ਗੁਰੂ ਨਾਨਕ ਸਾਹਿਬ ਨੇ ਅਕਾਰ ਰਹਿਤ ਤੇ ਜੂਨ ਰਹਿਤ ਕਰਤਾ ਪੁਰਖ ਦੇ ਬਣਾਏ ਜਾਤ ਰਹਿਤ ਸਮਾਜ ਵਿਚ ਆਪਣਾ ਯਕੀਨ ਪ੍ਰਗਟ ਕੀਤਾ।ਕਰਤਾ ਪੁਰਖ ਦੀ ਸਾਜੀ ਇਹ ਸ੍ਰਿਸ਼ਟੀ ਉਸ ਦੇ ਬਣਾਏ ਸਿਧਾਂਤ ਅਨੁਸਾਰ ਚਲ ਰਹੀ ਹੈ (ਤੂੰ ਕਰਤਾ ਪੁਰਖ ਅਗਮ ਹੈ ਰਵਿਆ ਸਭ ਥਾਂਈ।) ਤੇ ਮਨੁਖ ਇਨ੍ਹਾਂ ਅਸੂਲ਼ਾਂ ਅਨੁਸਾਰ ਚਲ ਕੇ ਹੀ ਸੁਖੀ ਰਹਿ ਸਕਦਾ ਹੈ। ਦੂਸਰੇ ਗੁਰੂ ਸਾਹਿਬ ਨੇ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਇਸ ਸਿਧਾਂਤ ਦਾ ਵਿਸਥਾਰ ਤੇ ਪਰਚਾਰ ਕੀਤਾ।ਗੁਰੂ ਗਰੰਥ ਸਾਹਿਬ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੀ ਇਸ ਵਿਚਾਰਧਾਰਾ ਦਾ ਲਿਖਤੀ ਰੂਪ ਹੈ।ਇਹ ਧਰਤੀ ਹਵਾ ਪਾਣੀ ਅਕਾਸ਼ ਪਤਾਲ ਸਭ ਕਰਤਾ ਪੁਰਖ ਦੀ ਸਿਰਜਣਾ ਹੈ। ਇਸ ਧਰਤੀ ਉਤੇ ਬੇਅੰਤ ਜੀਆ-ਜੰਤ ਹਨ।ਇਹਨਾਂ ਸਭ ਦੇ ਸਰੀਰ ਇਕੋ ਹੀ ਮਿਟੀ ਦੇ ਬਣੇ ਹੋਏ ਹਨ ਅਤੇ ਇਹ ਸਭ ਦੇ ਸਭ ਇਕੋ ਹਵਾ ਵਿਚ ਸਾਹ ਲੈਂਦੇ ਹਨ।ਇਹਨਾਂ ਸਾਰੇ ਜੀਅ-ਜੰਤੂਆਂ ਵਿਚ ਇਕੋ ਰਬੀ ਜੋਤ ਹੋਂਦ ਰਖਦੀ ਹੈ।ਅਕਾਲ ਪੁਰਖ ਨੇ ਚਉਰਾਸੀ ਲਖ ਜੂਨਾਂ ਵਿਚੋਂ ਮਨੁਖ ਜਾਤੀ ਨੂੰ ਉਤਮ ਰੁਤਬਾ ਦੇ ਕੇ ਵਡਿਆਈ ਬਖਸ਼ੀ ਹੈ।ਮਨੁਖ ਦੀ ਇਸ ਧਰਤੀ ਉਤੇ ਸਰਦਾਰੀ ਹੈ।ਦੂਜੀਆਂ ਸਭ ਜੂਨਾਂ ਮਨੁਖ ਦੀਆਂ ਪਾਣੀਹਾਰ ਹਨ।ਸ੍ਰਿਸ਼ਟੀ ਦੇ ਚੇਤਨ ਜੀਅ-ਜੰਤੂਆਂ ਵਿਚ ਗਿਆਨ ਇੰਦਰੀਆਂਂ ਰਾਹੀਂ ਮਿਲੀ ਸੂਚਨਾ ਨੂੰ ਸਮਝਣ ਦੀ ਸ਼ਕਤੀ ਹੈ।ਮਨੁਖ ਇਸ ਗਿਆਨ ਸਮਗਰੀ ਨੂੰ ਵਰਤ ਕੇ ਇਕ ਨਵੀਂ ਕਿਰਤ ਦੀ ਸਿਰਜਨਾ ਕਰ ਸਕਦਾ ਹੈ।ਪਸ਼ੂ-ਪੰਛੀ ਇਸ ਗੁਣ ਤੋਂ ਵਾਂਝੇ ਹਨ। ਉਹਨਾਂ ਦਾ ਸਾਰਾ ਕਾਰਵਿਹਾਰ ਕੁਦਰਤੀ, ਸੁਭਾਵਕ ਤੇ ਮਸ਼ੀਨੀ ਹੈ।ਉਹ ਨਵੀਂ ਕਿਰਤ ਦੀ ਸਿਰਜਨਾ ਨਹੀਂ ਕਰ ਸਕਦੇ।ਪਸ਼ੂ-ਪੰਛੀਆਂ ਕੋਲ ਆਪਣੀ ਜਾਨ ਬਚਾਉਣ ਦੀ ਸੁਭਾਵਕ ਰਹਿਨੁਮਾਈ ਹੈ।ਉਹ ਜੋ ਕੁਝ ਸਮਝਣ ਦੇ ਸਮਰਥ ਹਨ ਸਮਝਦੇ ਹਨ ਅਤੇ ਆਪਣੇ ਬਚਾਉ ਦਾ ਕੁਦਰਤ ਵਲੋਂ ਨਿਸ਼ਚਿਤ ਤਰੀਕਾ ਅਪਨਾਉਂਦੇ ਹਨ।ਉਹ ਆਪਣੇ ਆਲੇਦੁਆਲੇ ਨਾਲ ਤਾਲਮੇਲ ਕਰਕੇ ਆਪਣੀ ਹੋਂਦ ਕਾਇਮ ਰਖਦੇ ਹਨ।
ਮਨੁਖ ਕੋਲ ਆਪਣੀ ਜਾਨ ਬਚਾਉਣ ਦੀ ਸੁਭਾਵਕ ਰਹਿਨੁਮਾਈ ਨਹੀਂ ਹੈ।ਉਸ ਨੂੰ ਆਪਣੀਆਂ ਪੰਜ ਗਿਆਨ ਇੰਦਰੀਆਂ ਅਖ, ਕੰਨ, ਨਕ, ਜੀਭ, ਚਮੜੀ ਰਾਹੀ ਮਿਲੀ ਜਾਣਕਾਰੀ ਨੂੰ ਵਰਤ ਕੇ ਆਪਣੇ ਬਚਾਉ ਦਾ ਹਲ ਲਭਣਾ ਪੈਂਦਾ ਹੈ।ਮਨੁਖ ਆਪਣੇ ਬਚਾਉੇ ਦਾ ਆਪ ਫੈਸਲਾ ਕਰਦਾ ਹੈ।ਮਨੁਖ ਨੂੰ ਆਪਣਾ ਆਲਾਦੁਆਲਾ ਬਦਲ ਕੇ ਆਪਣੀ ਹੋਂਦ ਕਾਇਮ ਰਖਣੀ ਪੈਂਦੀ ਹੈ।ਮਨੁਖ ਨੇ ਕੁਦਰਤ ਦੇ ਅਸੂਲਾਂ ਦੀ ਸੂਝ ਬੂਝ ਨਾਲ ਵਡੇ ਵਡੇ ਜਾਨਵਰਾਂ ਨੂੰ ਕਾਬੂ ਕੀਤਾ ਹੋਇਆ ਹੈ।ਕੁਦਰਤ ਦੇ ਅਸੂਲਾਂ ਨੂੰ ਸਮਝ ਕੇ ਉਸ ਨੇ ਅਨੇਕ ਪ੍ਰਕਾਰ ਦੀਆਂ ਕਾਢਾਂ ਕਢੀਆ ਹਨ ਅਤੇ ਇਨ੍ਹਾਂ ਦੀ ਵਰਤੋਂ ਕਰਕੇ ਉਹ ਨਵੀਆ ਚੀਜਾਂ ਬਣਾਉਣ ਦੀ ਯੋਗਤਾ ਰਖਦਾ ਹੈ।ਸੀਮਤ ਹਦ ਤਕ ਮਨੁਖ ਇਕ ਕਰਤਾ ਵੀ ਹੈ।ਪਹਿਲਾ ਹੀ ਬਣੀਆ ਹੋਈਆ ਮਿਟੀ ਪਥਰ ਲੋਹਾ ਆਦਿ ਧਾਤੂਆਂ ਦਾ ਰੂਪਾਤਰਨ ਕਰਕੇ ਉਹ ਕਿਸੇ ਨਵੀਂ ਕਿਰਤ ਦੀ ਸਿਰਜਣਾ ਕਰ ਸਕਦਾ ਹੈ।ਮਨੁਖ ਨੇ ਨਹਿਰਾਂ, ਸੜਕਾਂ, ਇਮਾਰਤਾਂ ਤੇ ਮਸ਼ੀਨਾਂ ਆਦਿ ਦੀ ਸਿਰਜਣਾ ਕੀਤੀ ਹੈ। ਸਭ ਤੋਂ ਪਹਿਲਾਂ ਹਰ ਇਕ ਕਿਰਤ ਦਾ ਨਕਸ਼ਾ ਉਸ ਦੇ ਦਿਮਾਗ ਵਿਚ ਘੜਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਹੀ ਕੋਈ ਨਵੀਂ ਚੀਜ਼ ਬਣਦੀ ਹੈ।ਪਹਿਲੀ ਸਿਰਜਣਾ ਦਾ ਉਹ ਇਸਤੇਮਾਲ ਤਾਂ ਕਰ ਸਕਦਾ ਹੈ, ਨਵੇਂ ਨਵੇਂ ਰੁਪਾਂ ਵਿਚ ਉਸ ਨੂੰ ਬਦਲ ਸਕਦਾ ਹੈ ਪਰ ਮੂਲੋਂ ਨਵੇਂ ਤਤਾਂ ਦੀ ਸਿਰਜਣਾ ਨਹੀਂ ਕਰ ਸਕਦਾ।ਉਤਪਨ ਹੋਣਾ, ਵਧਣਾ ਘਟਣਾ, ਰੂਪਾਂਤਰਿਤ ਹੋਣਾ ਤੇ ਅੰਤ ਵਿਚ ਨਸ਼ਟ ਹੋ ਜਾਣਾ ਕਿਸੇ ਵੀ ਵਸਤੂ ਦੇ ਸੁਭਾਵਕ ਗੁਣ ਹਨ।ਕੋਈ ਵੀ ਵਸਤੂ ਸਦਾ ਵਾਸਤੇ ਇਕ ਰਸ ਬਣੀ ਨਹੀਂ ਰਹਿ ਸਕਦੀ।ਕਰਤਾ ਪੁਰਖ ਨੇ ਪੰਜ ਤਤਾਂ ਨਾਲ ਸਾਰੇ ਚੇਤਨ ਪਰਾਣੀਆਂ ਦਾ ਤਨ ਰਚਿਆ ਹੈ।ਗੁਰਮਤਿ ਅਨੁਸਾਰ ਮਨੁਖਾ ਦੇਹੀ ਸਭ ਤੋਂ ਸ੍ਰੇਸਟ ਅਤੇ ਦੁਰਲਭ ਹੈ।
ਮਨੁਖ ਦੇ ਤਨ ਅੰਦਰ ਮਨ ਹੈ। ਮਨ ਦੇ ਚਲਾਇਆ ਸਰੀਰ ਚਲਦਾ ਹੈ।ਮਨ ਦਾ ਕੋਈ ਸਰੂਪ ਨਹੀਂ। ਇਹ ਅਰੂਪ ਹੈ।ਮਨ ਸੂਖਮ ਤੇ ਚੰਚਲ ਹੈ।ਮਨ ਹੀ ਵਡੇ ਵਡੇ ਰਿਸ਼ੀਆਂ ਮੁਨੀਆਂ ਦੇ ਮਾਨ ਅਪਮਾਨ ਦਾ ਕਾਰਨ ਬਣਿਆ ਹੈ।ਕਾਮੁ ਕ੍ਰੋਧੁ ਲਭੁ ਮੋਹੁ ਅਹੰਕਾਰੁ ਸਾਰੀ ਸ੍ਰਿਸ਼ਟੀ ਦੇ ਲੋਕਾਂ ਉਤੇ ਹਾਵੀ ਹਨ।ਇਹਨਾਂ ਨੇ ਸਭ ਨੂੰ ਘੁੰਮਣ-ਘੇਰੀਆਂ ਵਿਚ ਪਾਇਆ ਹੋਇਆ ਹੈ।ਦੁਖ, ਤਕਲੀਫ, ਚਿੰਤਾ, ਫਿਕਰ ਅਤੇ ਹੋਰ ਸਾਰੀਆਂ ਸਮਸਿਆਵਾਂ ਦਾ ਇਹ ਮੂਲ ਹਨ।ਕਾਮ ਕ੍ਰੋਧ ਲੋਭ ਮੋਹ ਆਦਿ ਵਿਚ ਮਨ ਹੀ ਫਸਦਾ ਹੈ।ਮਨ ਦੀ ਭਟਕਣਾ ਦੁਖ ਦਾ ਕਾਰਨ ਹੈ ਅਤੇ ਮਨ ਦਾ ਟਿਕਾਉ ਸੁਖਾਂ ਦਾ ਭੰਡਾਰ ਹੈ।ਗੁਰ ਉਪਦੇਸ ਮਨ ਨੂੰ ਵਸ ਕਰਨ ਦਾ ਤਰੀਕਾ ਦਸਦਾ ਹੈ। ਮਨ ਨੂੰ ਸੁਖੀ ਬਨਾਉਣ ਲਈ ਗੁਰਬਾਣੀ ਨੂੰ ਸਮਝਣਾ ਜਰ੍ਰੂਰੀ ਹੈ। ਗੁਰੂ ਨਾਨਕ ਦੇਵ ਜੀ ਦਾ ਇਸ ਸਬੰਧ ਵਿਚ ਫੁਰਮਾਣ ਬਹੁਤ ਹੀ ਸਪਸ਼ਟ ਹੈ ਕਿ ‘ਰਾਹੁ ਏਹੋ ਹੀ ਹੈ ਤੇ ਹੋਰ ਗਲਾ ਗਲਤ ਹਨ, ਸ਼ੈਤਾਨੀਆ ਹਨ’।ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨ।ੁਨਾਨਕੁ ਆਖੈ ਰਾਹੁ ਏਹੁ ਹੋਰਿ ਗਲਾ ਸੈਤਾਨੁ। (੧੨੪) ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ। ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ। (੩੪੦) ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪ। (੧੩੭੨) ਜੜ੍ਹ-ਪਸੂ-ਮੂਰਤੀ ਪੂਜਾ ਬ੍ਰਾਹਮਣਵਾਦ ਦੇ ਲਛਣ ਹਨ, ਜਿਹੜਾ ਹੁਣ ਨਿਰਜੀਵ ਵਸਤੂਆਂ ਦੀ ਪੂਜਾ ਤਕ ਪਹੁੰਚ ਗਿਆ ਹੈ। ਇਹੀ ਬੇਲੋੜੀ ਖਪਤਕਾਰੀ ਦਾ ਆਧਾਰ ਹੈ। ਮਨੁਖੀ ਰਿਸ਼ਤਿਆਂ ਦੀ ਥਾਂ ਕਾਰਾਂ-ਕੋਠੀਆਂ ਨੂੰ ਪਹਿਲ ਦਿਤੀ ਜਾ ਰਹੀ ਹੈ। ਇਹੀ ਸੋਚ ਪੰਜਾਬ ਦੀਆਂ ਮੌਜੂਦਾ ਸਮਸਿਆਵਾਂ ਦੀ ਜੜ੍ਹ ਹੈ। ਸਿ ਸੋਚ ਨੂੰ ਬਦਲਣ ਦੀ ਲੋੜ ਹੈ। ਗੁਰੂ ਸਾਹਿਬ ਨੇ ਇਕ ਸਿਖ ਦੀ ਜਿੰਦਗੀ ਦਾ ਨਿਸ਼ਾਨਾ ਮਿਥਿਆ ਹੈ — ਪੂਜਾ ਅਕਾਲ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ ਤੇ ਜਿੰਦਗੀ ਦਾ ਮੰਤਵ ਮਿਥਿਆ ਹੈ — ਕਿਰਤ ਕਰੋ-ਵੰਡ ਛਕੋ-ਨਾਮ ਜਪੋ

Leave a Reply

Your email address will not be published. Required fields are marked *