ਪੰਜਾਬ ਅੰਦਰ ਸਿਖਾਂ ਦੀ ਮੌਜੂਦਾ ਸਮਾਜੀ-ਰਾਜਸੀ ਮੰਦੀ ਹਾਲਤ ਦਾ ਇਕ ਕਾਰਨ ਸਿੰਘ ਸਭਾ ਲਹਿਰ ਵੇਲੇ ਸਿਖੀ ਦੀ ਵਿਆਖਿਆ ਕਰਦਿਆਂ ‘ਹਮ ਹਿੰਦੂ ਨਹੀਂ ਹੈਂ’ ਦਾ ਬਣਿਆ ਬਿਰਤਾਂਤ (ਨੈਰੇਟਿਵ) ਹੈ। ਅਜੇ ਤਕ ਸੂਝਵਾਨ ਸਿਖ ਮਨਾਂ ਵਿਚ ਇਹ ਬਿਰਤਾਂਤ ਆਪਣੀ ਅਹਿਮ ਥਾਂ ਬਣਾਈ ਬੈਠਾ ਹੈ। ਇਹ ਕਿਹਾ ਜਾ ਸਕਦਾ ਹੈ ਤੇ ਇਹ ਕਿਹਾ ਜਾਣਾ ਠੀਕ ਵੀ ਹੈ, ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਇਸ ਲਿਖਤ ਦਾ ਨਾਂ ਕਿਸੇ ਹੋਰ ਪ੍ਰਸੰਗ ਵਿਚ ਰਖਿਆ ਸੀ, ਪਰ ਅਜੋਕੇ ਪ੍ਰਸੰਗ ਵਿਚ ਇਸ ਧਾਰਨਾ ਨੇ ਪੰਜਾਬ ਵਿਚ ਇਕ ਅਜਿਹਾ ਸਮਾਜੀ ਤੇ ਰਾਜਸੀ ਮਾਹੌਲ ਸਿਰਜਿਆ ਹੈ, ਜਿਸਨੇ ਦੋ ਪੰਜਾਬੀ ਭਾਈਚਾਰਿਆਂ ਨੂੰ ਇਕ-ਦੂਜੇ ਦੇ ਵਿਰੋਧ ਵਿਚ ਖੜਾ ਕਰ ਦਿਤਾ ਹੈ ਅਤੇ ਤੀਜੇ ਭਾਈਚਾਰੇ ਦੀ ਹੋਂਦ ਨੂੰ ਹੀ ਗ੍ਰਹਿਣ ਲਾ ਦਿਤਾ ਹੈ। ਜੂਨ 1984 ਦੇ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਤੋਂ ਬਾਅਦ ਇਹ ਬਿਰਤਾਂਤ ਹੋਰ ਵੀ ਪੀਡਾ ਹੋ ਗਿਆ ਹੈ। ਇੰਦਰਾ ਗਾਂਧੀ ਦੀ ਸਿਖ ਵਿਰੋਧੀ ਹਿੰਦੂ ‘ਰਾਸ਼ਟਰਵਾਦੀ’ ਰਾਜਨੀਤੀ ਨੇ ਇਸ ਬਿਰਤਾਂਤ ਨੂੰ ਸਿਖ ਮਨਾਂ ਵਿਚ ਹੋਰ ਵੀ ਦ੍ਰਿੜ ਕੀਤਾ। ਨਰਿੰਦਰ ਮੋਦੀ ਦੇ ਹਿੰਦੂ ‘ਰਾਸ਼ਟਰਵਾਦ’ ਨੇ ਸਿਖ ਮਨਾਂ ਵਿਚ ਬਣੇ ਇਸ ਬਿਰਤਾਂਤ ਦੀ ਪੁਸ਼ਟੀ ਕਰ ਦਿਤੀ ਹੈ। ਬੇਸ਼ਕ ਸਿਖ ਸਿਧਾਂਤ ਅਨੁਸਾਰ ਇਹ ਬਿਰਤਾਂਤ ਠੀਕ ਨਹੀਂ ਹੈ।
ਦਰਅਸਲ ਇਹ ਸਿਖੀ ਦੀ ਵਿਆਖਿਆ ਦਾ ਨਕਾਰੀ ਬਿਰਤਾਂਤ ਹੈ। ਅਜੋਕੀਆ ਸਮਾਜੀ ਤੇ ਰਾਜਸੀ ਹਾਲਤਾਂ ਵਿਚ ਇਸ ਬਿਰਤਾਂਤ ਨੂੰ ਬਦਲਣ ਦੀ ਲੋੜ ਹੈ। ਸਿਖੀ ਕਿਸੇ ਵੀ ਭਾਈਚਾਰੇ ਜਾਂ ਧਰਮ ਦਾ ਵਿਰੋਧ ਜਾਂ ਨਿਖੇਧ ਕਰਨ ਲਈ ਹੋਂਦ ਵਿਚ ਨਹੀਂ ਆਈ। ਸਿਖੀ ਇਕ ਪੂਰਨ ਜੀਵਨ ਜੁਗਤ ਹੈ, ਜਿਸਦਾ ਤਤ ਹੈ ‘ਹੁਕਮਿ ਰਜਾਈ ਚਲਣਾ’ ਤੇ ਜਿਸਦਾ ਅਮਲੀ ਰੂਪ ਹੈ — ਕਿਰਤ ਕਰੋ-ਨਾਮ ਜਪੋ-ਵੰਡ ਛਕੋ। ਇਸ ਜੀਵਨ ਜੁਗਤ ਦੀ ਆਧਾਰਸ਼ਿਲਾ ਗੁਰਮਤਿ ਵਿਚ ਦਰਜ ਫਿਲਾਸਫੀ ਦੇ ਗਿਆਨ ਨੇ ਰਖੀ ਹੈ। ਗੁਰਮਤਿ ਫਿਲਾਸਫੀ ਦਾ ਇਹ ਗਿਆਨ ਆਪਣੇ ਤੋਂ ਪਹਿਲੀ ਸਾਰੀ ਮਨੁਖੀ ਸਿਆਣਪ ਨੂੰ ਆਪਣੇ ਵਿਚ ਆਤਮਸਾਤ ਕਰਕੇ ਹੋਂਦ ਵਿਚ ਆਇਆ ਹੈ। ਇਸ ਆਤਮਿਕ ਗਿਆਨ ਵਿਚ ਆਪਣੇ ਤੋਂ ਪਹਿਲੇ ਵਿਕਸਿਤ ਹੋਏ ਸਾਰੇ ਧਰਮਾਂ ਦਾ ਗਿਆਨ ਸ਼ਾਮਿਲ ਹੈ। ਇਸ ਆਤਮਿਕ ਗਿਆਨ ਨੂੰ ਨਕਾਰ ਕੇ ਇਸ ਤੋਂ ਪਹਿਲੀ ਕਿਸੇ ਵੀ ਫਿਲਾਸਫੀ ਦੀ ਅਜੋਕੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਸ ਲਈ ਅਸੀਂ ਜਦੋਂ ਕਹਿੰਦੇ ਹਾਂ ਕਿ ਸਿਖ ਹਿੰਦੂ ਨਹੀਂ ਜਾਂ ਸਿਖ ਮੁਸਲਮਾਨ ਨਹੀਂ ਤਾਂ ਅਸੀਂ ਨਾ ਸਿਰਫ ਗੁਰਮਤਿ ਨੂੰ ਛੁਟਿਆ ਰਹੇ ਹੁੰਦੇ ਹਾਂ ਬਲਕਿ ਅਸੀਂ ਮਨੁਖ ਜਾਤੀ ਨੂੰ ਗੁਰਮਤਿ ਨੇ ਜੋ ਨਵਾਂ ਆਤਮਿਕ ਗਿਆਨ ਦਿਤਾ ਹੈ, ਉਸ ਨੂੰ ਵੀ ਅਣਗੌਲਿਆ ਕਰ ਰਹੇ ਹੁੰਦੇ ਹਾਂ। ਇਸ ਆਤਮਿਕ ਗਿਆਨ ਨੂੰ ਅਣਗੌਲਿਆ ਕਰਕੇ ਕੋਈ ਵੀ ਨਵਾਂ ਮਨੁਖੀ ਸਮਾਜ ਨਹੀਂ ਸਿਰਜਿਆ ਜਾ ਸਕਦਾ।
‘ਹਮ ਹਿੰਦੂ ਨਹੀਂ ਹੈਂ’ ਲਿਖਤ ਦਾ ਪਿਛੋਕੜ ਫਰੋਲੀਏ ਤਾਂ ਪਤਾ ਲਗਦਾ ਹੈ ਕਿ ਆਰੀਆ ਸਮਾਜ ਦੇ ਇਕ ਸਿਖ ਮੈਂਬਰ ਜਗਤ ਸਿੰਘ ਨੇ ਆਪਣੇ ਰਸਾਲੇ ‘ਰਿਸਾਲਾ ਸਤ ਪ੍ਰਕਾਸ਼’ ਵਿਚ ਇਕ ਲਿਖਤ ਛਾਪ ਕੇ ਇਹ ਸਿਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿਖ ਧਰਮ ਆਰੀਆ ਸਮਾਜ ਲਹਿਰ ਦਾ ਇਕ ਪੁਰਾਤਨ ਰੂਪ ਹੈ। ਆਰੀਆ ਸਮਾਜੀ ਬਾਵਾ ਨਾਰਾਇਣ ਸਿੰਘ ਤੇ ਲਾਲਾ ਠਾਕਰ ਦਾਸ ਨੇ — ‘ਸਿਖ ਹਿੰਦੂ ਹੈਂ’ — ਲਿਖ ਕੇ ਭਾਈ ਜਗਤ ਸਿੰਘ ਦੇ ਇਸ ਕਥਨ ਦੀ ਹਾਮੀ ਭਰੀ। ਇਸ ਲਿਖਤ ਦੇ ਜੁਆਬ ਵਿਚ ਹੀ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਲਿਖਤ ‘ਹਮ ਹਿੰਦੂ ਨਹੀਂ ਹੈਂ’ ਲਿਖੀ ਸੀ। ਇਹ ਲਿਖਤ ਉਸ ਖਾਸ ਮੌਕੇ ਦੀ ਦੇਣ ਸੀ ਜਦੋਂ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਆਪਣੀ ਆਪਣੀ ਗਿਣਤੀ ਵਧਾਉਣ ਦੀ ਦੌੜ ਲਗੀ ਹੋਈ ਸੀ। ਪੰਜਾਬ ਵਿਚ ਅੰਗਰੇਜ ਸਾਮਰਾਜੀਆਂ ਦੇ ਆਉਣ ਨਾਲ ਪਛਮੀ ਜਮਹੂਰੀਅਤ ਦਾ ਸੰਕਲਪ ਲੋਕ-ਮਨਾਂ ਵਿਚ ਆਪਣੀਆ ਜੜ੍ਹਾਂ ਜਮਾਉਣ ਲਗਾ ਸੀ ਤੇ ਜਿਸਦੇ ਲਾਜਮੀ ਸਿਟੇ ਵਜੋਂ ਗੁਣਾਂ ਦੀ ਬਜਾਇ ਸਿਰਾਂ ਦੀ ਗਿਣਤੀ ਦੀ ਅਹਿਮੀਅਤ ਜੋਰ ਫੜ ਰਹੀ ਸੀ। ਇਸ ਬਹੁਗਿਣਤੀ-ਘਟਗਿਣਤੀ ਦੀ ‘ਜਮਹੂਰੀ’ ਸੋਚ ਨੇ ਆਪਣੀ ਆਪਣੀ ਗਿਣਤੀ ਵਧਾਉਣ ਦੇ ਮੁਕਾਬਲੇ ਨੂੰ ਹੋਰ ਤੇਜ ਕੀਤਾ। ਇਸ ਮੁਕਾਬਲੇ ਨੇ ਪੰਜਾਬ ਅੰਦਰਲੇ ਤਿੰਨਾਂ ਭਾਈਚਾਰਿਆਂ ਦੇ ਮਨਾਂ ਵਿਚ ਵਡੀ ਉਥਲ-ਪੁਥਲ ਮਚਾਈ।
ਇਸ ਉਥਲ-ਪੁਥਲ ਦੀ ਜਾਣਕਾਰੀ ਸਾਨੂੰ ਕੇਨਥ ਡਬਲਿਊ ਜੋਨਸ ਨੇ ਦਿਤੀ ਹੈ। ਆਪਣੀ ਲਿਖਤ ‘ਹਮ ਹਿੰਦੂ ਨਹੀਂ-ਆਰੀਆਂ ਸਿਖ ਰਿਸ਼ਤੇ’ ਵਿਚ ਉਸਨੇ ਲਿਖਿਆ ਹੈ ਕਿ ਉਸ ਦੌਰ ਦੇ ”ਪੰਜਾਬ ਦਾ ਇਤਿਹਾਸ ਦੋ ਘਟ ਗਿਣਤੀ ਭਾਈਚਾਰਿਆਂ (ਹਿੰਦੂਆਂ ਤੇ ਮੁਸਲਮਾਨਾਂ) ਵਿਚਕਾਰ ਧਾਰਮਿਕ ਮੁਕਾਬਲੇ ਦੀ ਬੜੀ ਨਾਟਕੀ ਪੇਸ਼ਕਾਰੀ ਕਰਦਾ ਸੀ। ਜਿਸਦਾ ਜਿਆਦਾਤਰ ਸਬੰਧ ਤਾਕਤ ਤੇ ਦਾਬੇ ਨਾਲੋਂ ਵਧੇਰੇ ਆਪਣੀ ਆਪਣੀ ਧਾਰਮਿਕ ਪਛਾਣ ਦੀ ਭਾਵਨਾ ਨਾਲ ਜੁੜਿਆ ਹੋਇਆ ਸੀ। ਪੰਜਾਬੀ ਹਿੰਦੂਆਂ ਦੀ ਇਕ ਨਵੀਂ, ਆਧੁਨਿਕ ਤੇ  ਸਤਿਕਾਰਤ ਧਾਰਮਿਕ ਪ੍ਰੰਪਰਾ ਸਿਰਜਣ ਦੇ ਯਤਨਾਂ ਨੇ, ਉਨ੍ਹਾਂ ਦੇ ਆਪਣੇ ਭਾਈਚਾਰੇ ਤਕ ਸੀਮਤ ਨਾ ਰਹਿ ਕੇ ਪੰਜਾਬ ਅੰਦਰਲੇ ਬਾਕੀ ਭਾਈਚਾਰਿਆਂ — ਮੁਸਲਮਾਨਾਂ ਤੇ ਸਿਖਾਂ — ਨਾਲ ਉਨ੍ਹਾਂ ਦੇ ਰਿਸ਼ਤਿਆਂ ਨੂੰ ਵੀ ਬਦਲ ਦਿਤਾ। ਇਕ ਅੰਗਰੇਜੀ ਪੜ੍ਹਿਆ ਲਿਖਿਆ ਸ੍ਰੇਸ਼ਠ ਹਿੰਦੂ ਵਰਗ ਹੋਂਦ ਵਿਚ ਆਇਆ। ਇਹ ਵਰਗ ਮੁਖ ਹਿੰਦੂ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਤੋਂੋਂ ਟੁਟਿਆ ਹੋਇਆ ਤੇ ਹਿੰਦੂ ਸਮਾਜ ਦੇ ਬਾਹਰਲੇ ਹਾਸ਼ੀਏ ਉਤੇ ਬੈਠਾ ਹੋਇਆ ਸੀ। ਇਸ ਵਰਗ ਨੇ ਪੁਰਾਣੇ ਸੰਸਾਰ ਦੀ ਨਵੀਂ ਵਿਆਖਿਆ ਕਰਨੀ ਸ਼ੁਰੂ ਕਰ ਦਿਤੀ ਅਤੇ ਇਸ ਤਰ੍ਹਾਂ ਕਰਦਿਆਂ ਨਵਾਂ ਵਿਚਾਰਧਾਰਕ ਸੋਚ ਪ੍ਰ੍ਰਬੰਧ ਸਿਰਜਿਆ, ਜਿਸਦਾ ਮੰਤਵ ਬੀਤੇ ਤੇ ਵਰਤਮਾਨ ਦੀ ਨਵੀਂ ਵਿਆਖਿਆ ਕਰਨਾ ਤੇ ਭਵਿਖ ਲਈ ਨਵਾਂ ਦ੍ਰਿਸ਼ਟੀਕੋਣ ਸਿਰਜਣਾ ਸੀ। ਪੁਰਾਣੇ ਵਿਚਾਰਾਂ ਦੀ ਨਵੀਂ ਵਿਆਖਿਆ, ਵਿਸਥਾਰ ਤੇ ਪ੍ਰਚਾਰ ਨੇ ਜਿਥੇ ਸਾਮੂਹਿਕ ਚੇਤਨਾ ਪੈਦਾ ਕੀਤੀ, ਉਥੇ ਇਸ ਵਰਗ ਵਿਚ ਆਪਣੇ ਨਿਵੇਕਲੇਪਣ ਦਾ ਅਹਿਸਾਸ ਵੀ ਪੈਦਾ ਕੀਤਾ ਅਤੇ ਇਨ੍ਹਾਂ ਨਵੇਂ ਵਿਸ਼ਵਾਸਾਂ ਨੂੰ ਮੰਨਣ ਤੇ ਨਾ ਮੰਨਣ ਵਾਲੇ ਵਰਗਾਂ ਵਿਚਕਾਰ ਇਕ ਦੂਰੀ ਵੀ ਪੈਦਾ ਕੀਤੀ। ਆਪਣੀ ਪਛਾਣ ਦੀ ਮੁੜ-ਵਿਆਖਿਆ ਦੇ ਇਸ ਵਰਤਾਰੇ ਨੇ ਉਨੀਵੀਂ ਸਦੀ ਦੇ ਪਿਛਲੇ ਦਹਾਕਿਆਂ ਅੰਦਰ ਪੰਜਾਬ ਵਿਚ ਇਕ ਐਸੀ ਹਲਚਲ ਮਚਾਈ ਕਿ ਇਸ ਨਾਲ ਵਧੇ ਵਿਚਾਰਧਾਰਕ ਤੇ ਧਾਰਮਿਕ ਤਣਾਅ ਨੇ ਸਾਰਿਆਂ ਧਾਰਮਿਕ ਭਾਈਚਾਰਿਆਂ ਵਿਚ ਬਹਿਸਾਂ ਦੇ ਮਾਹੌਲ ਨੂੰ ਭਖਾ ਦਿਤਾ। ਹਿੰਦੂਆਂ, ਸਿਖਾਂ ਤੇ ਮੁਸਲਮਾਨਾਂ ਨੇ ਆਪਣੇ-ਆਪਣੇ ਸੰਕਲਪਾਂ ਨੂੰ ਸਾਹਮਣੇ ਲਿਆਉਣਾ ਆਰੰਭ ਕੀਤਾ, ਜਿਸਨੇ ਦੂਜੇ ਭਾਈਚਾਰਿਆਂ ਨਾਲ ਤੇ ਆਪਣੇ ਭਾਈਚਾਰੇ ਅੰਦਰਲੇ ਵਿਚਾਰਧਾਰਕ ਸੰਘਰਸ਼ ਨੂੰ ਹੋਰ ਤੇਜ ਕੀਤਾ। ਇਕ-ਦੂਜੇ ਨੂੰ ਸੁਆਲ-ਜੁਆਬ ਕਰਨ ਦੇ ਇਸ ਵਰਤਾਰੇ ਨੇ ਪੰਜਾਬੀ ਧਾਰਮਿਕ ਭਾਈਚਾਰਿਆਂ ਵਿਚਲੇ ਰਿਸ਼ਤੇ ਸਥਾਈ ਰੂਪ ਵਿਚ ਬਦਲ ਦਿਤੇ। ਇਸ ਤੋਂ ਵੀ ਵਧੇਰੇ ਬੁਨਿਆਦੀ ਤਬਦੀਲੀ ਇਹ ਵਾਪਰੀ ਕਿ ਇਸਨੇ ਬਹੁਤ ਸਾਰੇ ਸਮੂਹਾਂ ਅੰਦਰਲੇ ਆਪਣੇ ਧਾਰਮਿਕ ਸੰਕਲਪਾਂ ਨੂੰ ਵੀ ਬਦਲ ਦਿਤਾ।”
(ਹਵਾਲਾ — ਹਮ ਹਿੰਦੂ ਨਹੀਂ-ਆਰੀਆ ਸਿਖ ਰਿਸ਼ਤੇ, 1877-1905, ਕੇਨਥ ਡਬਲਿਊ ਜੋਨਸ, ਜਰਨਲ ਆਫ ਏਸ਼ੀਅਨ ਸਟਡੀਜ, ਜਿਲਦ 32, ਅੰਕ 3, ਮਈ 1973, ਸਫਾ 457)
ਅੰਗਰੇਜੀ ਪੜ੍ਹੇ-ਲਿਖੇ ਤੇ ਪੂੰਜੀਵਾਦੀ ਸਾਮਰਾਜੀ ਆਰਥਿਕ ਰਿਸ਼ਤਿਆਂ ਦੀ ਬਦੌਲਤ ਨਵੇਂ-ਨਵੇਂ ਅਮੀਰ ਬਣੇ ਇਸ ਸ੍ਰੇਸ਼ਠ ਹਿੰਦੂ ਵਰਗ ਰਾਹੀਂ ਪੰਜਾਬ ਅੰਦਰ ਪਹਿਲਾਂ ਬ੍ਰਹਮੋ ਸਮਾਜ ਤੇ ਫਿਰ ਆਰੀਆ ਸਮਾਜ ਦੀ ਆਮਦ ਹੋਈ। ਆਰੀਆ ਸਮਾਜ ਦੀ ਆਮਦ ਨੇ ਪੰਜਾਬ ਅੰਦਰ ਹਿੰਦੂ-ਸਿਖ ਤੁਫਰਕਾ ਪੈਦਾ ਕੀਤਾ, ਜਿਸ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਨੇ ਕੀਤਾ ਹੈ। ਇਸ ਲਿਖਤ ਵਿਚ ਹੀ ਦਰਜ ਹੈ, ”ਪਯਾਰੇ ਭਾਈ! ਏਹ ਕਹਾਵਤ ਪ੍ਰਸਿਧ ਹੈ ਕਿ ‘ਤਾੜੀ ਦੋਹਾਂ ਹਥਾਂ ਨਾਲ ਵਜਦੀ ਹੈ’, ਸੋ ਜੋ ਕੋਈ ਅਕਾਰਣ ਸਿਖਾਂ ਨਾਲ ਵਿਰੋਧ ਕਰੇ ਤਾਂ ਇਸ ਪਾਸਿਓਂ ਸ਼ਾਂਤੀ ਹੋਣ ਕਰਕੇ ਆਪੇ ਹੀ ਵਿਰੋਧ ਸ਼ਾਂਤ ਹੈ।….ਔਰ ਅਸੀਂ ਏਹ ਭੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਿੰਦੂਆਂ ਦਾ ਸਾਡੇ ਨਾਲ ਕੋਈ ਵੈਰ ਨਹੀਂ ਸਗੋਂ ਪ੍ਰੇਮ ਹੈ, ਔਰ ਓਹ ਸਾਡੇ ਸਤਗੁਰਾਂ ਦੇ ਉਪਕਾਰਾਂ ਨੂੰ ਅਛੀ ਤਰ੍ਹਾਂ ਜਾਣਦੇ ਹਨ, ਔਰ ਅਸੀਂ ਭੀ ਸਦੈਵ ਉਨ੍ਹਾਂ ਦਾ ਭਲਾ ਚਾਹੁੰਨੇ ਹਾਂ। ਵਿਰੋਧ ਦਾ ਕਾਰਨ ਸਿਰਫ ਓਹ ਆਦਮੀ ਹਨ, ਜਿਨ੍ਹਾਂ ਨੂੰ ਖੁਦਗਰਜ਼ੀ ਰੂਪੀ ਰੋਗ ਲਗਿਆ ਹੋਯਾ ਹੈ। ਔਰ ਜੋ ਸਿਖ ਕੌਮ ਨੂੰ ਆਪਣਾ ਦਾਸ ਬਣਾ ਕੇ ਖੀਸੇ ਭਰਨਾ ਚਾਹੁੰਦੇ ਹਨ। ….ਉਨ੍ਹਾਂ ਨੂੰ ਭਰੋਸਾ ਹੋ ਗਯਾ ਹੈ ਕਿ ਜੇ ਸਿਖ ਕੌਮ ਸਾਡੇ ਹਥੋਂ ਜਾਂਦੀ ਰਹੀ ਤਾਂ ਆਮਦਨ ਦਾ ਭਾਰੀ ਹਿਸਾ ਮਾਰਿਆ ਜਾਊ। ਏਹੀ ਲੋਕ ਜਗ੍ਹਾ ਜਗ੍ਹਾ ਸ਼ੋਰ ਮਚਾ ਕੇ ਉਪਾਧੀ ਛੇੜ ਰਹੇ ਹਨ ਔਰ ਵਿਰੋਧ ਫੈਲਾ ਰਹੇ ਹਨ। ਜੇ ਵਾਹਿਗੁਰੂ ਇਨ੍ਹਾਂ ਨੂੰ ਸੁਮਤਿ ਦੇਵੇ ਤਾਂ ਕਮਾਈ ਕਰਕੇ ਖਾਣ ਨੂੰ ਚੰਗਾ ਸਮਝਣ ਔਰ ਬੇਗਾਨੇ ਹਕ ਨੂੰ ਹਰਾਮ ਜਾਣਨ, ਫੇਰ ਆਪ ਹੀ ਸਾਰੇ ਝਗੜੇ ਮਿਟੇ ਪਏ ਹਨ।”
…”ਇਨ੍ਹਾਂ ਸਵਾਰਥੀ ਲੋਕਾਂ ਨੇ ਹੀ ਪੋਥੀਆਂ ਛਾਪ ਕੇ ਔਰ ਅਖ਼ਬਾਰਾਂ ਵਿਚ ਮਜ਼ਮੂਨ ਦੇ ਕੇ ਏਹ ਸਿਧ ਕਰਨ ਦਾ ਯਤਨ ਕੀਤਾ ਹੈ ਕਿ ‘ਸਿਖ ਹਿੰਦੂ ਹਨ’। ਭਲਾ ਕੋਈ ਵਿਚਾਰਵਾਨ ਸੋਚੇ ਕਿ ਜੇ ਸਿਖ ਆਪਣੇ ਆਪ ਨੂੰ ”ਅਹਿੰਦੂ” ਕਹਿੰਦੇ ਹਨ ਤਾਂ ਕਿਸੇ ਦਾ ਵੀ ਕੀ ਵਿਗੜਦਾ ਹੈ। ਹਾਂ — ਜੇ ਸਿਖ ਹਿੰਦੂਆਂ ਨੂੰ ਆਖਣ ਕਿ ਤੁਸੀਂ ਹਿੰਦੂ ਨਹੀਂ ਤਾਂ ਬੇਸ਼ਕ ਝਗੜੇ ਦੀ ਗੱਲ ਹੈ। ਜੇ ਕੋਈ ਏਹ ਆਖੇ ਕਿ ਹਿੰਦੂ ਸਿਖਾਂ ਨਾਲ ਹਮਦਰਦੀ ਕਰਦੇ ਹਨ ਔਰ ਉਨ੍ਹਾਂ ਨੂੰ ਆਪਣੇ ਤੋਂ ਵਖਰਾ ਹੁੰਦਾ ਦੇਖ ਕੇ ਦੁਖ ਮੰਨਦੇ ਹਨ ਤਾਂ ਏਹ ਗੱਲ ਭੀ ਨਿਰੀ ਝੂਠ ਹੈ। ਕਯੋਂ ਕਿ ਚਾਰੇ ਪਾਸਿਆਂ ਤੋਂ ਸਿਖਾਂ ਨੂੰ ਮਲੀਆਮੇਟ ਕਰਨ ਲਈ ਜੋ ਹਿੰਦੂਆਂ ਦੀ ਤਰਫੋਂ ਯਤਨ ਹੋ ਰਹਿਆ ਹੈ ਸੋ ਕਿਸੇ ਤੋਂ ਗੁਝਾ ਨਹੀਂ। ਕੋਈ ਹਿੰਦੂ ਇਕ ਦ੍ਰਿਸ਼ਟਾਂਤ ਲਈ ਤਾਂ ਦਸੋ ਕਿ ਫਲਾਣੇ ਸਿਖ ਨੂੰ ਧਰਮ ਤੋਂ ਪਤਿਤ ਹੁੰਦੇ ਕਿਸੇ ਹਿੰਦੂ ਨੇ ਬਚਾਯਾ ਹੈ।” …”ਇਸ ਦੇ ਵਿਰੁਧ ਅਸੀਂ ਹਜ਼ਾਰਾਂ ਦ੍ਰਿਸ਼ਟਾਂਤ ਵਿਖਾ ਸਕਦੇ ਹਾਂ ਕਿ ਕਿਤਨਿਆ ਸਿਖਾਂ ਦੇ ਹਿੰਦੂਆਂ ਨੇ ਕੇਸ ਦੂਰ ਕੀਤੇ, ਕਈਆਂ ਨੂੰ ਹੁਕੇ ਦੀ ਧੂਪ ਦਿਤੀ, ਕਈਆਂ ਦੀ ਕ੍ਰਿਪਾਨ ਕਛ ਉਤਰਵਾ ਕੇ ਸੰਕਲਪ ਕਰਵਾਏ, ਕਿਤਨਿਆ ਹੀ ਗੁਰਮੰਦਰਾਂ ਵਿਚ ਪੁਰਾਣੀਆਂ ਸਿਖ ਧਰਮ ਦੀਆਂ ਰੀਤਾਂ ਹਟਾ ਕੇ ਆਪਣੇ ਘੰਟਿਆਂ ਦੀ ਘਨਘੋਰ ਮਚਾ ਕੇ ਭੋਲੇ ਸਿਖਾਂ ਨੂੰ ਇੰਦ੍ਰ-ਜਾਲ ਨਾਲ ਮੋਹਿਤ ਕੀਤਾ, ਕਈ ਗੁਰਦੁਆਰਿਆਂ ਦੀਆਂ ਜਾਯਦਾਤਾਂ ਆਪਣੇ ਨਾਉਂ ਕਰਵਾ ਕੇ ਅੱਜ ਸਿਖੀ ਤੋਂ ਇਨਕਾਰੀ ਔਰ ਆਕੀ ਹੋਏ ਬੈਠੇ ਹਨ। ਐਹੋ ਜੇਹੇ ਆਪ ਨੂੰ ਕੀ ਕੀ ਪ੍ਰਸੰਗ ਸੁਣਾਈਏ ਜੋ ਸਿਖ ਧਰਮ-ਦ੍ਰਿਸ਼ਟੀ ਵਿਚ ਇਨ੍ਹਾਂ ਮਹਾਂ-ਕੌਤਕੀਆਂ ਨੇ ਉਲਟ-ਪੁਲਟ ਕੀਤੀ ਹੈ। ਐਸੀ ਹਾਲਤ ਵਿਚ ਕੌਣ ਬੁਧੀਮਾਨ ਆਖ ਸਕਦਾ ਹੈ ਕਿ ਹਿੰਦੂਆਂ ਦੀ ਤਰਫੋਂ ਹਮਦਰਦੀ ਦੇ ਖਿਆਲ ਕਰਕੇ ਸਿਖਾਂ ਨੂੰ ਹਿੰਦੂ ਸਾਬਤ ਕਰਣ ਦੀ ਕੋਸ਼ਿਸ਼ ਹੋ ਰਹੀ ਹੈ? ”
ਇਨ੍ਹਾਂ ਸਾਰੀਆਂ ਭੜਕਾਊ ਕਾਰਵਾਈਆਂ ਦੇ ਬਾਵਜੂਦ ਆਪਣੀ ਲਿਖਤ ਨਾਲ ਸਿਖ ਮਨਾਂ ਵਿਚ ਹਿੰਦੂਆਂ ਪ੍ਰਤੀ ਕੋਈ ਨਫਰਤ ਪੈਦਾ ਨਾ ਹੋਵੇ, ਇਸ ਬਾਰੇ ਸੁਚੇਤ ਕਰਦਿਆਂ ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਲਿਖਤ ਦੇ ਦੂਜੇ ਐਡੀਸ਼ਨ ਵਿਚ ਸਿਖਾਂ ਨੂੰ ਅਪੀਲ ਕੀਤੀ ਕਿ ”ਪਯਾਰੇ ਪਾਠਕ ਜੀ! ‘ਹਮ ਹਿੰਦੂ ਨਹੀਂ’ ਪੁਸਤਕ ਪੜ੍ਹ ਕੇ ਆਪ ਨੂੰ ਕੇਵਲ ਇਹ ਜਾਣਨਾ ਯੋਗਯ ਹੈ ਕਿ ਸਿਖ ਧਰਮ, ਹਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ ਔਰ ਸਿਖ ਕੌਮ ਹੋਰ ਕੌਮਾਂ ਦੀ ਤਰ੍ਹਾਂ ਇਕ ਜੁਦੀ ਕੌਮ ਹੈ ਪਰ ਇਹ ਕਦੇ ਨਹੀਂ ਹੋਣਾ ਚਾਹੀਯੇ ਕਿ ਆਪ ‘ਹਿੰਦੂ ਜਾਂ ਹੋਰ ਧਰਮੀਆਂ’ ਨਾਲੋਂ ਵਿਰੋਧ ਕਰੋ ਔਰ ਉਨ੍ਹਾਂ ਦੇ ਧਰਮਾਂ ਉਪਰ ਕੁਤਰਕ ਕਰੋ ਅਥਵਾ ਦੇਸ-ਭਾਈਆਂ ਨੂੰ ਅਪਣਾ ਅੰਗ ਨਾ ਮੰਨ ਕੇ ਜਨਮ-ਭੂਮੀ ਤੋਂ ਸਰਾਪ ਲਓ…।”
ਇਸ ਸੁਹਿਰਦਤਾ ਦੇ ਬਾਵਜੂਦ ਆਰੀਆ ਸਮਾਜੀਆਂ ਨੇ ਸਿਖ ਗੁਰੂਆਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਣੀ ਤੇ ਕੇਸਾਧਾਰੀ ਸਿਖਾਂ ਨੂੰ ਹਿੰਦੂ ਬਣਾਉਣ ਦੇ ਯਤਨ ਜਾਰੀ ਰਖੇ। ਪ੍ਰਸਿਧ ਇਤਿਹਾਸਕਾਰ ਡਾ. ਗੰਡਾ ਸਿੰਘ ਦੇ ਕਥਨ ਅਨੁਸਾਰ ਪੰਜਾਬ ਅੰਦਰ ਹਿੰਦੂ-ਸਿਖ ਤਣਾਅ ਦਾ ਆਰੰਭ ਆਰੀਆ ਸਮਾਜ ਦੇ ਆਉਣ ਨਾਲ ਹੋਇਆ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਛਿਮਾਹੀ ਰਸਾਲੇ ‘ਪੰਜਾਬ ਬੀਤਿਆ ਤੇ ਵਰਤਮਾਨ’ (“he Punjab Past and Present) ਦੇ ਅਕਤੂਬਰ 1977 ਦੇ ਅੰਕ ਵਿਚ ਦਿਤੀ ਹੈ। ਡਾਕਟਰ ਸਾਹਿਬ ਦੀ ਇਸ ਲਿਖਤ ਅਨੁਸਾਰ ਪੰਜਾਬ ਅੰਦਰ ”ਸਿਖ ਰਾਜ ਤੋਂ ਲੈ ਕੇ ਪਿਛਲੀ (19ਵੀਂ) ਸਦੀ ਦੇ ਅਧ ਤਕ ਹਿੰਦੂ ਸਿਖ ਤਣਾਅ ਨਾਂ ਦੀ ਕੋਈ ਚੀਜ਼ ਨਹੀਂ ਸੀ।”
ਡਾ. ਗੰਡਾ ਸਿੰਘ ਦੇ ਇਸ ਕਥਨ ਦੀ ਪੁਸ਼ਟੀ ‘ਜੰਗਨਾਮਾ ਸਿਖਾਂ ਤੇ ਫਿਰੰਗੀਆਂ’ ਵਿਚ ਪੰਜਾਬੀ ਮੁਸਲਮਾਨ ਕਵੀ ਸ਼ਾਹ ਮੁਹੰਮਦ ਨੇ ਵੀ ਕੀਤੀ ਹੈ। ‘ਜੰਗਨਾਮੇ’ ਦਾ ਇਕ ਕਾਵਿਬੰਦ ਹੈ —
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉਤੇ ਅਫਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜਾਤ ਆਈ।
ਡਾ. ਗੰਡਾ ਸਿੰਘ ਹੁਰੀਂ ਲਿਖਦੇ ਹਨ, ”ਇਤਿਹਾਸਕ ਤੌਰ ਉਤੇ ਵੇਖਿਆਂ ਇਸ ਤਣਾਅ ਦਾ ਮੁਢ ਆਰੀਆ ਸਮਾਜ ਦੇ ਬਾਨੀ ਸ੍ਰੀ ਸੁਆਮੀ ਦਇਆ ਨੰਦ ਵਲੋਂ ਆਪਣੀ ਪੁਸਤਕ ‘ਸਤਿਆਰਥ ਪ੍ਰਕਾਸ਼’ ਵਿਚ (ਜਿਹੜੀ 1875 ਵਿਚ ਛਪੀ, ਜਿਸ ਸਾਲ 10 ਅਪ੍ਰੈਲ ਨੂੰ ਬੰਬੇ ਵਿਚ ਪਹਿਲੇ ਆਰੀਆ ਸਮਾਜ ਦੀ ਸਥਾਪਨਾ ਹੋਈ) ਗੁਰੂ ਨਾਨਕ ਅਤੇ ਉਸ ਦੇ ਸ਼ਰਧਾਲੂਆਂ ਪ੍ਰਤੀ ਮਾੜੀ ਭਾਸ਼ਾ ਵਰਤਣ ਕਰਕੇ ਹੋਇਆ।” ਡਾ. ਗੰਡਾ ਸਿੰਘ ਜੀ ਨੇ ਇਥੇ ਇਕ ਟਿਪਣੀ ਵੀ ਕੀਤੀ ਹੈ, ”ਮੈਂ ਕੁੜਤਣ ਤੋਂ ਬਚਣ ਲਈ ਸਤਿਆਰਥ ਪ੍ਰਕਾਸ਼ ਦੀ ਉਸ ਛਾਪ ਜਾਂ ਬਾਅਦ ਵਿਚ ਮੁੜ ਸੋਧੀਆਂ ਹੋਈਆਂ ਛਾਪਾਂ ਵਿਚੋਂ ਜ਼ਿਆਦਾ ਟੂਕਾਂ ਨਹੀਂ ਦੇਵਾਂਗਾ।” ਆਪਣੀ ਗਲ ਜਾਰੀ ਰਖਦੇ ਹੋਏ ਡਾ. ਸਾਹਿਬ  ਲਿਖਦੇ ਹਨ, ”ਉਸ ਵਿਚ ਸਿਖ ਗੁਰੂ ਸਾਹਿਬ ਲਈ ਧੂਰਤ ਸ਼ਬਦ ਵਰਤਿਆ ਗਿਆ ਹੈ, ਜਿਸ ਦਾ ਬੇਟ ਦੇ ਹਿੰਦੀ ਭਾਸ਼ਾ ਕੋਸ਼ ਅਨੁਸਾਰ ਅਰਥ ਹੈ ‘ਠਗ’, ‘ਧੋਖੇਬਾਜ਼’, ‘ਦਗੇਬਾਜ਼’, ‘ਫਰੇਬੀ’, ‘ਬੇਈਮਾਨ’, ‘ਮਕਰਾ’, ‘ਸ਼ਰਾਰਤੀ’, ‘ਦੁਸ਼ਟ’। ਸਿਖਾਂ ਦੇ ਪਵਿਤਰ ਧਾਰਮਿਕ ਗ੍ਰੰਥ — ਗੁਰੂ ਗ੍ਰੰਥ ਸਾਹਿਬ — ਦੀ ਬਾਣੀ ਨੂੰ ਮਿਥਿਆ ਤੇ ਸਧਾਰਨ ਲੋਕਾਂ ਤੋਂ ਉਨ੍ਹਾਂ ਦੇ (ਧਨ ਆਦਿਕ ਹਰਨ ਦੇ ਵਾਸਤੇ) ਧਨ ਤੇ ਜਾਇਦਾਦ ਲੁਟਣ ਤੇ ਠਗਣ ਵਾਲਾ ਇਕ ਜਾਲ਼ (ਮੋਹ ਜਾਲ਼) ਦਸਿਆ ਗਿਆ ਹੈ। ਦੋ ਸਾਲ ਬਾਅਦ (1877) ਸੁਆਮੀ ਦਇਆ ਨੰਦ ਪੰਜਾਬ ਆਇਆ ਅਤੇ ਉਸ ਨੇ ਲਾਹੌਰ ਵਿਚ ਆਰੀਆ ਸਮਾਜ ਸਥਾਪਤ ਕੀਤਾ। ਪੰਜਾਬ ਵਿਚਲੀ ਆਪਣੀ ਫੇਰੀ ਦੌਰਾਨ ਉਸ ਨੇ ਸਿਖ ਗੁਰੂਆਂ ਦੀ ਸ਼ਲਾਘਾ ਕੀਤੀ। ਇਸ ਨਾਲ ਕਈ ਸਿਖ ਆਰੀਆ ਸਮਾਜ ਵਲ ਖਿਚੇ ਗਏ। ਉਨ੍ਹਾਂ ਵਿਚ ਇਕ ਭਾਈ ਜਵਾਹਰ ਸਿੰਘ ਸੀ, ਜਿਹੜਾ ਬਾਅਦ ਵਿਚ ਲਾਹੌਰ ਆਰੀਆ ਸਮਾਜ ਅਤੇ ਡੀ ਏ ਵੀ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਸਕਤਰ ਬਣਿਆ।”
… ”ਪੰਜਾਬ ਵਲੋਂ ਆਪਣੀ ਵਾਪਸੀ ਤੋਂ ਬਾਅਦ ਜਦੋਂ ਸੁਆਮੀ ਦਇਆ ਨੰਦ ਕਾਨ੍ਹਪੁਰ ਠਹਿਰਿਆ ਹੋਇਆ ਸੀ ਤਾਂ ਅਜਮੇਰ ਤਹਿਸੀਲ ਦੇ ਸਬ ਇੰਜੀਨੀਅਰ ਸ੍ਰ. ਭਗਤ ਸਿੰਘ ਨੇ ‘ਸਤਿਆਰਥ ਪ੍ਰਕਾਸ਼’ ਵਿਚਲੇ ਉਸ ਦੇ ਸਿਖਾਂ ਅਤੇ ਸਿਖੀ ਬਾਰੇ ਇਤਰਾਜ਼ਯੋਗ ਕਥਨਾਂ ਵਿਰੁਧ ਰੋਸ ਵਜੋਂ ਉਸ ਨੂੰ ਲਿਖਿਆ। ਸਵਾਮੀ ਜੀ ਨੇ ਉਸ ਨੂੰ ਵਾਪਸੀ ਇਹ ਕਹਿੰਦਿਆਂ ਲਿਖਿਆ ਕਿ ਪੰਜਾਬ ਵਿਚਲੀ ਆਪਣੀ ਯਾਤਰਾ ਦੌਰਾਨ ਉਸ ਦੇ ਵਿਚਾਰਾਂ ਵਿਚ ਤਬਦੀਲੀ ਆ ਗਈ ਹੈ ਅਤੇ ਕਿਤਾਬ ਦੀ ਅਗਲੀ ਛਾਪ ਵਿਚ ਇਤਰਾਜ਼ਯੋਗ ਕਥਨ ਕਢ ਦਿਤੇ ਜਾਣਗੇ। ਪਰ ਕੀਤਾ ਕੁਝ ਵੀ ਨਾ ਗਿਆ।”
…”ਸਮੇਂ ਦੇ ਬੀਤਣ ਤੇ ‘ਸਤਿਆਰਥ ਪ੍ਰਕਾਸ਼’ ਦੀ ਦੂਜੀ ਛਾਪ ਦੇ ਛਪਣ ਅਤੇ ਆਰੀਆ ਸਮਾਜ ਵਿਚ ਕੁਝ ਲੋੜੋਂ ਵਧ ਜ਼ੋਸ਼ੀਲੇ ਨੌਜਵਾਨਾਂ ਦੇ ਦਾਖਲੇ ਨਾਲ ਆਰੀਆ ਸਮਾਜ ਦੇ ਕੁਝ ਆਗੂਆਂ ਦਾ ਵਤੀਰਾ ਹੋਰ ਵਧ ਦੁਸ਼ਮਣਾਨਾ ਬਣਦਾ ਗਿਆ। ਉਨ੍ਹਾਂ ਦਿਨਾਂ ਦੇ ਆਰੀਆ ਸਮਾਚਾਰ ਮੇਰਠ ਅਤੇ ਆਰੀਆ ਪਤ੍ਰਿਕਾ ਲਾਹੌਰ ਦੇ ਕਾਲਮ ਇਸ ਹਕੀਕਤ ਦੀ ਗਵਾਹੀ ਦੇਂਦੇ ਹਨ।”….”ਸਤਿਆਰਥ ਪ੍ਰਕਾਸ਼ ਦੀ ਦੂਜੀ ਛਾਪ ਹੋਰ ਵੀ ਨਿਰਾਸ਼ਾਜਨਕ ਅਤੇ ਦੁਸ਼ਮਣਾਨਾ ਨਿਕਲੀ। ਇਸ ਵਿਚ ਸਿਖ ਗੁਰੂਆਂ, ਸਿਖਾਂ ਦੇ ਧਾਰਮਿਕ ਗ੍ਰੰਥਾਂ ਅਤੇ ਆਮ ਸਿਖ ਜਨਤਾ ਉਤੇ ਹਮਲਾ ਹੋਰ ਵਧ ਸਿਧਾ, ਵਧ ਜ਼ਹਿਰੀਲਾ ਤੇ ਵਧ ਦੁਖਦਾਈ ਸੀ। ਗੁਰੂ ਨਾਨਕ ਨੂੰ ਅਣਪੜ੍ਹ, ਆਤਮ ਘੁਮੰਡੀ ਅਤੇ ਪਾਖੰਡੀ ਦਸਿਆ ਗਿਆ ਸੀ। ਸਿਖਾਂ ਦੇ ਪਵਿਤਰ ਗ੍ਰੰਥਾਂ ਦੀ ਨਿਰਾਦਰੀ ਕੀਤੀ ਗਈ ਸੀ। ਸਿਖੀ ਦੇ ਚਿੰਨ੍ਹਾਂ ਤੇ ਪ੍ਰੰਪਰਾਵਾਂ ਦਾ ਮਖੌਲ ਉਡਾਇਆ ਗਿਆ ਸੀ। ਸਿਖਾਂ ਨੂੰ ਆਮ ਤੌਰ ਉਤੇ ਹੰਕਾਰੀ ਅਤੇ ਲਾਲਸਾ ਦੇ ਗੁਲਾਮ ਵਜੋਂ ਪੇਸ਼ ਕੀਤਾ ਗਿਆ ਸੀ।”
ਡਾ. ਸਾਹਿਬ ਆਪਣੀ ਲਿਖਤ ਇਸ ਟਿਪਣੀ ਨਾਲ ਖਤਮ ਕਰਦੇ ਹਨ, ”ਇਹ ਹਕੀਕੀ ਰੂਪ ਵਿਚ ਪਿਛਲੀ ਸਦੀ ਦੇ ਸਤਰਵਿਆਂ ਤੇ ਅਸੀਵਿਆਂ ਵਿਚ ਆਰੀਆ ਸਮਾਜ ਦੇ ਜਨਮ ਤੋਂ ਫੌਰੀ ਬਾਅਦ ਹਿੰਦੂ-ਸਿਖ ਤਣਾਅ ਕਿਵੇਂ ਸ਼ੁਰੂ ਹੋਇਆ ਦਾ ਸੰਖੇਪ ਹੈ।”
ਉਕਤ ਸਾਰਾ ਵਿਸਥਾਰ ਇਸ ਲਈ ਦਿਤਾ ਗਿਆ ਹੈ ਤਾਂ ਕਿ ਮੇਰੀ ਇਸ ਲਿਖਤ ਉਤੇ ਇਹ ਦੋਸ਼ ਨਾ ਲਾਇਆ ਜਾਵੇ ਕਿ ਮੈਂ ਆਪਣਾ ਪਖ ਤਤਕਾਲੀ ਪ੍ਰਸੰਗ ਨਾਲੋਂ ਤੋੜ ਕੇ ਪੇਸ਼ ਕੀਤਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ‘ਹਮ ਹਿੰਦੂ ਨਹੀਂ ਹੈਂ’ ਦੀ ਪੇਸ਼ਕਾਰੀ ਆਪਣੇ ਤਤਕਾਲੀ ਪ੍ਰਸੰਗ ਵਿਚ ਠੀਕ ਹੋਣ ਦੇ ਬਾਵਜੂਦ, ਅਜੋਕੇ ਪ੍ਰਸੰਗ ਵਿਚ ਇਹ ਬਿਰਤਾਂਤ ਗੁਰਮਤਿ ਫਿਲਾਸਫੀ ਨੂੰ ਛੁਟਿਆਉਣ ਦਾ ਕਾਰਨ ਬਣ ਰਿਹਾ ਹੈ। ਜੂਨ 1984 ਤੋਂ ਬਾਅਦ ਸਿਖਾਂ ਦੀ ਵਡੀ ਧਿਰ ਆਪਣੀ ਹੋਂਦ ‘ਹਮ ਹਿੰਦੂ ਨਹੀਂ ਹੈਂ’ ਦੇ ਬਿਰਤਾਂਤ  ਵਿਚੋਂ ਲਭ ਰਹੀ ਹੈ। ਹਿੰਦੂ ਰਾਸ਼ਟਰਵਾਦ ਦੇ ਨਾਅਰੇ ਹੇਠ ਦਿਲੀ ਵਿਚ ਨਰਿੰਦਰ ਮੋਦੀ ਦੀ ਬਣੀ ਸਰਕਾਰ ਤੋਂ ਉਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਬਣੇ ਇਸ ਬਿਰਤਾਂਤ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਗੁਰੂ ਸਾਹਿਬ ਨੇ ਸਿਖ ਪੰਥ ਦੀ ਸਿਰਜਣਾ ਇਸ ਤੋਂ ਕਿਤੇ ਵਡੇ ਨਿਸ਼ਾਨੇ ਨੂੰ ਮੁਖ ਰਖ ਕੇ ਕੀਤੀ ਹੈ। ਆਪ ਮੁਕਤੁ ਮੁਕਤੁ ਕਰੈ ਸੰਸਾਰ ਦੇ ਨਿਸ਼ਾਨੇ ਨੂੰ ਮੁਖ ਰਖ ਕੇ ਸਿਰਜੇ ਗਏ ਪੰਥ ਨੂੰ ਜਦੋਂ ਆਪਣੇ-ਆਪ ਨੂੰ ‘ਹਮ ਹਿੰਦੂ ਨਹੀਂ ਹੈਂ’ ਦੇ ਪ੍ਰਸੰਗ ਵਿਚੋਂ ਆਪਣੀ ਹੋਂਦ ਦਾ ਨਿਰਨਾ ਕਰਦਿਆਂ ਵੇਖੀਦਾ ਹੈ, ਤਾਂ ਇਹ ਬੜਾ ਮੰਦਭਾਗਾ ਜਾਪਦਾ ਹੈ। ਬੇਸ਼ਕ ਭਾਈ ਸਾਹਿਬ ਦੀ ਲਿਖਤ ਖੁਦ ਆਪਣੀ ਇਸ ਸੀਮਤਾਈ ਬਾਰੇ ਸੁਚੇਤ ਹੈ।
1898 ਵਿਚ ਛਪੇ ਇਸ ਲਿਖਤ ਦੇ ਪਹਿਲੇ ਐਡੀਸ਼ਨ ਦੇ ਮੁਖ ਸਫੇ ਉਤੇ ਗੁਰੂ ਗ੍ਰੰਥ ਸਾਹਿਬ ਦੀ ਇਹ ਤੁਕ ਛਪੀ ਹੈ — ਹਮਰਾ ਝਗਰਾ ਰਹਾ ਨ ਕੋਊ। ਪੰਡਿਤ ਮੁਲਾ ਛਾਡੇ ਦੋਊ। ਇਸਦੇ ਨਾਲ ਹੀ ਭਾਈ ਗੁਰਦਾਸ ਦੀ ਇਹ ਟੂਕ ਛਪੀ ਹੈ — ਕੀਤੋਸੁ ਅਪਣਾ ਪੰਥ ਨਿਰਾਲਾ। ਸਾਰੀ ਲਿਖਤ ਅੰਦਰ ਅਨੇਕ ਹਵਾਲੇ ਸਿਖੀ ਦੇ ਨਿਆਰੇਪਣ ਨੂੰ ਸਪਸ਼ਟ ਕਰਦੇ ਹਨ। 1. ਨਾ ਹਮ ਹਿੰਦੂ ਨ ਮੁਸਲਮਾਨ। (ਭੈਰਉ ਕਬੀਰ ਜੀ) 2. ਪੰਡਿਤ ਮੁਲਾਂ ਜੋ ਲਿਖ ਦੀਆ। ਛਾਡਿ ਚਲੇ ਹਮ ਕਛੂ ਨ ਲੀਆ। (ਭੈਰਉ ਕਬੀਰ ਜੀ) 3. ਭਾਈ ਮਨੀ ਸਿੰਘ ਜੀ ਗÝਾਨ ਰਤਨਾਵਲੀ ਵਿਚ ਲਿਖਦੇ ਹਨ — ਬਾਬੇ ਨੂੰ ਹਾਜੀਆਂ ਨੇ ਪੁਛਿਆ, ”ਹੇ ਫਕੀਰ! ਤੂੰ ਹਿੰਦੂ ਹੈ ਕਿ ਮੁਸਲਮਾਨ? ” ਤਾਂ ਬਾਬਾ ਬੋਲਿਆ, ”ਮੈਂ ਹਿੰਦੂ ਮੁਸਲਮਾਨ ਦੁਹਾਂ ਦਾ ਗਵਾਹ ਹਾਂ।” 4. ਖਾਲਸਾ ਹਿੰਦੂ ਮੁਸਲਮਾਨ ਕੀ ਕਾਣ ਕੋ ਮੇਟੇ। (ਰਹਿਤਨਾਮਾ ਭਾਈ ਦਯਾ ਸਿੰਘ) 5. ਸਿਧਾਂਤ ਗੁਰੂ ਸਾਹਿਬ ਦਾ ਇਹ ਹੈ ਕਿ ਜਿਸ ਦੇਸ ਦੇ ਲੋਕ ਅਖਲਾਕ ਤੋਂ ਡਿਗ ਕੇ ਖੁਸ਼ਾਮਦ, ਡਰ ਔਰ ਲਾਲਚ ਪਿਛੇ ਆਪਣਾ ਧਰਮ ਹਾਰ ਦੇਂਦੇ ਹਨ, ਉਹ ਮਹਾਂ ਅਧਰਮੀ ਔਰ ਕਮੀਨੇ ਸਮਝੇ ਜਾਂਦੇ ਹਨ।
ਏਨੀ ਸਪਸ਼ਟਤਾ ਦੇ ਬਾਵਜੂਦ 120 ਸਾਲ ਬਾਅਦ ਵੀ ਇਹ ਬਿਰਤਾਂਤ ਸਿਖ ਮਨਾਂ ਵਿਚ ਆਪਣੀ ਥਾਂ ਬਣਾਈ ਬੈਠਾ ਹੈ। ਬਲਕਿ ਜੂਨ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਹੋਏ ਫੌਜੀ ਹਮਲੇ ਨੇ ਇਸ ਬਿਰਤਾਂਤ ਨੂੰ ਸਿਖ ਮਨਾਂ ਵਿਚ ਹੋਰ ਵੀ ਗੂੜ੍ਹਾ ਕੀਤਾ ਹੈ। ਕਿਉਂਕਿ ਇਹ ਮੰਨ ਲਿਆ ਗਿਆ ਹੈ ਕਿ ਦਿਲੀ ਸਰਕਾਰ ਹਿੰਦੂਆਂ ਦੀ ਸਰਕਾਰ ਹੈ। ਫਿਰ ਜਿਵੇਂ ਧਰਮ ਯੁਧ ਮੋਰਚੇ ਨੂੰ ਹਿੰਦੂ-ਸਿਖ ਮਸਲਾ ਬਣਾ ਕੇ ਪੇਸ਼ ਕੀਤਾ ਗਿਆ, ਉਸ ਨੇ ਵੀ ਸਿਖ ਮਨਾਂ ਵਿਚ ਇਸ ਧਾਰਨਾ ਨੂੰ ਹੋਰ ਪੀਡਾ ਕੀਤਾ ਹੈ। ਇਸ ਧਾਰਨਾ ਨੇ ਪੰਜਾਬ ਦੇ ਦੋ ਭਾਈਚਾਰਿਆਂ ਦੇ ਮਨਾਂ ਵਿਚ ਦਰਾਰ ਪੈਦਾ ਕੀਤੀ ਹੈ ਅਤੇ ਤੀਜਾ ਭਾਈਚਾਰਾ ਸਾਰੇ ਦ੍ਰਿਸ਼ ਵਿਚੋਂ ਹੀ ਅਲੋਪ ਹੋ ਗਿਆ ਹੈ। ਸਿਖੀ ਵਿਰੋਧੀ ਧਿਰਾਂ ਨੂੰ ਇਹ ਦਰਾਰ ਰਾਜਸੀ ਤੌਰ ਉਤੇ ਬਹੁਤ ਰਾਸ ਆਉਂਦੀ ਹੈ। ਪਰ ਸਿਖ ਧਿਰਾਂ ਦੀ ਨਾ ਸਿਰਫ ਇਹ ਰਾਜਸੀ ਬਲਕਿ ਸਿਧਾਂਤਕ ਲੋੜ ਹੈ ਕਿ ਉਹ ਮੌਜੂਦਾ ਪ੍ਰਸੰਗ ਵਿਚ ਗੁਰਮਤਿ ਦੇ ਇਸ ਤੋਂ ਕਿਤੇ ਵਡੇਰੇ ਅਤੇ ਮੌਲਿਕ ਨਿਸ਼ਾਨੇ ਨੂੰ ਪ੍ਰਗਟ ਕਰਨ। ਗੁਰਮਤਿ ਦੇ ਵਡੇਰੇ ਤੇ ਮੌਲਿਕ ਨਿਸ਼ਾਨੇ ਨੂੰ ਪ੍ਰਗਟ ਕਰਕੇ ਹੀ ਸਿਖ ਪੰਜਾਬ ਨੂੰ ਕੋਈ ਨਵੀਂ ਰਾਜਸੀ ਦਿਸ਼ਾ ਦੇਣ ਦੇ ਯੋਗ ਹੋ ਸਕਦੇ ਹਨ।
ਗੁਰੂ ਨਾਨਕ ਸਾਹਿਬ ਦੇ ਸੁਲਤਾਨਪੁਰ ਲੋਧੀ ਵਿਖੇ ਵੇਈਂ ਵਿਚ ਟੁਭੀ ਲਾਉਣ ਦੇ ਸਮੇ ਨਾਲ ਇਕ ਸਾਖੀ ਜੁੜੀ ਹੋਈ ਹੈ। ਜਦੋਂ ਗੁਰੂ ਸਾਹਿਬ ਤਿੰਨ ਦਿਨ ਬਾਅਦ ਵੇਂਈ ਵਿਚੋਂ ਬਾਹਰ ਆਏ ਤਾਂ ਉਨ੍ਹਾਂ ਦੇ ਪਹਿਲੇ ਸ਼ਬਦ ਸਨ — ਨਾ ਕੋ ਹਿੰਦੂ ਨ ਮੁਸਲਮਾਨ। ਸਪਸ਼ਟ ਹੈ ਕਿ ਗੁਰੂ ਸਾਹਿਬ ਸਿਖੀ ਦੇ ਨਿਆਰੇਪਣ ਦਾ ਉਸ ਵੇਲੇ ਦੇ ਪ੍ਰਚਲਿਤ ਦੋਵੇਂ ਵਡੇ ਧਰਮਾਂ ਤੋਂ ਨਿਖੇੜਾ ਕਰ ਰਹੇ ਸਨ। ਇਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਉਹ ਦੋਵੇਂ ਧਰਮਾਂ ਦੀ ਹੋਂਦ ਤੋਂ ਇਨਕਾਰੀ ਨਹੀਂ ਸਨ, ਪਰ ਉਹ ਇਨ੍ਹਾਂ ਦੋਹਾਂ ਧਰਮਾਂ ਤੋ ਆਪਣੀ ਨਿਵੇਕਲੀ ਹੋਂਦ ਦਾ ਪ੍ਰਗਟਾਵਾ ਕਰ ਰਹੇ ਸਨ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ —
ਨਾ ਹਮ ਹਿੰਦੂ ਨ ਮੁਸਲਮਾਨ£ ਅਲਹ ਰਾਮ ਕੇ ਪਿੰਡ ਪਰਾਨ£ (ਪੰਨਾ 1136)
ਜਦੋਂ ਅਸੀਂ ਇਨ੍ਹਾਂ ਸ਼ਬਦਾਂ ਦੇ ਭਾਵਅਰਥਾਂ ਦੀ ਤਹਿ ਵਿਚ ਜਾਂਦੇ ਹਾਂ ਤਾਂ ਪਤਾ ਲਗਦਾ ਹੈ ਕਿ ਕਿਸੇ ਮਨੁਖੀ ਹੋਂਦ ਦੀ ਇਹ ਕਿੰਨੀ ਖੂਬਸੂਰਤ ਵਿਆਖਿਆ ਹੈ। ਭਾਵ ਨਾ ਅਸੀਂ ਹਿੰਦੂ ਹਾਂ ਅਤੇ ਨਾ ਹੀ ਅਸੀਂ ਮੁਸਲਮਾਨ ਹਾਂ ਪਰ ਸਾਡਾ ਇਹ ਸਰੀਰ ਤੇ ਜਿੰਦ ਸਾਨੂੰ ਅਲਹ ਰਾਮ ਨੇ ਦਿਤੀ ਹੈ। ਕਿਡਾ ਅਜਬ ਹੈ ਕਿ ਨਾ ਅਸੀਂ ਹਿੰਦੂ ਹਾਂ ਤੇ ਨਾ ਮੁਸਲਮਾਨ ਪਰ ਸਾਡੀ ਹੋਂਦ ਅਲਹ ਰਾਮ ਦੀ ਦੇਣ ਹੈ। ਅਲਹ ਮੁਸਲਮਾਨਾਂ ਲਈ ਅਤੇ ਰਾਮ ਹਿੰਦੂਆਂ ਲਈ ਸਰਬ-ਉਚ ਹਸਤੀ ਹੈ।
ਇਹ ਅਲਹ ਰਾਮ ਕੌਣ ਹੈ? ਇਸ ਦੀ ਵਿਆਖਿਆ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਵਿਚ ਕੀਤੀ ਗਈ ਹੈ —
ਕਾਰਨ ਕਰਨ ਕਰੀਮ। ਸਰਬ ਪ੍ਰਤਿਪਾਲ ਰਹੀਮ।
ਅਲਹ ਅਲਖ ਅਪਾਰ। ਖੁਦਿ ਖੁਦਾਇ ਵਡ ਬੇਸੁਮਾਰ। ੧।
… ਖਾਲਕੁ ਰਵਿ ਰਹਿਆ ਸਰਬ ਠਾਈ। ੧£ ਰਹਾਉ।
ਨਾਰਾਇਣ ਨਰਹਰ ਦਇਆਲ। ਰਮਤ ਰਾਮ ਘਟ ਘਟ ਆਧਾਰ।
ਕਹੁ ਨਾਨਕ ਗੁਰਿ ਖੋਏ ਭਰਮ? ਏਕੋ ਅਲਹੁ ਪਾਰਬ੍ਰਹਮ। (ਪੰਨਾ 896)
ਭਾਵ ਸਮੁਚੀ ਖਲਕਤ ਨੂੰ ਪੈਦਾ ਕਰਨ ਵਾਲਾ ਖਾਲਕ ਸਰਬਵਿਆਪਕ ਹੈ। ਉਹ ਸਭ ਥਾਂ ਰਮ ਰਿਹਾ ਹੈ। ਓਹੀ ਕਾਰਨ ਭਾਵ ਕਰਨ ਵਾਲਾ ਹੈ। ਓਹੀ ਬਖਸ਼ਿੰਦ ਹੈ। ਓਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਤੇ ਸਾਰਿਆਂ ਉਤੇ ਰਹਿਮਤਾਂ ਕਰਨ ਵਾਲਾ ਹੈ। ਇਹ ਅਲਹ ਦੇ ਰੂਪ ਵਿਚ ਅਪਹੁੰਚ ਅਤੇ ਬੇਅੰਤ ਹੈ। ਇਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਗੁਰੂ ਸਾਹਿਬ ਬਚਨ ਕਰਦੇ ਹਨ ਕਿ ਗੁਰੂ ਨੇ ਮੇਰੇ ਮਨ ਦੇ ਸਾਰੇ ਭਰਮ ਦੂਰ ਕਰ ਦਿਤੇ ਹਨ ਅਤੇ ਮੈਨੂੰ ਹੁਣ ਪਤਾ ਲਗਾ ਹੈ ਕਿ ਇਹ ਸਰਬ ਵਿਆਪਕ ਏਕੋ ਹੀ ਅਲਹ ਅਤੇ ਇਹ ਏਕੋ ਹੀ ਪਾਰਬ੍ਰਹਮ ਹੈ। ਭਾਵ ਹਿੰਦੂ ਫਿਲਾਸਫੀ ਅਤੇ ਇਸਲਾਮੀ ਫਿਲਾਸਫੀ ਵਿਚਲੀ ਰਬੀ ਹਸਤੀ ਇਕੋ ਹੀ ਹੈ। ਇਸ ਸਬਦੁ ਦੀ ਖੂਬਸੂਰਤੀ ਇਹ ਹੈ ਕਿ ਇਸ ਵਿਚ ਗੁਰੂ ਸਾਹਿਬ ਨੇ ਹਿੰਦੂ ਤੇ ਇਸਲਾਮੀ ਫਲਸਫੇ ਵਿਚ ਰਬੀ ਹਸਤੀ ਬਾਰੇ ਆਮ ਵਰਤੇ ਜਾਂਦੇ ਨਾਵਾਂ ਰਾਹੀਂ ਕੁਦਰਤ ਵਿਚੋਂ ਸ਼ਨਾਖਤ ਕੀਤੇ ਜਾਣ ਵਾਲੇ ਦਾਤਾਰ ਭਾਵ ਸਰਬ ਵਿਆਪਕ ‘ਏਕੋ’ (ਦਾਤਾ-ਕਰਤਾ) ਦੀ ਬੜੀ ਖੂਬਸੂਰਤ ਵਿਆਖਿਆ ਕੀਤੀ ਹੈ। ਇਹੀ ਏਕੋ ਰਮਤ ਰਾਮ ਭਾਵ ਸਭ ਥਾਂ ਰਮਿਆ ਹੋਇਆ ਰਾਮ ਹੈ, ਜਿਹੜਾ ਸਾਰਿਆਂ ਜੀਆਂ ਦਾ ਆਧਾਰ ਹੈ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ। ੧। (ਪੰਨਾ 1349)
ਕਹੁ ਨਾਨਕ ਜਿਨਿ ਹੁਕਮੁ ਪਛਾਤਾ। ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ। (ਪੰਨਾ 885)
ਅਲਹ ਸਰਬਉਚ ਹੈ। ਜਿਸ ਨੇ ਨੂਰ ਭਾਵ ਜ਼ਿੰਦਗੀ ਦੀ ਰੌਂਅ ਪੈਦਾ ਕੀਤੀ ਹੈ। ਸਾਰੇ ਮਨੁਖ ਕੁਦਰਤ ਦੀ ਉਪਜ ਹਨ। ਜਦੋਂ ਸਾਰੇ ਮਨੁਖ ਇਕ ਹੀ ਨੂਰ ਤੋਂ ਪੈਦਾ ਹੋਏ ਹਨ ਤਾਂ ਫਿਰ ਕਿਸੇ ਦੇ ਚੰਗੇ-ਮੰਦੇ ਹੋਣ ਦਾ ਭਰਮ ਕਿਉਂ ਕੀਤਾ ਜਾਏ। ਗੁਰਮਤਿ ਅਡ-ਅਡ ਧਰਮਾਂ ਦੇ ਪੈਰੋਕਾਰਾਂ ਦੇ ਵਖਰੇਵੇਂ ਨੂੰ ਨਫਰਤ ਨਹੀਂ ਕਰਦੀ (ਨ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ£ ਪੰਨਾ 1299), ਬਲਕਿ ਇਨ੍ਹਾਂ ਸਾਰਿਆਂ ਦੀ ਏਕਤਾ ਦੇ ਇਸ ਤੋਂ ਵਡੇ ਆਧਾਰ ਭਾਵ ਹੁਕਮ ਅਨੁਸਾਰ ਜਿੰਦਗੀ ਜਿਉਣ ਦੇ ਆਤਿਮਕ ਗਿਆਨ ਦੀ ਜਾਣਕਾਰੀ ਦੇਂਦੀ ਹੈ। ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ£ (ਪੰਨਾ 1) ਇਸ ਲਈ ਸਿਖ ਚਿੰਤਕਾਂ ਨੂੰ ‘ਹਮ ਹਿੰਦੂ ਨਹੀਂ ਹੈਂ ਦੇ ਬਿਰਤਾਂਤ ਵਿਚੋਂ ਬਾਹਰ ਨਿਕਲ ਕੇ ਗੁਰਮਤਿ ਦੇ ਇਸ ਤੋਂ ਕਿਤੇ ਵਡੇਰੇ ਬਿਰਤਾਂਤ ਨੂੰ ਸਪਸ਼ਟ ਕਰਨ ਦੀ ਲੋੜ ਹੈ।
ਪੁਛਿਆ ਜਾ ਸਕਦਾ ਹੈ ਕਿ ਸਿਖਾਂ ਨੂੰ ਇਹ ਬਿਰਤਾਂਤ ਬਦਲਣ ਦੀ ਹੁਣ ਹੀ ਕਿਉਂ ਲੋੜ ਆਣ ਪਈ ਹੈ। ਇਸ ਦਾ ਕਾਰਨ ਦਿਲੀ ਵਿਚ ਮੋਦੀ ਸਰਕਾਰ ਦਾ ਬਣਨਾ ਹੈ। ਦੁਨੀਆ ਭਰ ਦੇ ਸਿਆਣੇ ਲੋਕਾਂ ਨੂੰ ਪਤਾ ਹੈ ਕਿ ਮੋਦੀ ਸਰਕਾਰ ‘ਹਿੰਦੂ ਰਾਸ਼ਟਰਵਾਦ’ ਦੇ ਜਾਅਲੀ ਨਾਹਰੇ ਹੇਠ ਦੇਸ ਭਰ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਹੋਂਦ ਵਿਚ ਆਈ ਹੈ। ਹਿੰਦੂ ਰਾਸ਼ਟਰਵਾਦ ਦੇ ਸੰਕਲਪ ਦਾ ਕੋਈ ਇਤਿਹਾਸਕ ਆਧਾਰ ਨਹੀਂ ਹੈ ਤੇ ਜਿਸ ਸੰਕਲਪ ਦਾ ਕੋਈ ਇਤਿਹਾਸਕ ਆਧਾਰ ਨਾ ਹੋਵੇ, ਉਸਦਾ ਅੰਤ ਯਕੀਨੀ ਹੈ। ਹਿੰਦੂ ਰਾਸ਼ਟਰਵਾਦ ਦਾ ਇਤਿਹਾਸ ਸਿਰਫ ਸੌ ਸਾਲ ਪੁਰਾਣਾ ਹੈ, ਜਦੋਂ ਕਿ ਹਿੰਦੂ ਇਸ ਦੇਸ ਵਿਚ ਹਜਾਰਾਂ ਸਾਲਾਂ ਤੋਂ ਰਹਿੰਦੇ ਆ ਰਹੇ ਹਨ। ਹਿੰਦੂ ਸ਼ਬਦ ਵੀ ਮਹਿਜ 6-7 ਸੌ ਸਾਲ ਪੁਰਾਣਾ ਹੈ। ਇਹ ਨਾਂ ਵੀ ਇਸ ਦੇਸ ਦੇ ਲੋਕਾਂ ਨੂੰ ਮੁਸਲਮਾਨਾਂ ਨੇ ਦਿਤਾ ਹੈ। ਹਿੰਦੂ ਰਾਸ਼ਟਰਵਾਦ ਦਾ ਸੰਕਲਪ 18-19 ਵੀਂ ਸਦੀ ਵਿਚ ਪਛਮ ਵਿਚ ਪੈਦਾ ਹੋਏ ਕੌਮਵਾਦ ਤੇ 20ਵੀਂ ਸਦੀ ਵਿਚ ਦੂਜੀ ਸੰਸਾਰ ਸਾਮਰਾਜੀ ਜੰਗ ਤੋਂ ਪਹਿਲਾਂ ਜਰਮਨੀ ਵਿਚ ਪੈਦਾ ਹੋਏ ਹਿਟਲਰਵਾਦ ਦਾ ਮਿਲਗੋਭਾ ਹੈ। ਜਿਵੇਂ ਹਿਟਲਰ ਨੇ ਪੂੰਜੀਵਾਦੀ ਆਰਥਿਕ ਸੰਕਟ ਦੀ ਮਾਰ ਹੇਠ ਆਏ ਜਰਮਨ ਲੋਕਾਂ ਨੂੰ ਸੰਕਟ ਦੇ ਅਸਲ ਕਾਰਨ ਦਸਣ ਦੀ ਬਜਾਇ, ਉਨ੍ਹਾਂ ਨੂੰ ਯਹੂਦੀ ਭਾਈਚਾਰੇ ਵਿਰੁਧ ਲਾਮਬੰਦ ਕਰਕੇ ਸਾਮਰਾਜੀ ਜੰਗ ਦੀ ਭੇਟ ਚੜ੍ਹਾਇਆ ਸੀ, ਐਨ ਉਸੇ ਤਰ੍ਹਾਂ ਤੇ ਉਸ ਤੋਂ ਵੀ ਕਿਤੇ ਵਡੇ ਆਰਥਿਕ ਤੇ ਪ੍ਰਬੰਧਕੀ ਸੰਕਟ ਦੀ ਮਾਰ ਝਲ ਰਹੇ ਮੋਦੀ ਨੇ ਦੇਸ ਦੇ ਲੋਕਾਂ ਨੂੰ ਮੁਸਲਮਾਨਾਂ ਵਿਰੁਧ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ। ਜੇ ਇੰਦਰਾ ਗਾਂਧੀ ਦਾ ਹਿੰਦੂ ਰਾਸ਼ਟਰਵਾਦ ਸਿਖਾਂ ਵਿਰੁਧ ਸੇਧਤ ਸੀ ਤਾਂ ਨਰਿੰਦਰ ਮੋਦੀ ਨੇ ਇਸਦੀ ਧਾਰ ਮੁਸਲਮਾਨਾਂ ਵਿਰੁਧ ਸੇਧਤ ਕਰ ਦਿਤੀ ਹੈ। ਹਿਟਲਰ ਦਾ ਜੋ ਹਸ਼ਰ ਹੋਇਆ, ਉਹ ਦੁਨੀਆ ਜਾਣਦੀ ਹੈ। ਮੋਦੀ ਦਾ ਹਸ਼ਰ ਵੀ ਕੋਈ ਉਸ ਤੋਂ ਵਖਰਾ ਨਹੀਂ ਹੋਣਾ। ਪਰ ਇਸ ਹਸ਼ਰ ਤਕ ਪਹੁੰਚਣ ਲਈ ਇਸ ਦੇਸ ਦੇ ਲੋਕਾਂ ਨੂੰ ਕਿੰਨੀ ਕੁ ਵਡੀ ਕੀਮਤ ਤਾਰਨੀ ਪੈਣੀ ਹੈ, ਇਹ ਸੋਚ ਕੇ ਬੰਦਾ ਕੰਬ ਜਾਂਦਾ ਹੈ।
ਕਹਿਣ ਨੂੰ ਭਾਵੇਂ ਇਹ ਗੱਲ ਵਧਵੀਂ ਲਗੇ ਪਰ ਸਚਾਈ ਇਹ ਹੈ ਕਿ ਸਿਖ ਇਸ ਕੀਮਤ ਨੂੰ ਘਟਾ ਸਕਦੇ ਹਨ। ਸਿਖਾਂ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਇਕ ਅਜਿਹਾ ਸਿਧਾਂਤ ਹੈ, ਜਿਹੜਾ ਵੈਦਿਕ ਫਿਲਾਸਫੀ ਤੇ ਇਸਲਾਮ ਵਿਚਕਾਰ ਪੁਲ ਦਾ ਕੰਮ ਕਰ ਸਕਦਾ ਹੈ। ਇਸੇ ਕਰਕੇ ਗੁਰੂ ਸਾਹਿਬ ਸਿਖੀ ਨੂੰ ਦੋਹਾਂ ਧਰਮਾਂ ਤੋ ਨਿਆਰਾ ਤੇ ਦੋਹਾਂ ਧਰਮਾਂ ਵਿਚਲੀ ਕਾਣ ਮੇਟਣ ਵਾਲੇ ਧਰਮ ਵਜੋਂ ਪੇਸ਼ ਕਰਦੇ ਰਹੇ ਹਨ। ਇਹ ਇਕ ਵਖਰੀ ਲਿਖਤ ਦਾ ਮਸਲਾ ਹੈ ਕਿ ਪਛਮ ਵਿਚ ਧਰਮ ਬਾਰੇ ਵਰਤੇ ਜਾਂਦੇ ਸ਼ਬਦ ਰਿਲੀਜਨ ਤੇ ਪੂਰਬ ਵਿਚਲੇ ਸ਼ਬਦ ਧਰਮ ਦੇ ਸੰਕਲਪ ਵਖੋ-ਵਖਰੇ ਹਨ ਅਤੇ ਵੈਦਿਕ ਫਿਲਾਸਫੀ ਤੇ ਬੁਧ ਮਤਿ ਵਿਚ ਵਰਤੇ ਗਏ ਧਰਮ ਸ਼ਬਦ ਦੇ ਸੰਕਲਪ ਦੀ ਸਭ ਤੋਂ ਸਪਸ਼ਟ ਵਿਆਖਿਆ ਗੁਰਮਤਿ ਨੇ ਕੀਤੀ ਹੈ। ਧਰਮ ਦਾ ਇਹੀ ਸੰਕਲਪ ਹਿੰਦੂਆਂ ਮੁਸਲਮਾਨਾਂ ਸਮੇਤ ਪੰਜਾਬ ਦੇ ਸਾਰੇ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਸਕਦਾ ਹੈ। ਸਿਖਾਂ ਨੂੰ ਆਪਣੀ ਇਸ ਵਡੀ ਜਿੰਮੇਵਾਰੀ ਨੂੰ ਸਮਝਣ ਦੀ ਲੋੜ ਹੈ।

Leave a Reply

Your email address will not be published. Required fields are marked *