ਗੁਰੂ ਗ੍ਰੰਥ ਸਾਹਿਬ ਵਿਚ ਇਸਲਾਮ ਦਾ ਕੀਤਾ ਗਿਆ ਜ਼ਿਕਰ ਬੜਾ ਵਿਸਥਾਰੀ ਹੈ। ਗੁਰਮਤਿ ਨੇ ਇਸਲਾਮ ਦੇ ਸੰਕਲਪਾਂ ਨੂੰ ਨਵੇਂ ਭਾਵਅਰਥ ਦਿਤੇ ਹਨ। ਗੁਰਮਤਿ ਨੇ ਇਸਲਾਮ ਵਿਚਲੇ ਕਰਮਕਾਂਡ ਨੂੰ ਨਕਾਰਦਿਆਂ ਹੋਇਆਂ ਇਸ ਦੇ ਨਿਤਨੇਮ  ਦੀ ਨਵੇਂ ਰੂਪ ਵਿਚ ਵਿਆਖਿਆ ਕੀਤੀ ਹੈ। ਗੁਰੂ ਸਾਹਿਬ ਦੇ ਬਚਨ ਹਨ —
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ। ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ। ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ। ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ। ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ। (ਪੰਨਾ 141)
ਇਸਲਾਮ ਬਾਰੇ ਗੁਰਮਤਿ ਦਾ ਬੜਾ ਸਪਸ਼ਟ ਨਿਰਣਾ ਹੈ ਕਿ ਮੁਸਲਮਾਨ ਬਣਨਾ ਬੜਾ ਔਖਾ ਹੈ ਪਰ ਜੇ ਕੋਈ ਸਚੇ ਅਰਥਾਂ ਵਿਚ ਮੁਸਲਮਾਨ ਹੋਵੇ ਤਾਂ ਹੀ ਉਹ ਆਪਣੇ-ਆਪ ਨੂੰ ਮੁਸਲਮਾਨ ਕਹਾਵੇ। ਭਾਵ ਆਪਣੇ ਮੁਸਲਮਾਨ ਹੋਣ ਦਾ ਦਾਅਵਾ ਕਰੇ। ਫਿਰ ਉਹ ਮੁਸਲਮਾਨ ਬਣ ਕੇ ਇਸਲਾਮ ਦੇ ਸਾਰੇ ਚੰਗੇ ਗੁਣ ਧਾਰਨ ਕਰੇ। ਸੁਆਲ ਪੈਦਾ ਹੁੰਦਾ ਹੈ ਕਿ ਅਸਲੀ ਅਰਥਾਂ ਵਿਚ ਮੁਸਲਮਾਨ ਬਣਨ ਲਈ ਕੀ ਕੀਤਾ ਜਾਵੇ? ਗੁਰਮਤਿ ਦਾ ਜੁਆਬ ਹੈ ਸਭ ਤੋਂ ਪਹਿਲਾਂ ਆਪਣੇ ਦੀਨ ਨੂੰ ਭਾਵ ਆਪਣੇ ਧਰਮ ਨੂੰ ਮਿਠਾ ਕਰਕੇ ਮੰਨਿਆ ਜਾਵੇ। ਉਸ ਉਤੇ ਪੂਰਾ ਯਕੀਨ ਲਿਆਂਦਾ ਜਾਵੇ। ਫਿਰ ਜਿਵੇਂ ਲੋਹੇ ਦਾ ਜੰਗਾਲ ਲਾਹੁਣ ਲਈ, ਉਸ ਨੂੰ ਵਾਰ-ਵਾਰ ਰਗੜਣਾ ਪੈਂਦਾ ਹੈ, ਇਸੇ ਤਰ੍ਹਾਂ ਆਪਣੇ ਮਨ ਉਤੇ ਜੰਮੀ ਭਰਮਾਂ ਦੀ ਮੈਲ ਲਾਹੁਣ ਲਈ ਚੇਤੰਨ ਯਤਨ ਕੀਤੇ ਜਾਣ। ਧਰਮੀ ਮੁਸਲਮਾਨ ਬਣ ਕੇ ਜੰਮਣ-ਮਰਣ ਦੇ ਭਰਮ ਨੂੰ ਸਦਾ ਲਈ ਮਨੋ ਕਢਿਆ ਜਾਵੇ। ਮੌਤ ਦੇ ਡਰ ਨੂੰ ਹਮੇਸ਼ਾ ਲਈ ਮਨੋ ਭੁਲਾ ਕੇ, ਇਹ ਸਮਝ ਲਿਆ ਜਾਵੇ ਕਿ ਇਹੀ ਜ਼ਿੰਦਗੀ ਹੈ, ਜਿਹੜੀ ਇਕ ਵਾਰ ਹੀ ਜਿਉਣੀ ਹੈ। ਹਰ ਮੁਸਲਮਾਨ ਕਰਤਾ ਦੀ ਰਜ਼ਾ ਨੂੰ ਸਭ ਤੋਂ ਉਤੇ ਮੰਨੇ। ਕਾਦਰ ਦੇ ਹੁਕਮ ਨੂੰ ਮੰਨ ਕੇ ਭਾਵ ਆਪਣੇ ਮਨ ਵਿਚ ਵਸਾਅ ਕੇ, ਆਪਣੀ ਝੂਠੀ ਹਉਮੈਗ੍ਰਸਤ ਹੋਂਦ ਗੁਆ ਦੇਵੇ। ਭਾਵ ਆਪਣੀ ਨਾਸਵੰਤ ਹੋਂਦ ਪਛਾਣੇ। ਗੁਰੂ ਨਾਨਕ ਸਾਹਿਬ ਬਚਨ ਕਰਦੇ ਹਨ, ਕਿ ਇਹ ਸਾਰਾ ਕੁਝ ਕਰਨ ਤੋਂ ਬਾਅਦ ਉਹ ਸਾਰੇ ਜੀਆਂ ਉਤੇ ਦਇਆ ਕਰੇ। ਭਾਵ ਸਰਬਸਾਂਝੀਵਾਲਤਾ ਅਤੇ ਸਰਬਤ ਦੇ ਭਲੇ ਦਾ ਪੈਰੋਕਾਰ ਬਣੇ। ਏਨਾ ਕੁਝ ਕਰਨ ਤੋਂ ਬਾਅਦ ਹੀ, ਉਹ ਆਪਣੇ ਬਾਰੇ ਮੁਸਲਮਾਨ ਹੋਣ ਦਾ ਦਾਅਵਾ ਕਰੇ।
ਮੁਸਲਮਾਨ ਦੀ ਕੀਤੀ ਗਈ ਇਸ ਵਿਆਖਿਆ ਤੋਂ ਬਾਅਦ ਹੁਣ ਇਹ ਸਪਸ਼ਟ ਹੈ ਕਿ ਗੁਰੂ ਸਾਹਿਬ ਇਹ ਸਦਾਚਾਰ ਸਿਰਫ ਮੁਸਲਮਾਨਾਂ ਨੂੰ ਹੀ ਨਹੀਂ ਸਮਝਾ ਰਹੇ ਸਗੋਂ ਮੁਸਲਮਾਨ ਦੀ ਵਿਆਖਿਆ ਰਾਹੀਂ ਸਮੁਚੀ ਦੁਨੀਆ ਨੂੰ ਇਸ ਨਵੇਂ ਮਨੁਖੀ ਸਦਾਚਾਰ ਦਾ ਗਿਆਨ ਦੇ ਰਹੇ ਹਨ। ਮਨੁਖ ਜਾਤੀ ਨੂੰ ਇਕ ਨਵੀਂ ਜੀਵਨ ਜੁਗਤ ਸਮਝਾ ਰਹੇ ਹਨ ਕਿ ਮਨ ਵਿਚੋਂ ਜੰਮਣ ਮਰਣ ਦਾ ਭਰਮ ਸਦਾ ਲਈ ਖਤਮ ਕਰਕੇ ਕਾਦਰ ਦੀ ਕੁਦਰਤ ਵਿਚਲੀ ਸਾਰੀ ਸਿਰਜਣਾ ਨਾਲ ਇਕਸੁਰਤਾ ਵਿਚ ਰਹਿਣਾ ਹੀ ਨਰੋਈ ਸੁਖ ਭਰਪੂਰ ਅਤੇ ਸਹਿਜ ਸਮਾਜੀ ਜ਼ਿੰਦਗੀ ਜਿਉਣ ਦਾ ਮੂਲ ਆਧਾਰ ਹੈ। ਇਹੀ ਮਨੁਖ ਜਾਤੀ ਦੀ ਲੋੜ ਹੈ।
ਗੁਰਮਤਿ ਇਸਲਾਮ ਦੀ ਹੋਰ ਵਿਆਖਿਆ ਕਰਦੀ ਹੈ —
ਅਲਹ ਅਗਮ ਖੁਦਾਈ ਬੰਦੇ। ਛੋਡਿ ਖਿਆਲ ਦੁਨੀਆ ਕੇ ਧੰਧੇ। ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ। ੧। ਸਚੁ ਨਿਵਾਜ ਯਕੀਨ ਮੁਸਲਾ। ਮਨਸਾ ਮਾਰਿ ਨਿਵਾਰਿਹੁ ਆਸਾ। ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ। ੨। ਸਰਾ ਸਰੀਅਤਿ ਲੇ ਕੰਮਾਵਹੁ। ਤਰੀਕਤਿ ਤਰਕ ਖੋਜਿ ਟੋਲਾਵਹੁ। ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ। ੩। ਕੁਰਾਣੁ ਕਤੇਬ ਦਿਲ ਮਾਹਿ ਕਮਾਹੀ। ਦਸ ਅਉਰਾਤ ਰਖਹੁ ਬਦ ਰਾਹੀ। ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ। ੪। ਮਕਾ ਮਿਹਰ ਰੋਜਾ ਪੈ ਖਾਕਾ। ਭਿਸਤੁ ਪੀਰ ਲਫਜ ਕਮਾਇ ਅੰਦਾਜਾ। ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ। ੫। ਸਚੁ ਕਮਾਵੈ ਸੋਈ ਕਾਜੀ। ਜੋ ਦਿਲੁ ਸੋਧੈ ਸੋਈ ਹਾਜੀ। ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ। ੬। ਸਭੇ ਵਖਤ ਸਭੇ ਕਰਿ ਵੇਲਾ। ਖਾਲਕੁ ਯਾਦਿ ਦਿਲੈ ਮਹਿ ਮਉਲਾ। ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ। ੭। ਦਿਲ ਮਹਿ ਜਾਨਹੁ ਸਭ ਫਿਲਹਾਲਾ। ਖਿਲਖਾਨਾ ਬਿਰਾਦਰ ਹਮੂ ਜੰਜਾਲਾ। ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ। ੮। ਅਵਲਿ ਸਿਫਤਿ ਦੂਜੀ ਸਾਬੂਰੀ। ਤੀਜੈ ਹਲੇਮੀ ਚਉਥੈ ਖੈਰੀ। ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ। ੯। ਸਗਲੀ ਜਾਨਿ ਕਰਹੁ ਮਉਦੀਫਾ। ਬਦ ਅਮਲ ਛੋਡਿ ਕਰਹੁ ਹਥਿ ਕੂਜਾ। ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ। ੧੦। ਹਕੁ ਹਲਾਲੁ ਬਖੋਰਹੁ ਖਾਣਾ। ਦਿਲ ਦਰੀਆਉ ਧੋਵਹੁ ਮੈਲਾਣਾ। ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ। ੧੧। ਕਾਇਆ ਕਿਰਦਾਰ ਅਉਰਤ ਯਕੀਨਾ। ਰੰਗ ਤਮਾਸੇ ਮਾਣਿ ਹਕੀਨਾ।  ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ। ੧੨। ਮੁਸਲਮਾਣੁ ਮੋਮ ਦਿਲ ਹੋਵੈ। ਅੰਤਰ ਕੀ ਮਲੁ ਦਿਲ ਤੇ ਧੋਵੈ। ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ। ੧੩। ਜਾ ਕਉ ਮਿਹਰ ਮਿਹਰ ਮਿਹਰਵਾਨਾ। ਸੋਈ ਮਰਦੁ ਮਰਦੁ ਮਰਦਾਨਾ। ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ। ੧੪। ਕੁਦਰਤਿ ਕਾਦਰ ਕਰਣ ਕਰੀਮਾ। ਸਿਫਤਿ ਮੁਹਬਤਿ ਅਥਾਹ ਰਹੀਮਾ। ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ। (ਪੰਨਾ 1083-1084)
ਭਾਵ ਮਨੁਖੀ ਮਨ ਦੀ ਪਕੜ ਵਿਚ ਨਾ ਆ ਸਕਣ ਵਾਲੇ ਅਪਹੁੰਚ ਅਲਹ ਦੇ ਪਿਆਰੇ ਬੰਦੇ ਦੁਨਿਆਵੀ ਝਮੇਲਿਆਂ ਦੇ ਖਿਆਲ ਛਡ। ਇਸ ਸੰਸਾਰ ਉਤੇ ਆਏ ਪ੍ਰਾਹੁਣਿਆਂ ਦੀ ਨਿਆਂਈ ਦੁਨਿਆਵੀ ਧੰਦਿਆਂ ਨੂੰ ਛਡ ਚੁਕੇ ਦਰਵੇਸ਼ ਮਨੁਖਾਂ ਦੇ ਪੈਰਾਂ ਦੀ ਖਾਕ ਬਣ। ਫਕੀਰਾਂ ਵਾਂਗ ਉਸ ਅਲਹ ਦੇ ਦਰਬਾਰ ਦੀ ਕਬੂਲੀਅਤ ਹਾਸਲ ਕਰ। ਭਾਵ ਆਪਣੀ ਸਦੀਵੀ ਹੋਂਦ ਦਾ ਭਰਮ ਤਿਆਗ ਤੇ ਆਪਣੀ ਸੀਮਤ ਜ਼ਿੰਦਗੀ ਦੇ ਸਚ ਦਾ ਅਹਿਸਾਸ ਕਰਕੇ ਉਸ ਸਚ ਨੂੰ ਆਪਣੀ ਨਮਾਜ ਬਣਾ। ਦਿਸ ਰਹੀ ਅਸਲੀ ਹੋਂਦ ਦੇ ਸਚ ਨੂੰ ਮੰਨ ਕੇ ਇਸ ਵਿਚ ਆਪਣੇ ਦ੍ਰਿੜ੍ਹ ਯਕੀਨ ਨੂੰ ਨਮਾਜ ਪੜ੍ਹਨ ਵਾਲੀ ਸਫ ਬਣਾ। ਆਪਣੀਆਂ ਬੇਲੋੜੀਆ ਇਛਾਵਾਂ ਨੂੰ ਤਿਆਗ ਕੇ ਫਜ਼ੂਲ ਦੀਆਂ ਆਸਾਂ ਤੋਂ ਖਹਿੜਾ ਛੁਡਾਅ। ਦੇਹ ਭਾਵ ਕਾਇਆ ਜਾਂ ਸਰੀਰ ਨੂੰ ਮਸੀਤ ਜਾਣ। ਇਸ ਸਰੀਰ ਵਿਚਲੇ ਆਪਣੇ ਮਨ ਨੂੰ ਮੌਲਵੀ ਜਾਣ ਕੇ ਖੁਦਾਈ ਹੁਕਮ ਦੇ ਕਲਮੇ ਨਾਲ ਇਸ ਮਨ ਨੂੰ ਪਵਿਤਰ ਕਰ। ਭਾਵ ਕੁਦਰਤ ਦੇ ਨੇਮਾਂ ਨੂੰ ਮੰਨ ਕੇ ਜ਼ਿੰਦਗੀ ਜਿਉਣ ਦੀ ਜਾਚ ਸਿਖ। ਸ਼ਰੀਅਤ ਭਾਵ ਧਾਰਮਿਕ ਮਰਿਆਦਾ ਉਤੇ ਇਸ ਤਰ੍ਹਾਂ ਅਮਲ ਕਰ ਕਿ ਤੇਰਾ ਮਨ ਪਾਕ ਹੋ ਸਕੇ। ਤਰਕ ਦੀ ਖੋਜ ਨਾਲ ਮਨ ਨਿਰਮਲ ਹੋਵੇ। ਭਾਵ ਮਨ ਨੂੰ ਕਰਮਕਾਂਡੀ ਭਰਮਜਾਲ ਤੋਂ ਮੁਕਤ ਕਰ। ਖੁਦਾ ਨੂੰ ਮਿਲਣ ਦਾ ਅਹਿਸਾਸ ਇਸ ਤਰ੍ਹਾਂ ਕਰ ਕਿ ਵਾਰ-ਵਾਰ ਮਰਨ ਦਾ ਡਰ ਸਦਾ ਲਈ ਖਤਮ ਹੋ ਜਾਵੇ। ਭਾਵ ਆਪਣੀ ਬਿਨਸਣਹਾਰ ਹੋਂਦ ਦਾ ਆਪਣੇ ਮਨ ਵਿਚ ਅਹਿਸਾਸ ਕਰ। ਕੁਰਾਨ ਅਤੇ ਕਤੇਬਾਂ ਦੇ ਗਿਆਨ ਨੂੰ ਦਿਲੋਂ ਪ੍ਰਵਾਨ ਕਰ। ਭਾਵ ਇਨ੍ਹਾਂ ਦੀ ਭਾਵਨਾ ਨੂੰ ਤਹਿਦਿਲੋਂ ਮੰਨ। ਆਪਣੀਆਂ ਦਸਾਂ ਇੰਦਰੀਆਂ ਭਾਵ ਪੰਜ ਗਿਆਨ ਇੰਦ੍ਰੀਆਂ ਅਤੇ ਪੰਜ ਕਰਮ ਇੰਦ੍ਰੀਆਂ ਨੂੰ ਕਾਬੂ ਵਿਚ ਰਖ ਕੇ ਉਨ੍ਹਾਂ ਨੂੰ ਮਾੜੇ ਪਾਸੇ ਜਾਣ ਤੋਂ ਵਰਜ। ਭਾਵ ਆਪਣੀਆਂ ਅਣਮਨੁਖੀ ਲੋੜਾਂ ਦੀਆਂ ਇਛਾਵਾਂ ਤੋਂ ਮੁਕਤ ਹੋ।
ਪੰਜੇ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦ੍ਰਿੜ੍ਹਤਾ ਨਾਲ ਕਾਬੂ ਕਰ ਤੇ ਸੰਤੋਖ ਨਾਲ ਜਿਉਣਾ ਸਿਖ ਤਾਂ ਕਿ ਉਸ ਰਬੀ ਰਹਿਮਤ ਦੀ ਕਬੂਲੀਅਤ ਹਾਸਲ ਹੋਵੇ। ਦੂਜੇ ਮਨੁਖਾਂ ਉਤੇ ਦਇਆ ਕਰਨੀ ਮਕੇ ਦੇ ਦਰਸ਼ਨ ਕਰਨ ਵਾਂਗ ਹੈ। ਹੋਰਨਾਂ ਲੋਕਾਂ ਦੇ ਪੈਰਾਂ ਦੀ ਖਾਕ ਹੋਣਾ ਭਾਵ ਆਪਣੇ-ਆਪ ਨੂੰ ਸਾਰਿਆਂ ਤੋਂ ਨੀਵੇਂ ਸਮਝਣਾ ਤੇ ਆਪਣੇ ਹੰਕਾਰ ਨੂੰ ਤਿਆਗ ਦੇਣਾ ਆਪਣੀ ਅਸਲੀ ਹੋਂਦ ਦੀ ਸਚਾਈ ਬੁਝ ਲੈਣਾ ਭਾਵ ਆਪਣੀ ਪੂਰਨ ਸਮਾਜੀ ਹੋਂਦ ਦਾ ਅਹਿਸਾਸ ਕਰਨਾ ਹੀ ਰੋਜੇ ਰਖਣਾ ਹੈ। ਗੁਰਪੀਰਾਂ ਦੇ ਬਚਨ ਨੂੰ ਕਮਾਉਣਾ ਹੀ ਬਹਿਸ਼ਤ ਹੈ। ਬਹਿਸ਼ਤ ਵਿਚ ਮਿਲਣ ਵਾਲੀਆਂ ਸੁੰਦਰ ਔਰਤਾਂ ਖੁਦਾਈ ਨੂਰ ਦੀ ਸੁਗੰਧੀ ਆਦਿ ਸਾਰਾ ਕੁਝ ਇਸੇ ਖੁਦਾ ਦੀ ਬੰਦਗੀ ਵਿਚ ਹੈ। ਇਹੀ ਅਲਹ ਨੂੰ ਮਿਲਣ ਦਾ ਅਹਿਸਾਸ ਹੈ। ਸਚ ਨੂੰ ਕਮਾਉਣਾ ਭਾਵ ਸਦਾਚਾਰੀ ਬਣ ਕੇ ਹਕੀਕੀ ਜਿੰਦਗੀ ਜਿਉਣਾ ਹੀ ਕਾਜੀ ਹੋਣਾ ਹੈ। ਮਨ ਨੂੰ ਸ਼ੁਧ ਕਰਨਾ ਭਾਵ ਕਰਮਕਾਂਡੀ ਭਰਮਜਾਲ ਤੋਂ ਮੁਕਤ ਹੋਣਾ ਹੀ ਹਜ ਕਰਨਾ ਹੈ। ਆਪਣੇ ਵਿਕਾਰਾਂ ਨੂੰ ਕਾਬੂ ਕਰਨਾ ਹੀ ਮੌਲਵੀ ਹੋਣਾ ਹੈ। ਓਹੀ ਮਨੁਖ ਦਰਵੇਸ਼ ਹੈ ਜਿਸ ਨੇ ਖੁਦਾ ਦੀ ਅਸਲੀਅਤ ਬੁਝ ਲਈ ਹੈ। ਉਸ ਵਾਸਤੇ ਸਾਰਾ ਸਮਾਂ ਹੀ ਖੁਦਾ ਨੂੰ ਯਾਦ ਕਰਨ ਲਈ ਹੈ।
ਇਸਲਾਮ ਵਿਚ ਅਦਾ ਕੀਤੀਆਂ ਜਾਣ ਵਾਲੀਆਂ ਪੰਜ ਨਿਮਾਜ਼ਾਂ ਦੀ ਜਾਣਕਾਰੀ ਦੇਂਦਿਆਂ ਹੋਇਆਂ ਗੁਰੂ ਸਾਹਿਬ ਉਨ੍ਹਾਂ ਨੂੰ ਨਵੇਂ ਅਰਥ ਦੇਂਦੇ ਹਨ। ਪਹਿਲੀ ਨਮਾਜ ਉਸ ਅਲਹ ਦੀ ਸਿਫਤ ਕਰਨੀ ਭਾਵ ਉਸ ਦੇ ਕਰਤਾਰੀ ਗੁਣਾਂ ਤੋਂ ਜਾਣੂੰ ਹੋਣਾ ਹੈ। ਦੂਜੀ ਨਮਾਜ ਸਬਰ-ਸੰਤੋਖ ਨਾਲ ਰਹਿਣਾ ਭਾਵ ਹਥੀਂ ਕਿਰਤ ਕਰਨੀ ਤੇ ਵੰਡ ਛਕਣਾ ਹੈ। ਤੀਜੀ ਨਮਾਜ ਨਿਮਰਤਾ ਨਾਲ ਜਿਉਣਾ ਤੇ ਚੌਥੀ ਨਮਾਜ ਸਾਰਿਆਂ ਦੀ ਖੈਰ ਮੰਗਣੀ ਭਾਵ ਸਰਬਤ ਦਾ ਭਲਾ ਮੰਗਣਾ ਹੈ। ਪੰਜਵੀਂ ਨਮਾਜ ਆਪਣੇ ਵਿਕਾਰਾਂ ਨੂੰ ਕਾਬੂ ਵਿਚ ਰਖਣਾ ਹੈ। ਇਹੀ ਪੰਜ ਵੇਲਿਆਂ ਦੀ ਨਮਾਜ ਦਾ ਮੰਤਵ ਹੈ। ਇਹੀ ਸਭ ਤੋਂ ਉਤਮ ਕਰਮ ਹੈ। ਸਾਰੀ ਸ੍ਰਿਸ਼ਟੀ ਨੂੰ ਇਕੋ ਜਾਣਨਾ ਹੀ ਸਦੀਵੀ ਸਚ ਤੇ ਕਰਨ ਵਾਲਾ ਪਾਠ ਹੈ। ਗੁਰੂ ਸਾਹਿਬ ਇਕ ਸਚੇ ਮੁਸਲਮਾਨ ਨੂੰ ਹੋਕਾ ਦੇਂਦੇ ਹਨ ਕਿ ਬੁਰੇ ਕੰਮਾਂ ਭਾਵ ਦੁਰਾਚਾਰ ਨੂੰ ਛਡਣਾ ਹੀ ਹਥ ਵਿਚ ਲੋਟਾ ਫੜਨ ਦੇ ਨਿਆਈਂ ਹੈ। ਇਹ ਬੁਝ ਲੈਣਾ ਕਿ ਸਾਰੀ ਖਲਕਤ ਦਾ ਖੁਦਾ ਇਕੋ ਹੈ ਤੇ ਉਸ ਖੁਦਾ ਦੇ ਨੇਕ ਪੁਤਰ ਬਣਨ ਦੇ ਯਤਨ ਕਰਨਾ ਹੀ ਬਾਂਗ ਦੇਣਾ ਹੈ। ਹਥੀਂ ਕਿਰਤ ਕਰਕੇ ਹਕ ਹਲਾਲ ਦਾ ਭੋਜਨ ਖਾਣਾ, ਦਿਲ ਭਾਵ ਮਨ ਵਿਚੋਂ ਵਿਕਾਰਾਂ ਦੀ ਮੈਲ ਸਾਫ ਕਰਨ ਲਈ ਸਚੇ ਪੀਰ ਦੀ ਪਛਾਣ ਕਰਨੀ, ਜਿਹੜਾ ਸਚ ਦਾ ਗਿਆਨ ਦੇਵੇ ਹੀ ਬਹਿਸ਼ਤ ਵਿਚ ਜਾਣਾ ਹੈ। ਫਿਰ ਅਜਿਹੇ ਮਨੁਖ ਨੂੰ ਅਜਰਾਈਲ ਫਰਿਸ਼ਤੇ ਵਲੋਂ ਨਰਕ ਵਿਚ ਭੇਜੇ ਜਾਣ ਦਾ ਕੋਈ ਡਰ ਨਹੀਂ ਰਹਿੰਦਾ। ਇਕ ਸਚੇ ਮੁਸਲਮਾਨ ਲਈ ਗੁਰੂ ਸਾਹਿਬ ਦੇ ਬਚਨ ਹਨ ਕਿ ਸਰੀਰ ਨੂੰ ਸਦਾਚਾਰੀ ਬਣਾ। ਉਸ ਸਚੇ ਰਬ ਪ੍ਰਤੀ ਦ੍ਰਿੜ੍ਹਤਾ ਨੂੰ ਆਪਣੀ ਪਤਨੀ ਬਣਾ। ਫਿਰ ਭਾਵੇਂ ਸਾਰੇ ਰੰਗ ਤਮਾਸ਼ੇ ਮਾਣ ਭਾਵ ਜ਼ਿੰਦਗੀ ਨੂੰ ਭਰਵੇਂ ਰੂਪ ਵਿਚ ਜੀਅ। ਅਪਵਿਤਰ ਮਨ ਨੂੰ ਪਵਿਤਰ ਕਰਨਾ ਤੇ ਸਰੀਰ ਨੂੰ ਸਾਬਤ ਸੂਰਤ ਕੁਦਰਤੀ ਸਰੂਪ ਵਿਚ ਰਖਣਾ ਹੀ ਹਦੀਸਾ ਦੀ ਸ਼ਰਾਅ ਨੂੰ ਮੰਨਣਾ ਹੈ। ਅਰਥ ਬੜੇ ਸਪਸ਼ਟ ਹਨ ਕਿ ਕੁਦਰਤ ਨੇ ਮਨੁਖ ਨੂੰ ਜਿਹੜਾ ਸਰੀਰ ਦਿਤਾ ਹੈ, ਉਸ ਦੀ ਉਵੇਂ ਹੀ ਸੰਭਾਲ ਕਰਨੀ ਸ਼ਰਅ ਨੂੰ ਮੰਨਣ ਦੀ ਨਿਆਈਂ ਹੈ।
ਫਿਰ ਗੁਰੂ ਸਾਹਿਬ ਮੁਸਲਮਾਨ ਹੋਣ ਦੇ ਗੁਣ ਦਸਦੇ ਹਨ। ਮੁਸਲਮਾਨ ਬਣਨ ਲਈ ਮਨੁਖ ਨੂੰ ਮੋਮ ਵਰਗੇ ਦਿਲ ਦਾ ਭਾਵ ਸਿਰੇ ਦਾ ਦਇਆਵਾਨ ਹੋਣਾ ਚਾਹੀਦਾ ਹੈ। ਜਿਸ ਨੇ ਆਪਣੇ ਅੰਦਰੋਂ ਦਿਲ ਦੀ ਮੈਲ ਭਾਵ ਆਪਣੇ ਮਨ ਨੂੰ ਹਰ ਤਰ੍ਹਾਂ ਦੇ ਕਰਮਕਾਂਡੀ ਭਰਮਜਾਲ ਤੋਂ ਮੁਕਤ ਕੀਤਾ ਹੋਵੇ। ਜਿਹੜਾ ਦੁਨਿਆਵੀ ਚਕਾਚੌਂਧ ਤੋਂ ਪ੍ਰਭਾਵਿਤ ਨਾ ਹੋ ਕੇ ਆਪਣੇ ਮਨ ਨੂੰ ਕੁਸਮ ਫੁਲ, ਰੇਸ਼ਮ, ਖਰੇ ਘਿਉ ਤੇ ਹਿਰਨ ਦੀ ਖਲ ਵਾਂਗ ਨਿਰਮਲ ਰਖੇ। ਜਿਸ ਉਤੇ ਉਸ ਮਿਹਰਬਾਨ ਰਬ ਦੀ ਮਿਹਰ ਹੋਵੇ, ਓਹੀ ਮਰਦ ਅਤੇ ਸੂਰਮਾ ਹੈ। ਓਹੀ ਸ਼ੇਖਾਂ ਦਾ ਸ਼ੇਖ ਹਾਜੀ ਹੈ, ਜਿਸ ਉਤੇ ਉਸ ਮਿਹਰਬਾਨ ਦੀ ਮਿਹਰ ਭਰੀ ਨਜ਼ਰ ਪੈ ਜਾਏ। ਭਾਵ ਜਿਹੜਾ ਕਰਤਾ (ਕੁਦਰਤ) ਦੇ ਹੁਕਮ ਅਨੁਸਾਰੀ ਜਿਉਣਾ ਆਰੰਭ ਦੇਵੇ। ਗੁਰੂ ਸਾਹਿਬ ਦੇ ਬਚਨ ਹਨ ਕਿ ਇਹ ਕੁਦਰਤ ਹੀ ਮਿਹਰਬਾਨ ਅਤੇ ਕਰਨ ਕਰਾਵਨਹਾਰ ਹੈ। ਕੁਦਰਤ ਹੀ ਕਾਦਰ ਭਾਵ ਰਬ ਹੈ। ਕੁਦਰਤ ਹੀ ਕਰਣਹਾਰ ਭਾਵ ਪੈਦਾ ਕਰਨ ਵਾਲੀ ਹੈ। ਕੁਦਰਤ ਹੀ ਬਖਸ਼ਿੰਦ ਭਾਵ ਬਖਸ਼ਿਸ਼ਾਂ ਕਰਨ ਵਾਲੀ ਹੈ। ਜਿਹੜੀ ਆਪਣੀਆਂ ਬਖਸ਼ਿਸ਼ਾਂ ਨਾਲ ਸਭ ਨੂੰ ਪਾਲਦੀ ਹੈ। ਇਸ ਕੁਦਰਤ ਦਾ ਗੁਣ ਪਿਆਰ ਤੇ ਅਮੁਕ ਦਿਆਲੂਪੁਣਾ ਹੈ। ਜਿਹੜੀ ਬਿਨਾਂ ਕਿਸੇ ਭਿੰਨ-ਭੇਦ ਦੇ ਸਾਰਿਆਂ ਨੂੰ ਬੇਅੰਤ ਦਾਤਾਂ ਨਾਲ ਨਿਵਾਜਦੀ ਹੈ। ਕੁਦਰਤ ਦਾ ਧਾਰਨ ਕਰਨ ਵਾਲਾ ਗੁਣ ਹੁਕਮ ਭਾਵ ਇਸ ਦੇ ਨੇਮ ਹਨ, ਜਿਹੜੇ ਖੁਦਾਈ ਭਾਵ ਅਟਲ ਸਚ ਹਨ ਤੇ ਜਿਨ੍ਹਾਂ ਨੂੰ ਬੁਝ ਕੇ ਜਾਂ ਜਿਨ੍ਹਾਂ ਨੂੰ ਜਾਣ ਕੇ ਹੀ ਸਾਰਿਆਂ ਬੰਧਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਜੀਵਨ ਜਾਚ ਸਿਖਾਂ ਸਮੇਤ ਸਾਰੇ ਮਨੁਖਾਂ ਲਈ ਹੈ, ਸਿਰਫ ਮੁਸਲਮਾਨਾਂ ਲਈ ਨਹੀਂ।
ਇਸਲਾਮ ਵਿਚ ਅਲਹ ਦੀ ਹਸਤੀ ਨੂੰ ਸਿਰਜਕ ਦੇ ਰੂਪ ਵਿਚ ਹੀ ਪ੍ਰਗਟ ਕੀਤਾ ਗਿਆ ਹੈ। ਅਲਹ ਮਹਾਨ ਹੈ। ਅਲਹ ਸਰਬ-ਵਿਆਪਕ ਹੈ ਪਰ ਉਸ ਦੀ ਪ੍ਰਗਟ ਹੋਂਦ ਕਿਤੇ ਨਹੀਂ। ਹਜ਼ਰਤ ਮੁਹੰਮਦ ਸਾਹਿਬ ਦੇ ਮਨ ਵਿਚ ਇਲਹਾਮ ਵਜੋਂ ਨਾਜ਼ਿਲ ਹੋਏ ਸ਼ਬਦਾਂ ਰਾਹੀਂ ਅਲਹ ਆਪਣੀ ਹੋਂਦ ਪ੍ਰਗਟ ਕਰਦਾ ਹੈ। ਇਹੀ ਅਲਹ ਦੀ ਹਸਤੀ ਗੁਰਮਤਿ ਵਿਚ ਅਕਾਲ ਪੁਰਖ ਕਰਤਾ ਰਾਮ ਸ਼ਿਆਮ ਬੀਠਲ ਮੁਰਾਰੀ ਹਰਿ ਰਬ ਪਰਮਾਤਮਾ ਜਾਂ ਏਕੋ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਇਹ ਧਿਆਨ ਵਿਚ ਰਹੇ ਕਿ ਗੁਰਮਤਿ ਅਲਹ ਦੀ ਹਸਤੀ ਤੋਂ ਇਨਕਾਰੀ ਨਹੀਂ ਸਗੋਂ ਉਸ ਨੂੰ ਏਕੋ ਕਰਤਾ (ਹਸਤੀ) ਦੇ ਇਕ ਨਾਮ ਵਜੋਂ ਆਪਣੇ ਵਿਚ ਆਤਮਸਾਤ ਕਰ ਲੈਂਦੀ ਹੈ ਅਤੇ ਆਪਣਾ ਅੰਗ ਬਣਾ ਲੈਂਦੀ ਹੈ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ। (ਪੰਨਾ 1349)।
ਅਲਹੁ ਨ ਵਿਸਰੈ ਦਿਲ ਜੀਅ ਪਰਾਨ। (ਪੰਨਾ 1138)
ਅਲਹ ਅਲਖ ਅਪਾਰ। (ਪੰਨਾ 896)
ਇਸਲਾਮ ਵਿਚਲੀ ਅਲਹ ਦੀ ਹਸਤੀ ਵੀ ਗੁਰਮਤਿ ਦੇ ਏਕੋ ਕਰਤਾ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਇਸੇ ਕਰਕੇ ਗੁਰਮਤਿ ਨੇ ਅਲਹ ਦੇ ਸੰਕਲਪ ਨੂੰ ਇਸੇ ਰੂਪ ਵਿਚ ਹੀ ਅਪਣਾ ਲਿਆ ਹੈ। ਹੁਣ ਜਿਸ ਮਨੁਖ ਨੂੰ ‘ਓਮ’ ਦੇ ਸੰਕਲਪ ਦਾ ਭੇਦ ਨਹੀਂ ਪਤਾ, ਉਸ ਨੂੰ ੴ ਦੇ ਸੰਕਲਪ ਦੀ ਸਮਝ ਨਹੀਂ ਆ ਸਕਦੀ। ਜਿਸ ਮਨੁਖ ਨੂੰ ਹਜ਼ਰਤ ਮੂਸਾ ਦੇ ਮਾਲਕ (Lord) ਸਬਦ ਦੇ ਭਾਵਅਰਥ ਸਮਝ ਨਹੀਂ ਆਉਂਦੇ, ਉਸਨੂੰ ਇਸਾਈ ਧਰਮ ਦੇ ਗੌਡ (7od) ਦੇ ਸੰਕਲਪ ਦੀ ਥਾਹ ਨਹੀਂ ਪੈ ਸਕਦੀ ਨਾ ਹੀ ਉਸ ਨੂੰ ਅਲਹ ਅਖਰ ਵਿਚਲੀ ਰਬੀ ਹਸਤੀ ਦੇ ਵਸੀਹ ਸੰਕਲਪ ਦਾ ਗਿਆਨ ਹੋ ਸਕਦਾ ਹੈ। ਜਿਸ ਮਨੁਖ ਨੂੰ ਅਲਹ ਅਖਰ ਵਿਚਲੀ ਰਬੀ ਹਸਤੀ ਦੇ ਵਸੀਹ ਸੰਕਲਪ ਦਾ ਗਿਆਨ ਨਹੀਂ, ਉਸ ਵਾਸਤੇ ੴ ਮਹਿਜ ਇਕ ਅਖਰ ਜਾਂ ਅੰਕ ਗਣਿਤ ਦੇ ਇਕ ਨਾਲ ਲਗਾ ਪੈਂਤੀ ਦਾ ਅਖਰ ਓ ਹੈ, ਜਿਸ ਦੀ ਹਰ ਕੋਈ ਆਪਣੀ-ਆਪਣੀ ਵਿਆਖਿਆ ਕਰ ਸਕਦਾ ਹੈ। ਓਮ ਤੋਂ ੴ ਤਕ ਵਿਕਸਿਤ ਹੋਇਆ ਇਹ ਸੰਕਲਪ ਹੀ ਕੁਦਰਤ ਦੇ ਕਣ-ਕਣ ਵਿਚ ਰਮੇਂ ਹੋਏ ‘ਕਰਤਾ’ ਤੇ ‘ਦਾਤਾ’ — ਦੋਹਾਂ ਦੇ ਸਾਂਝੇ ਰੂਪ (ਏਕੋ) ਵਿਚ ਪ੍ਰਗਟ ਹੋਇਆ ਹੈ, ਜਿਹੜਾ ਸਦੀਵੀ ਕੁਦਰਤ ਦੀ ਹੋਂਦ ਦੇ ਸਚ ਨੂੰ ਪ੍ਰਗਟ ਕਰਦਾ ਹੈ ਅਤੇ ਕੁਦਰਤੀ ਨੇਮਾਂ ਦੇ ਆਤਮਿਕ ਗਿਆਨ ਭਾਵ ਕਰਤਾ ਪੁਰਖ ਦੇ ਹੁਕਮੁ ਵਜੋਂ ਮਨੁਖ ਦੇ ਅਨੁਭਵੀ ਮਨ ਦੀ ਪਕੜ ਵਿਚ ਆਉਂਦਾ ਹੈ।
ਮੁਸਲਮਾਨ ਜਗਤ ਵਿਚ ਸਤਿਕਾਰਤ ਅਤੇ ਇਸਲਾਮ ਦੇ ਚਰਚਿਤ ਵਿਆਖਿਆਕਾਰ ਸਈਦ ਕੁਤਬ ਹੁਰਾਂ ਨੇ ਆਪਣੀ ਇਕ ਅਹਿਮ ਕਿਰਤ ‘ਮੀਲ ਪਥਰ’ ਵਿਚ ਇਸਲਾਮ ਦੀ ਵਿਆਖਿਆ ਕਰਦਿਆਂ ਹੋਇਆਂ ਲਿਖਿਆ ਹੈ, ”ਇਸਲਾਮ ਆਪਣਾ ਸਮੁਚਾ ਢਾਂਚਾ ਅਲਹ ਅਗੇ ਪੂਰਨ ਆਤਮ ਸਮਰਪਣ ਦੇ ਯਕੀਨ ਅਤੇ ਕਰਨੀ ਦੀ ਨੀਂਹ ਉਤੇ ਖੜ੍ਹਾ ਕਰਦਾ ਹੈ। ਉਸ ਦੇ ਯਕੀਨ, ਕਰਮ ਅਤੇ ਜ਼ਿੰਦਗੀ ਦੇ ਨੇਮ (ਅਸੂਲ) ਇਸ ਆਤਮ ਸਮਰਪਣ ਤੇ ਅਮਲੀ ਜ਼ਿੰਦਗੀ ਵਿਚ ਇਸ ਦੀ ਕੀਤੀ ਗਈ ਵਿਆਖਿਆ ਦੇ ਐਲਾਨੀਆ ਪ੍ਰਗਟਾਵੇ ਹਨ ਕਿ ਅਲਹ ਦੀ ਹਸਤੀ ਤੋਂ ਬਿਨਾਂ ਹੋਰ ਕੋਈ ਦੈਵੀ ਸ਼ਕਤੀ ਤੇ ਦੇਵੀ-ਦੇਵਤਾ ਨਹੀਂ। ਜ਼ਿੰਦਗੀ ਦੇ ਸਾਰੇ ਵਿਸਥਾਰ ਅਲਹ ਦੇ ਹਰਕਾਰੇ (ਉਸ ਉਤੇ ਮਿਹਰ ਹੋਵੇ) ਦੇ ਅਮਲ ਵਿਚੋਂ ਪੈਦਾ ਹੁੰਦੇ ਹਨ। ਇਸ ਐਲਾਨ ਦੇ ਅਮਲੀ ਸਿਟੇ ਹਨ ਕਿ ਮੁਹੰਮਦ ਅਲਹ ਦਾ ਰਸੂਲ ਹੈ (ਅਰਬੀ ਭਾਸ਼ਾ ਵਿਚ ਹਰਕਾਰੇ ਨੂੰ ਰਸੂਲ ਕਹਿੰਦੇ ਹਨ)। ਇਸਲਾਮ ਆਪਣਾ ਸਮੁਚਾ ਵਜੂਦ ਇਸ ਤਰ੍ਹਾਂ ਖੜ੍ਹਾ ਕਰਦਾ ਹੈ ਕਿ ਇਸ ਐਲਾਨ ਦੇ ਇਹ ਦੋਵੇਂ ਹਿਸੇ — ਜਥੇਬੰਦੀ ਤੇ ਉਸ ਦੇ ਤਤ — ਦਾ ਫੈਸਲਾ ਕਰਦੇ ਹਨ। ਜਦੋਂ ਇਸਲਾਮ ਆਪਣਾ ਵਜੂਦ ਇਸ ਤਰ੍ਹਾਂ ਖੜ੍ਹਾ ਕਰਦਾ ਹੈ ਤਾਂ ਇਹ ਮਨੁਖ ਦੀ ਜਾਣਕਾਰੀ ਵਿਚ ਆਉਂਦੇ ਸਾਰੇ ਪ੍ਰਬੰਧਾਂ ਨਾਲੋਂ ਇਸ ਨੂੰ ਵਖਰਾ ਅਤੇ ਨਿਵੇਕਲਾ ਬਣਾ ਦੇਂਦਾ ਹੈ। ਅਸਲ ਵਿਚ ਇਉਂ ਇਸਲਾਮ ਬ੍ਰਹਿਮੰਡੀ (ਕੁਦਰਤੀ) ਕਾਨੂੰਨਾਂ (ਹੁਕਮੁ) ਨਾਲ ਇਕਸੁਰ ਹੋ ਜਾਂਦਾ ਹੈ, ਜਿਹੜੇ ਬ੍ਰਹਿਮੰਡੀ ਕਾਨੂੰਨ ਨਾ ਸਿਰਫ ਮਨੁਖ ਦੀ ਆਪਣੀ ਹੋਂਦ ਵਿਚ ਸਗੋਂ ਸਮੁਚੇ ਬ੍ਰਹਿਮੰਡ ਵਿਚ ਵੀ ਕਾਰਜਸ਼ੀਲ ਹਨ।” … ”ਮਨੁਖ ਇਸ ਬ੍ਰਹਿਮੰਡ (ਕੁਦਰਤ) ਦਾ ਹੀ ਇਕ ਅੰਗ ਹੈ ਅਤੇ ਮਨੁਖ ਦੇ ਸੁਭਾਅ ਨੂੰ ਘੜਣ ਵਾਲੇ ਨੇਮ ਇਸ ਬ੍ਰਹਿਮੰਡ ਨੂੰ ਚਲਾਉਣ ਵਾਲੇ ਨੇਮਾਂ ਤੋਂ ਕੋਈ ਵਖਰੇ ਨਹੀਂ ਹਨ।” ਉਨ੍ਹਾਂ ਦੇ ਕੁਰਾਨ ਵਿਚੋਂ ਦਿਤੇ ਗਏ ਇਕ ਹਵਾਲੇ ਅਨੁਸਾਰ, ”ਅਸਲ ਵਿਚ ਤੁਹਾਡਾ ਪਾਲਣਹਾਰ ਅਲਹ ਨੇ 6 ਸਮਿਆਂ ਵਿਚ ਸਵਰਗ ਅਤੇ ਧਰਤੀ ਦੀ ਸਿਰਜਣਾ ਕੀਤੀ ਅਤੇ ਫਿਰ ਆਪਣੇ-ਆਪ ਨੂੰ ਸਿਰਮੌਰ ਹਸਤੀ ਵਜੋਂ ਸਥਾਪਿਤ ਕਰ ਲਿਆ। ਉਸ ਨੇ ਰਾਤ-ਦਿਨ ਦੀ ਸਿਰਜਣਾ ਕੀਤੀ। ਸੂਰਜ ਚੰਦ ਅਤੇ ਤਾਰੇ ਉਸ ਦੇ ਹੁਕਮ ਅਨੁਸਾਰ ਚਲਦੇ ਹਨ। ਸਿਰਜਣਾ ਅਤੇ ਹੁਕਮ ਸਿਰਫ ਉਸ ਲਈ ਰਾਖਵੇਂ ਹਨ। ਸੰਸਾਰ ਦਾ ਪਾਲਕ ਅਲਹ ਮਹਾਨ ਹੈ।” ਇਸਲਾਮ ਦੇ ਪੰਜਾਬੀ ਵਿਆਖਿਆਕਾਰ ਅਤੇ ਫਿਲਾਸਫਰ ਕਵੀ ਅਲਾਮਾ ਇਕਬਾਲ ਨੇ ਇਸਲਾਮ ਦੀ ਵਿਆਖਿਆ ਕਰਦਿਆਂ ਹੋਇਆ ਲਿਖਿਆ ਹੈ, ”ਅਜੋਕੀ ਮਨੁਖ ਜਾਤੀ ਨੂੰ ਤਿੰਨ ਗੱਲਾਂ ਦੀ ਲੋੜ ਹੈ — ਬ੍ਰਹਿਮੰਡੀ ਹਕੀਕਤ ਦੀ ਇਕ ਆਤਮਿਕ ਵਿਆਖਿਆ, ਵਿਅਕਤੀ ਦੀ ਆਤਮਿਕ ਮੁਕਤੀ ਤੇ ਇਕ ਬੁਨਿਆਦੀ ਆਧਾਰ ਉਤੇ ਮਨੁਖੀ ਸਮਾਜ ਦੇ ਵਿਕਾਸ ਦੀ ਇਕ ਸਰਬਵਿਆਪੀ ਦਿਸ਼ਾ ਦੇ ਮੂਲ ਨੇਮ ਤਹਿ ਕਰਨੇ।” ਅਲਾਮਾ ਇਕਬਾਲ ਦਾ ਕਹਿਣਾ ਹੈ ਕਿ ਇਸਲਾਮ ਦਾ ਅੰਤਿਮ ਨਿਸ਼ਾਨਾ ਆਤਮਿਕ ਜਮਹੂਰੀਅਤ ਕਾਇਮ ਕਰਨੀ ਹੈ ਅਤੇ ਅਜੋਕੀ ਯੂਰਪੀਨ ਸਭਿਅਤਾ ਮਨੁਖ ਦੇ ਸਦਾਚਾਰੀ ਭਾਵ ਸਭਿਆਚਾਰਕ ਵਿਕਾਸ ਦੇ ਰਾਹ ਵਿਚ ਸਭ ਤੋਂ ਵਡੀ ਰੁਕਾਵਟ ਹੈ। ਇਕਬਾਲ  ਦਾ ਇਹ ਵੀ ਕਹਿਣਾ ਹੈ ਕਿ ”ਕੁਰਾਨ ਕਹਿਣੀ ਨਾਲੋਂ ਕਰਨੀ ਉਤੇ ਜ਼ੋਰ ਦੇਂਦੀ ਹੈ।”(“he Quran is a book which emphasi੍ਰes ‘deed’ rather than ‘idea’.) ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦਾ ਤਤ-ਨਿਚੋੜ ਹੀ ਇਹ ਹੈ ਕਿ ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰ£ ਯਕੀਨਨ ਸਚੁ ਆਚਾਰ ਭਾਵ ਸਦਾਚਾਰ ਭਾਵ ਨੇਕ ਮਨੁਖੀ ਵਿਹਾਰ ਕੁਦਰਤੀ ਨੇਮਾਂ ਦੇ ਆਤਮਿਕ ਗਿਆਨ ਨਾਲ ਹੀ ਹੋਂਦ ਵਿਚ ਆਉਂਦਾ ਹੈ। ਇਹੀ ਆਤਮਿਕ ਗਿਆਨ ਜਮਹੂਰੀਅਤ ਦੀ ਬੁਨਿਆਦ ਹੈ।

Leave a Reply

Your email address will not be published. Required fields are marked *