੇ ਡਟੇ ਰਹੇ। ਉਹ ਵਾਰ-ਵਾਰ ਦੁਹਰਾਉਂਦੇ ਰਹੇ ਕਿ ”ਮੇਰਾ ਨਿਜੀ ਕੋਈ ਮਤਿ ਨਹੀਂ। ਗੁਰੂ ਗੋਬਿੰਦ ਸਿੰਘ ਦੇ ਮਿਸ਼ਨ ਨੂੰ ਸਿੰਘਾਂ ਵਿਚ ਫੈਲਾਉਣਾ, ਸਿੰਘਾਂ ਨੂੰ ਅੰਮ੍ਰਿਤ ਛਕਾਉਣਾ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ, ਸਾਰੇ ਨਸ਼ਿਆਂ ਇਥੋਂ ਤਕ ਕਿ ਚਾਹ ਆਦਿ ਦਾ ਵੀ ਤਿਆਗ ਕਰਵਾਉਣਾ, ਮੇਰਾ ਕੰਮ ਹੈ ਅਤੇ ਮੇਰਾ ਕੋਈ ਬੰਦਾ ਨਹੀਂ, ਮੈਂ ਤਾਂ ਖ਼ੁਦ ਗੁਰੂ ਦਾ ਬੰਦਾ ਬਣਨਾ ਚਾਹੁੰਦਾ ਹਾਂ।”
ਅਖੀਰ ਵਿਚ ਆ ਕੇ ਸੰਤਾਂ ਨੇ ਬੜੀ ਗੰਭੀਰਤਾ ਨਾਲ ਇਹ ਵੀ ਸੋਚਣਾ ਸ਼ੁਰੂ ਕਰ ਦਿਤਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵਖਰੀ ਕੋਈ ਨਵੀਂ ਰਾਜਸੀ ਧਿਰ ਖੜ੍ਹੀ ਕੀਤੀ ਜਾਵੇ, ਜਿਹੜੀ ਸਿਖਾਂ ਦੇ ਹਕਾਂ ਲਈ ਪੂਰੀ ਦ੍ਰਿੜ੍ਹਤਾ ਨਾਲ ਲੜਾਈ ਜਾਰੀ ਰਖ ਸਕੇ। ਪਰ ਘਟਨਾਵਾਂ ਏਨੀ ਤੇਜ਼ੀ ਨਾਲ ਵਾਪਰੀਆਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਮੌਕਾ ਹੀ ਨਹੀਂ ਮਿਲਿਆ। ਉਹ ਕਹਿੰਦੇ ਰਹੇ ਕਿ ”ਮੈਂ ਹੁਣ ਕਾਂਗਰਸ ਦੇ ਮਗਰ ਤਾਂ ਜਾਣਾ ਹੀ ਨਹੀਂ, ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਨੂੰ ਹੁਣ ਮਜਬੂਰ ਹੋ ਕੇ ਸੋਚਣਾ ਪਵੇਗਾ ਕਿ ਮੈਂ ਅਕਾਲੀ ਦਲ ਨਾਲ ਤੁਰਨਾ ਜਾਂ ਕਿ ਮੈਂ ਆਜ਼ਾਦ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਆਸਰੇ ਨਾਲ ਸਿਧਾ ਚਲਣਾ।”
ਇਸੇ ਕਰਕੇ ਸੰਤ ਸਿਖਾਂ ਨੂੰ ਸਾਵਧਾਨ ਕਰਦੇ ਰਹੇ ਕਿ ”ਕੇਸਰੀ ਨਿਸ਼ਾਨ ਸਾਹਿਬ ਦਾ ਨਾਂਅ ਲੈ ਕੇ, ਪੰਥ ਦੇ ਨਾਂਅ ਦੀ ਡੁਗਡੁਗੀ ਖੜਕਾ ਕੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਵਾਸਤਾ ਪਾ ਕੇ, ਹੁਕਮਨਾਮੇ ਦੀ ਉਲੰਘਣਾ ਕਰਕੇ, ਸ਼ਹੀਦਾਂ ਦਾ ਖੂਨ ਪੀ ਕੇ ਨਰਕਧਾਰੀਆਂ ਨੂੰ ਬਾਪੂ ਕਹਿ ਕੇ, ਉਹਨਾਂ ਕੋਲੋਂ ਵੋਟਾਂ ਲੈ ਕੇ ਕੁਰਸੀ ਨੂੰ ਕਾਇਮ ਰਖਣ ਦਾ ਕੋਈ ਪ੍ਰੇਮੀ ਹੋਵੇ, ਉਸ ਤੋਂ ਤੁਸਾਂ ਸਾਵਧਾਨ ਰਹਿਣਾ।”
ਯਕੀਨਨ ਦੁਖ ਦੀ ਗੱਲ ਇਹ ਹੈ ਕਿ ਜੂਨ 1984 ਤੋਂ ਬਾਅਦ ਚਲੀ ਸਿਖ ਖਾੜਕੂ ਲਹਿਰ ਨੇ ਸੰਤਾਂ ਦੀਆਂ ਇਨ੍ਹਾਂ ਨਸੀਹਤਾਂ ਨੂੰ ਬਣਦੀ ਅਹਿਮੀਅਤ ਨਹੀਂ ਦਿਤੀ। ਗੁਰਮਤਿ ਤੋਂ ਟੁਟ ਕੇ ਉਹ ਬੇਮੁਹਾਰੀ ਅਤੇ ਭਰਾਮਾਰ ਲੜਾਈ ਵਿਚ ਉਲਝ ਗਈ। ਜਿਸਦਾ ਸਿਟਾ ਇਹ ਨਿਕਲਿਆ ਕਿ ਐਨ ਮੁਢ ਵਿਚ ਹੀ ਸਿਖ ਦੁਸ਼ਮਣ ਤਾਕਤਾਂ ਲਹਿਰ ਵਿਚ ਘੁਸਪੈਠ ਕਰ ਗਈਆ।
ਮੌਜੂਦਾ ਜਿਲਣ ਵਿਚੋਂ ਨਿਕਲਣ ਲਈ ਸਿਖ ਸੰਘਰਸ਼ਸ਼ੀਲ ਧਿਰਾਂ ਨੂੰ ਇਹ ਗੱਲ ਧਿਆਨ ਵਿਚ ਰਖਣੀ ਪਏਗੀ ਕਿ ਅਜੋਕੇ ਦੌਰ ਵਿਚ ਆਤਮਿਕ ਤੇ ਆਰਥਿਕ ਆਜਾਦੀ ਹਾਸਲ ਕਰਨ ਲਈ ਪੰਜਾਬ ਨੂੰ ਬ੍ਰਾਹਮਣਵਾਦੀ ਸੋਚ ਅਤੇ ਬਸਤੀਵਾਦੀ ਆਰਥਿਕ ਰਿਸ਼ਤਿਆਂ ਦੇ ਸ਼ਿਕੰਜੇ ਵਿਚੋਂ ਮੁਕਤ ਕਰਵਾਉਣਾ ਜ਼ਰੂਰੀ ਹੈ। ਬ੍ਰਾਹਮਣਵਾਦੀ ਸੋਚ ਕੁਝ ਵਿਹਲੜ ਮਨੁਖਾਂ ਨੂੰ ਉਤਮ ਅਤੇ ਬਾਕੀ ਸਾਰੇ ਕਿਰਤੀ ਲੋਕਾਂ ਨੂੰ ਨੀਚ ਸਮਝਦੀ ਹੈ। ਇਸ ਲਈ ਇਹ ਸੋਚ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਰਾਹ ਵਿਚ ਸਭ ਤੋਂ ਵਡੀ ਰੁਕਾਵਟ ਹੈ ਅਤੇ ਬਸਤੀਵਾਦੀ ਆਰਥਿਕ ਰਿਸ਼ਤੇ ਕੁਝ ਕੁ ਹਥਾਂ ਵਿਚ ਸਾਰੀ ਪੂੰਜੀ ਇਕਠੀ ਕਰਕੇ ਬਾਕੀ ਸਾਰੇ ਲੋਕਾਂ ਨੂੰ ਉਸ ਪੂੰਜੀ ਦਾ ਗੁਲਾਮ ਬਣਾਉਂਦੇ ਹਨ। ਇਨ੍ਹਾਂ ਆਰਥਿਕ ਰਿਸ਼ਤਿਆਂ ਉਤੇ ਆਧਾਰਿਤ ਰਾਜਨੀਤੀ ਨੇ ਹੀ ਪੰਜਾਬ ਸਮੇਤ ਸਾਰੇ ਸੂਬਿਆਂ ਨੂੰ ਕੇਂਦਰ ਸਰਕਾਰ ਦੇ ਗੁਲਾਮ ਬਣਾਇਆ ਹੈ। ਪੰਜਾਬ ਦੇ ਸਾਰੇ ਹੀ ਲੋਕ ਇਸ ਦੂਹਰੀ ਭਾਵ ਆਤਮਿਕ ਅਤੇ ਆਰਥਿਕ ਗੁਲਾਮੀ ਦਾ ਸ਼ਿਕਾਰ ਹਨ।
ਸਿਰਦਾਰ ਕਪੂਰ ਸਿੰਘ ਦੀ ਧਾਰਨਾ ਹੈ ਕਿ ”ਰਾਜਸੀ ਵਿਚਾਰਾਂ ਦਾ ਮੁਖ ਕੰਮ, ਉਨ੍ਹਾਂ ਨੂੰ ਪ੍ਰਭਾਵਸ਼ਾਲੀ ਅਤੇ ਸਪਸ਼ਟ ਢੰਗ ਨਾਲ ਲੋਕਾਂ ਦੇ ਕਿਸੇ ਸਮੂਹ ਦੇ ਰਾਜਸੀ ਵਿਹਾਰ ਵਿਚ ਢਾਲਣਾ ਹੁੰਦਾ ਹੈ। ਇਹ ਰਾਜਸੀ ਵਿਚਾਰ ਸਮੂਹ ਦੇ ਮਨ ਅੰਦਰ ਦ੍ਰਿੜ੍ਹ ਕੀਤੇ ਜਾਣ, ਇਨ੍ਹਾਂ ਨੂੰ ਸਮਾਜ ਵਿਚ ਵਡੇ ਪਧਰ ਉਤੇ ਫੈਲਾਇਆ ਜਾਏ ਅਤੇ ਇਸ ਵਿਚਾਰਧਾਰਾ ਦੇ ਧਾਰਨੀ ਲੋਕਾਂ ਨੂੰ ਆਪਣੇ ਰਾਜਸੀ ਵਿਰੋਧੀਆਂ ਵਿਰੁਧ ਲਾਮਬੰਦ ਕੀਤਾ ਜਾਏ। ਆਪਸੀ ਵਿਸ਼ਵਾਸ ਦੇ ਇਸ ਗਹਿਰੇ ਤਾਲਮੇਲ ਤੋਂ ਬਿਨਾਂ ਕਿਸੇ ਵੀ ਮਹਾਨ ਨਿਸ਼ਾਨੇ ਲਈ ਕੋਈ ਸਾਂਝਾ ਰਾਜਸੀ ਸੰਘਰਸ਼ ਸੰਭਵ ਨਹੀਂ।”
ਇਸ ਕੰਮ ਵਾਸਤੇ ਹਲੇਮੀ ਰਾਜ ਦੇ ਨਿਸ਼ਾਨੇ ਨੂੰ ਪ੍ਰਣਾਈ ਹੋਈ ਇਕ ਰਾਜਸੀ ਜਥੇਬੰਦੀ ਚਾਹੀਦੀ ਹੈ, ਜਿਹੜੀ ਸੰਤ ਭਿੰਡਰਾਂਵਾਲਿਆਂ ਦੇ ਸੰਘਰਸ਼ ਤੋਂ ਅਗੇ ਤੁਰ ਕੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਰਾਜਸੀ ਰੂਪ ਦੇ ਸਕੇ ਅਤੇ ਰਵਾਇਤੀ ਅਕਾਲੀਆਂ ਨਾਲੋਂ ਮੁਕੰਮਲ ਨਿਖੇੜਾ ਕਰਕੇ ਪੰਜਾਬ ਦੇ ਸਮੂਹ ਲੋਕਾਂ ਦੇ ਹਿਤਾਂ ਦੀ ਤਰਜ਼ਮਾਨੀ ਕਰੇ। ਇਸ ਜਥੇਬੰਦੀ ਦੀ ਅਗਵਾਈ ਇਸ ਨਿਸ਼ਾਨੇ ਨੂੰ ਪ੍ਰਣਾਏ ਹੋਏ ਸਿਖਾਂ ਕੋਲ ਹੋਵੇ। ਇਸ ਜਥੇਬੰਦੀ ਦਾ ਮੰਤਵ ਸਰਬਸਾਂਝੀਵਾਲਤਾ ਅਤੇ ਸਰਬਤ ਦੇ ਭਲੇ ਵਾਲਾ ਰਾਜ ਕਾਇਮ ਕਰਨਾ ਹੋਵੇ, ਜਿਹੜਾ ਰਾਜ ਆਪਣੇ ਅਰਥਚਾਰੇ ਨੂੰ ਇਸ ਤਰ੍ਹਾਂ ਵਿਉਂਤੇ ਕਿ ਬਿਨਾਂ ਕਿਸੇ ਭਿੰਨਭੇਦ ਦੇ ਸਮੂਹ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆ ਹੋ ਸਕਣ। ਜਦੋਂ ਸਾਰਿਆਂ ਦੀਆਂ ਬੁਨਿਆਦੀ ਲੋੜਾਂ ਪੂਰੀਆ ਕਰਨਾ ਮੰਤਵ ਹੋਵੇ ਤਾਂ ਸਾਰੇ ਲੋਕਾਂ ਦੀਆਂ ਰਾਜਸੀ ਅਤੇ ਆਤਮਿਕ ਭਾਵਨਾਵਾਂ ਦੀ ਹਕੀਕੀ ਤਰਜ਼ਮਾਨੀ ਹੋਣੀ ਸੁਭਾਵਿਕ ਹੈ। ਫਿਰ ਹਿੰਦੂ ਮੁਸਲਮਾਨ ਤੇ ਸਿਖ ਦਾ ਕੋਈ ਮਸਲਾ ਹੀ ਨਹੀਂ ਰਹਿ ਜਾਂਦਾ।
ਇਸ ਜਥੇਬੰਦੀ ਦਾ ਮੁਖ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਲੇਮੀ ਰਾਜ ਦੇ ਸੰਕਲਪ ਨੂੰ ਅਜੋਕੀ ਰਾਜਸੀ ਸ਼ਬਦਾਵਲੀ ਵਿਚ ਸਪਸ਼ਟ ਕਰਨਾ ਅਤੇ ਉਸ ਨੂੰ ਪੰਜਾਬ ਦੇ ਬਹੁਗਿਣਤੀ ਲੋਕਾਂ ਦੀਆਂ ਭਾਵਨਾਵਾਂ ਦਾ ਅੰਗ ਬਣਾਉਣਾ ਹੋਵੇ। ਪੰਜਾਬ ਦੇ ਲੋਕਾਂ ਨੂੰ ਇਹ ਦਸਣਾ ਜ਼ਰੂਰੀ ਹੈ ਕਿ ਖਾਲਸਈ ਰਾਜਪ੍ਰਬੰਧ ਅਧੀਨ ਉਨ੍ਹਾਂ ਦੀਆਂ ਸਾਰੀਆਂ ਪਦਾਰਥਕ ਅਤੇ ਆਤਮਿਕ ਲੋੜਾਂ ਪੂਰੀਆਂ ਹੋਣਗੀਆਂ। ਇਸ ਤੋਂ ਬਾਅਦ ਹੀ ਉਹ ਰਾਜਸੀ ਤੌਰ ਉਤੇ ਜਾਗਰੂਕ ਹੋਣਗੇ ਅਤੇ  ਜਥੇਬੰਦ ਹੋ ਕੇ ਇਸ ਲਈ ਯਤਨ ਕਰਨਗੇ। ਪੰਜਾਬ ਦੇ ਲੋਕਾਂ ਨੂੰ ਇਸ ਨਿਸ਼ਾਨੇ ਵਾਸਤੇ ਆਤਮਿਕ ਤੌਰ ਉਤੇ ਚੇਤੰਨ ਕਰਨਾ ਅਤੇ ਰਾਜਸੀ ਤੌਰ ਉਤੇ ਲਾਮਬੰਦ ਕਰਨਾ ਕੋਈ ਵਖੋ-ਵਖਰੇ ਕਾਰਜ ਨਹੀਂ ਸਗੋਂ ਇਹ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਇਹ ਨਾਲੋ-ਨਾਲ ਹੀ ਚਲਣਗੇ। ਲੋੜ ਸਿਰਫ ਇਧਰ ਤੁਰਨ ਦੀ ਹੈ। ਖੁਦ ਆਤਮਿਕ ਤੌਰ ਉਤੇ ਜਾਗਣ ਅਤੇ ਰਾਜਸੀ ਤੌਰ ਉਤੇ ਸੁਚੇਤ ਹੋਣ ਦੀ ਹੈ।

Leave a Reply

Your email address will not be published. Required fields are marked *